ਹਰਫੂਲ ਸਿੰਘ ਭੁੱਲਰ
(ਸਮਾਜ ਵੀਕਲੀ) ਜੀਵਨ ਸਫ਼ਰ ਵਿੱਚੋਂ ਵਿਚਰਦਿਆਂ ਸਾਨੂੰ ਅਨੇਕਾਂ ਤਰ੍ਹਾਂ ਦੇ ਵੱਖ ਵੱਖ ਅਨੁਭਵਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਸਫ਼ਰ ਦੌਰਾਨ ਸਾਨੂੰ ਅਨੇਕਾਂ ਤਰ੍ਹਾਂ ਦੇ ਖੱਟੇ-ਮਿੱਠੇ-ਕੌੜੇ ਤਜੁਰਬੇ ਹੁੰਦੇ ਹਨ। ਜਿਨ੍ਹਾਂ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਲਈ ਵੀ ਮਿਲਦਾ ਹੈ, ਜੇਕਰ ਅਸੀਂ ਸਿੱਖਣਾ ਚਾਹੀਏ ਤਾਂ, ਸਿਰਫ਼ ਚੰਗੇ ਤਜੁਰਬੇ ਹੀ ਸਾਨੂੰ ਜੀਵਨ ਵਿੱਚ ਅੱਗੇ ਵਧਣ ਲਈ ਸਹਾਈ ਨਹੀਂ ਹੁੰਦੇ, ਸਗੋਂ ਮਾੜੇ ਤਜੁਰਬੇ ਵੀ ਬਹੁਤ ਕੁਝ ਸਿਖਾ ਕੇ ਜਾਂਦੇ ਹਨ। ਅਨੇਕਾਂ ਵਾਰ ਜਦੋਂ ਸਾਨੂੰ ਕੋਈ ਮਾੜਾ ਤਜੁਰਬਾ ਹੁੰਦਾ ਹੈ ਜਾਂ ਸਾਡੇ ਜੀਵਨ ਵਿੱਚ ਕੁਝ ਮਾੜਾ ਵਾਪਰਦਾ ਹੈ ਤਾਂ ਅਸੀਂ ਪ੍ਰੇਸ਼ਾਨੀ ਮਹਿਸੂਸ ਕਰਦੇ ਹਾਂ, ਸਾਨੂੰ ਉਸ ਸਥਿਤੀ ਵਿੱਚੋਂ ਨਿਕਲਣ ਲਈ ਰਾਹ ਨਹੀਂ ਲੱਭਦਾ। ਅਸੀਂ ਖੁਦ ਨੂੰ ਫਸੇ ਹੋਏ ਮਹਿਸੂਸ ਕਰਦੇ ਹਾਂ। ਅਜਿਹੇ ਹਾਲਾਤਾਂ ਲਈ ਅਸੀਂ ਆਪਣੇ ਆਪ ਨੂੰ ਦੋਸ਼ੀ ਮੰਨਦੇ ਹਾਂ ਤੇ ਬਹੁਤ ਵਾਰ ਦੂਜਿਆਂ ਨੂੰ ਦੋਸ਼ੀ ਮੰਨ ਕੇ ਆਪਣਾ ਮਨ ਖੁਸ਼ ਕਰ ਲੈਂਦੇ ਹਾਂ।
ਪਰ ਜੇਕਰ ਅਸੀਂ ਸਥਿਰਤਾ ਨਾਲ ਆਪਣੀ ਅਕਲ ਵਾਲਾ GPS ਵਰਤ ਲਈਏ ਤਾਂ ਸਾਡੇ ਬਹੁਤ ਸਾਰੇ ਮਸਲੇ ਜਲਦੀ ਹੱਲ ਹੋ ਸਕਦੇ ਹਨ। ਅੱਜ ਕੱਲ੍ਹ ਜਿਸ ਤਰ੍ਹਾਂ ਕਿਸੇ ਮੰਜਿਲ ਤੇ ਪਹੁੰਚਣ ਲਈ ਅਸੀਂ GPS ਦੀ ਵਰਤੋਂ ਕਰਦੇ ਹੋਏ ਉਸ ਵਿੱਚ ਸਬੰਧਤ ਪਤਾ ਭਰਦੇ ਹਾਂ, ਪਰ ਫਿਰ ਵੀ ਕਈ ਵਾਰ ਆਪਾਂ ਆਪਣੀ ਬੇ-ਧਿਆਨੀ ਕਾਰਨ ਕੋਈ ਮੋੜ ਕੱਟਣਾ ਭੁੱਲ ਜਾਂਦੇ ਹਾਂ ਜਾਂ ਰਸਤੇ ਵਿੱਚ ਕੋਈ ਰੁਕਾਵਟ ਆ ਜਾਂਦੀ ਹੈ ਤਾਂ GPS ਆਪਣੇ ਆਪ ਨੂੰ ਜਾਂ ਸਾਨੂੰ ਕੋਈ ਦੋਸ਼ ਨਹੀਂ ਦਿੰਦਾ ਤੇ ਨਾ ਹੀ ਗ਼ੁੱਸੇ ਹੁੰਦਾ ਹੈ ਕਿ ਤੁਸੀਂ ਭਰੇ ਪਤੇ ਤੇ ਗੌਰ ਨਹੀਂ ਫ਼ੁਰਮਾਇਆ ਜਾਂ ਮੋੜ ਗ਼ਲਤ ਕੱਟ ਲਿਆ ਜਾਂ ਮੋੜ ਗ਼ਲਤ ਕਰ ਦਿੱਤਾ। ਜਦੋਂ ਹੀ ਅਸੀਂ ਕੋਈ ਟਰਨ ਗ਼ਲਤ ਲਈ ਜਾਂ ਭੁੱਲ ਕਰ ਦਿੱਤੀ ਜਾਂ ਸਾਹਮਣੇ ਕੋਈ ਰੁਕਾਵਟ ਆ ਗਈ ਤਾਂ GPS ਬਿਨਾਂ ਕਿਸੇ ਦੇਰੀ ਦੇ ਨਵਾਂ ਰਸਤਾ ਲੱਭ ਕੇ ਸਾਨੂੰ ਅਗਾਂਹ ਦਿਸ਼ਾ ਸੂਚਕ ਦੇਣਾ ਸ਼ੁਰੂ ਕਰ ਦਿੰਦਾ ਹੈ। ਉਹ ਇੱਕ ਦਮ ਸਾਨੂੰ ਖੱਬੇ, ਸੱਜੇ, ਅੱਗੇ ਜਾਂ ਪਿੱਛੇ ਮੁੜਨ ਦਾ ਨਿਰਦੇਸ਼ ਦਿੰਦਾ ਹੈ।
ਮੈਨੂੰ ਕਦੇ ਕਦੇ ਲੱਗਦਾ ਕਿਉਂ ਨਾ ਆਪਾਂ ਵੀ ਹੁਣ ਆਪਣੇ ਆਪ ਨੂੰ GPS ਵਾਂਗ ਤਿਆਰ ਕਰੀਏ, ਕੁਝ ਗ਼ਲਤ ਹੋਣ ਤੇ ਦੂਜਿਆਂ ਵਿੱਚ ਦੋਸ਼ ਲੱਭਣ ਜਾਂ ਢੇਰੀ ਢਾਹ ਕੇ ਬੈਠਣ ਨਾਲ਼ੋਂ ਉਸ ਵਿੱਚੋਂ ਨਿਕਲਣ ਲਈ ਸਾਰਥਿਕ ਵਿਚਾਰਾਂ ਕਰੀਏ। ਜੋ ਕੁਝ ਜੀਵਨ ਵਿੱਚ ਵਾਪਰ ਜਾਂਦਾ ਹੈ, ਉਸਨੂੰ ਭਾਣਾ ਮੰਨ ਸਵੀਕਾਰ ਕਰ ਲਈਏ ਕਿ ਜੋ ਹੋਣਾ ਸੀ ਹੋ ਗਿਆ। ਹੁਣ ਉਸ ਸਥਿਤੀ ਵਿੱਚੋਂ ਨਿਕਲਣ ਲਈ ਢੁਕਵਾਂ ਕੀ ਕੀਤਾ ਜਾ ਸਕਦਾ ਹੈ? ਜੋ ਕਰੀਏ ਉਹ ਪੂਰੀ ਇਮਾਨਦਾਰੀ ਨਾਲ ਕਰੀਏ, ਖੁਸ਼ਹਾਲ ਜੀਵਨ ਵੱਲ ਇੱਕ ਨਹੀਂ ਅਨੇਕਾਂ ਹੀ ਰਸਤੇ ਨਿਕਲਦੇ ਹਨ, ਲੱਭਣੇ ਅਸੀਂ ਖੁਦ ਆਪਣੀ ਵਿਵੇਕ ਸਮਝ ਜਰੀਏ ਹਨ।
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly