ਸ਼ੁਭ ਸਵੇਰ ਦੋਸਤੋ

ਹਰਫੂਲ ਸਿੰਘ ਭੁੱਲਰ

(ਸਮਾਜ ਵੀਕਲੀ) ਅਸੀਂ ਕੋਈ ਪਹਿਲੇ ਨਹੀਂ ਹਾਂ ਜਿਨ੍ਹਾਂ ਤੇ ਦੁੱਖਾਂ ਦੇ ਪ੍ਰਛਾਵੇ ਪਏ ਨੇ, ਇਨ੍ਹਾਂ ਹਾਲਾਤਾਂ ਚੋ ਹੋ ਹੋ ਬਹੁਤ ਦੁਨੀਆਂ ਤੁਰ ਗਈ, ਕੁਦਰਤ ਦੀਆਂ ਖੇਡਾਂ ਨੂੰ ਨਾ ਤੂੰ, ਨਾ ਮੈਂ, ਨਾਹੀਂ ਦੁਨੀਆਂ ਜਾਣਦੀ ਹੈ। ਕੁਦਰਤ ਦੀ ਹਰ ਸ਼ੈਅ ਇੱਕ ਦੂਜੇ ਦੀ ਪੂਰਕ ਹੈ, ਕੁਦਰਤ ਨੇ ਬਣਤਰ ਹੀ ਇਸ ਤਰ੍ਹਾਂ ਬਣਾਈ ਹੈ। ਧਰਤੀ ਦੇ ਸਾਰੇ ਤੱਤ ਕਿਸੇ ਨਾ ਕਿਸੇ ਰੂਪ ਵਿੱਚ ਹਰੇਕ ਸ਼ੈਅ ਵਿੱਚ ਮੌਜੂਦ ਹਨ। ਇਹ ਲੋੜ ਮੁਤਾਬਿਕ ਇੱਕ ਦੂਜੇ ਕੋਲ ਆਦਾਨ ਪ੍ਰਦਾਨ ਹੁੰਦੇ ਰਹਿੰਦੇ ਹਨ। ਸਾਡੇ ਸਰੀਰ ਦੇ ਵੀ ਲੱਖਾਂ ਸੈੱਲ ਹਰ ਰੋਜ਼ ਮਰਦੇ ਤੇ ਨਵੇਂ ਬਣਦੇ ਨੇ, ਇਹ ਇੱਕ ਕੁਦਰਤੀ ਵਰਤਾਰਾ ਹੈ। ਪਰ ਇੱਥੇ ਗੱਲ ਸਾਡੇ ਮਨ ਦੀ ਸਥਿਤੀ ਦੀ ਹੈ। ਅਸੀਂ ਇਸਨੂੰ ਕਿਸ ਰੂਪ ਵਿੱਚ ਵਰਤਦੇ ਹਾਂ।ਕੁਦਰਤ ਨੇ ਧਰਤੀ ‘ਤੇ ਹਰੇਕ ਚੀਜ਼ ਦੀ ਸਮਾਂ ਸੀਮਾ ਤੈਅ ਕੀਤੀ ਆ। ਹੁਣ ਨਿਰਭਰ ਸਾਡੇ ‘ਤੇ ਆ ਕਿ ਅਸੀਂ ਇਸਨੂੰ ਕਿਵੇਂ ਸਮਝਦੇ ਹਾਂ। ਸੋ ਮਨਾ ਭਰੇ ਖ਼ਜ਼ਾਨੇ ਸਾਹਿਬ ਦੇ ਤੂੰ ਨੀਵਾਂ ਹੋ ਕੇ ਲੁੱਟ… ਜਿਉਣ ਜੋਗੀਏ ਆਪਾਂ ਸੰਸਾਰ ਦੇ ਅਮੀਰ ਪਤੀ ਪਤਨੀ ਤਾਂ ਨਹੀਂ ਪਰ ਕੁਦਰਤ ਦੇ ਭਾਣੇ ਵਿਚ ਰਹਿਕੇ ਖੁਦ ਨੂੰ ਸਭ ਤੋਂ ਖੁਸ਼ਹਾਲ ਮਹਿਸੂਸ ਕਰਦੇ ਹਾਂ। ਏਥੇ ਰੌਂਦਿਆਂ ਨਾਲ ਕੋਈ ਨਹੀਂ ਖੜ੍ਹਦਾ ਇੱਕ ਗੱਲ ਹੋਰ ਰੋ ਰੋ ਕੇ ਕਿਹੜਾ ਦੁੱਖ ਦੂਰ ਹੋ ਜਾਂਦੇ ਆ ਇਸ ਤੋਂ ਚੰਗਾ ਰਲਮਿਲ ਹੱਸ ਕੇ ਕੱਟ ਲਈਏ ਕੁਦਰਤ ਦੇ ਦਿੱਤੇ ਦਰਦਾਂ ਨੂੰ, ਆਪਾਂ ਨੂੰ ਪਤਾ ਅਸੀਂ ਕਿਵੇਂ ਜ਼ਿੰਦਗੀ ਨੂੰ ਵਿਉਂਤਿਆ ਹੋਇਆ ਹੈ, ਜੇਕਰ ਉਦਾਸੇ ਮੌਸਮ ਵਿੱਚ ਆਪਾਂ ਛੋਟੀਆਂ-ਛੋਟੀਆਂ ਖੁਸ਼ੀਆਂ ਨਾਲੋਂ ਨਾਤਾ ਤੋੜ ਲਿਆ ਤਾਂ ਖੁਦ ਮੰਜੇ ਤੇ ਪੈ ਜਾਵਾਂਗੇ, ਫਿਰ ਕਿਹੜਾ ਕਿਸੇ ਹੋਰ ਨੇ ਆ ਕੇ ਬਾਂਹ ਫੜਨੀ ਐ, ਦੁਨੀਆਂ ਸਿਰਫ਼ ਹੱਸਦੇ ਚਿਹਰਿਆਂ ਦਾ ਮੁੱਲ ਪਾਉਂਦੀ ਹੈ, ਚੁੱਕੀਆਂ ਜ਼ਿੰਮੇਵਾਰੀਆਂ ਨਹੀਂ ਵੇਂਹਦੀ ਹੁੰਦੀ। ਆਪਣੇ ਕਰਮਾਂ ਦਾ ਭੋਗ ਕੇ ਅਸੀਂ ਵੀ ਕਦੇ ਸਵਾਅ ਹੋ ਜਾਣਾ ਹੈ। ਜੀਵਨ ਦੇ ਸੇਕ ਨਾਲ ਜਿਹੜੇ ਪਤੀ-ਪਤਨੀ ਪਿਘਲ ਕੇ ਦੋ ਤੋਂ ਇੱਕ ਹੋ ਜਾਣ, ਦੁੱਧ ਚ ਪਤਾਸੇ ਵਾਗੂੰ ਘੁਲ ਗਿਆ ਵਿਚੋਂ ਉਪਜੀ ਸੁਖਾਵੀਂ ਸੇਜ-ਸੰਤੁਸ਼ਟੀ, ਮੀਆਂ ਬੀਵੀ ਦੇ ਸਬੰਧਾਂ ਨੂੰ ਨਿੱਗਰ ਨੀਂਹ ਪ੍ਰਦਾਨ ਕਰਦੀ ਹੈ, ਹਰ ਉਮਰ ਦੇ ਸਵਾਦ ਅਕਲਾਂ ਵਾਲੇ ਲੈਂਦੇ ਹਨ, ਸਵਾਦਾਂ ਨਾਲ ਅਕਲ ਦੀ ਸੂਈ ਹੋਰ ਤਿੱਖੀ ਹੁੰਦੀ ਹੈ ਜੋ ਜ਼ਿਆਦਾਤਰ ਨੇੜੇ-ਤੇੜੇ ਵਾਲਿਆਂ ਦੇ ਜ਼ਿਆਦਾ ਚੁੰਬਦੀ ਹੈ। ਕੁਦਰਤ ਦੀ ਕੀਤੀ ਤਿੱਖੀ ਬੁੱਧੀ ਵਰਗਾ ਸੋਹਣਾ ਕੋਈ ਗਹਿਣਾ ਨਹੀਂ ਹੁੰਦਾ ਪਰ ਮਿਲਦਾ ਇਹ ਕੁੰਦਨ ਬਣੇ ਸਰੀਰਾਂ ਨੂੰ ਹੈ। ਇਵੇਂ ਕਿਉਂ ਵਾਪਰ ਗਿਆ..? ਸੋਚਣ ਨਾਲੋਂ ਜਰਿਆ ਚੰਗਾ ਕਿਉਂਕਿ ਟੁੱਟੀਆਂ ਚੀਜ਼ਾਂ ਰੱਖਣ ਲਈ ਜ਼ਿੰਦਗੀ ਵਿਚ ਕਿੱਥਰੇ ਵੀ ਕੋਈ ਥਾਂ ਨਹੀਂ ਲੱਭਦੀ! ਮਨਾ ਤੇ ਜੰਮੀ ਕਾਲਖ਼ ਨੂੰ ਸਾਫ਼ ਕਰਕੇ, ਜੀਵਨ ਪ੍ਰਵਾਹ ਨੂੰ ਤਿੱਖਾ, ਤੇਜ਼ ਤੇ ਜੋਸ਼ੀਲਾ ਕਰੀਏ ਤਾਂ ਸਾਰੀਆਂ ਰੁਕਾਵਟਾਂ ਦੇ ਕੱਦ ਤੇ ਕਿਰਦਾਰ ਸਾਨੂੰ ਸਾਥੋਂ ਨੀਵੇਂ ਪ੍ਰਤੀਤ ਹੋਣਗੇ। ਮੁਕਦੀ ਗੱਲ ਇਹ ਹੈ ਕਿ ਜੇਕਰ ਜੀਵਨ ਭਰ ਖੁਸ਼ ਰਹਿਣਾ ਹੈ ਤਾਂ ਪਹਿਲਾਂ ਆਪਣੇ ਦਿਲ ਦੀ ਸੁਣੀਏ, ਫਿਰ ਦਿਮਾਗ਼ ਦੀ, ਫਿਰ ਕਰੋ ਓਹ ਜੋ ਜ਼ਮੀਰ ਕਹਿੰਦੀ ਹੈ..! ਏਹੋ ਤਮੰਨਾ ਹੈ ਕਿ ਅਸੀਂ ਹਰ ਉੱਗਦੇ ਬੀਜ ਨੂੰ ਖਿੜਦੇ ਗੁਲਾਬ ਤੱਕ ਵੇਖੀਏ…
ਸਾਡਾ ਮਨੁੱਖੀ ਜੀਵਨ ਨਿਯਮਾਂ, ਸਿਧਾਤਾਂ ਜਾਂ ਅਸੂਲਾਂ ਅਨੁਸਾਰ ਨਹੀਂ, ਪ੍ਰਸਥਿਤੀਆਂ ਅਨੁਸਾਰ ਚਲਦਾ ਹੈ। ਪ੍ਰੀਵਾਰਿਕ ਪ੍ਰਸਥਿਤੀਆਂ ਨੂੰ ਸਮਝਣਾ ਮੀਆਂ ਬੀਵੀ ਦਾ ਸਭ ਤੋਂ ਵੱਡਾ ਗੁਣ ਹੁੰਦਾ ਹੈ। ਸੁਚਿਆਰੀਆਂ ਔਰਤਾਂ ਪੰਜ ਗੁਣਾਂ ਦੀਆਂ ਧਾਰਨੀ ਹੁੰਦੀਆਂ ਹਨ… ਪਤਨੀ ਮਤਲਬ ‘ਪਤੀਵਰਤਾ ਨਾਰੀ’, ਮੈਤ੍ਰੀ ਮਤਲਬ ‘ਮਿੱਤਰਤਾ ਵਾਲ਼ਾ ਸੁਭਾਅ’, ਮੁਦਤਾ ਮਤਲਬ ‘ਪ੍ਰਸੰਨਚਿੱਤ’,  ਕਰੁਣਾ ਮਤਲਬ ‘ਦਇਆ ਧਾਰਨੀ’, ਉਪੇਖਿਆ ਮਤਲਬ ‘ਤਿਆਗ ਦੀ ਮੂਰਤ’। ਸਾਡੇ ਅੰਦਰ ਸੋਹਣੀ ਆਤਮਾ ਦਾ ਹੋਣਾ ਹੀ ਸਾਡੀ ਇਨਸਾਨੀ ਮਿੱਟੀ ਦੇ ਵਜ਼ੂਦ ਨੂੰ ਪਿਆਰਾ, ਨਿਆਰਾ ਤੇ ਵਿਲੱਖਣ ਰੂਪ ਦਿੰਦਾ ਹੈ। ਅੰਦਰਲੇ ਸੱਚ ਦਾ ਕੱਦ, ਕਿਰਦਾਰ ਤੇ ਰੁਤਬਾ ਜਿੱਥੇ ਬਹੁਤ ਵੱਡਾ ਤੇ ਵਿਸ਼ਾਲ ਹੁੰਦਾ ਹੈ, ਉੱਥੇ ਇਹ ਦੁਨੀਆਦਾਰਾਂ ਲਈ ਅਣਦਿੱਖ ਵੀ ਹੁੰਦਾ।  ਪਾਕ ਤੇ ਬੇਦਾਗ਼ ਰੂਹਾਂ ਦੀ ਨਜ਼ਰ ਵਿੱਚ ਆਪਣੇ ਸੁੱਖਾਂ ਨਾਲੋਂ ਜ਼ਰੂਰੀ ਆਪਣਿਆਂ ਨਾਲ ਜੁਡ਼ਿਆਂ ਦੇ ਸੁੱਖ ਹੁੰਦੇ ਹਨ। ਜਿਸ ਖ਼ਾਤਰ ਉਹ ਦੋਵੇਂ ਆਪਣੀਆਂ ਖੁਵਾਹਿਸ਼ਾਂ ਸੁਪਨਿਆਂ ਦਾ ਖ਼ਾਤਮਾ ਕਰਦੇ-ਕਰਦੇ ਆਖਿਰ ਨੂੰ ਗਲਾ ਹੀ ਘੋਟ ਦਿੰਦੇ ਹਨ। ਫਿਰ ਆਪਣੇ ਜਾਇਆਂ ਦੀ ਖੁਸ਼ੀ ਨਾਲ ਨਿਹਾਲ ਹੋਣਾ ਸਿੱਖ ਕੇ, ਸਦਾ ਕੁਦਰਤ ਦੇ ਸ਼ੁਕਰਾਨੇ ਕਰਦੇ ਹਨ।
ਕੁਦਰਤ ਵਰਗੇ ਰਿਸ਼ਤੇ ਇਸ ਖੂਬਸੂਰਤ ਸੰਸਾਰ ਤੋਂ ਵਿਦਾ ਹੋਣ ਲੱਗਿਆ, ਸੋਚਾਂ ਦੀਆਂ ਪੰਡਾਂ ਦੇ ਲੜ ਬੰਨਕੇ ਬਹੁਤ ਸਾਰੇ ਅਣਸੁਲਝੇ ਸਵਾਲਾਂ ਨੂੰ ਆਪਣੇ ਨਾਲ ਹੀ ਲੈ ਜਾਂਦੇ ਹਨ, ਕਿਉਂਕਿ ਜਿਉਂਦਿਆਂ ਦੇ ‘ਫ਼ਿਕਰ’ ਲਈ ਸਾਡੇ ਸਮਾਜ ਕੋਲ ਕੋਈ ਹੱਲ ਨਹੀਂ, ਅਸੀਂ ਤਾਂ ਜਨਾਜ਼ਿਆਂ ਤੇ ਇਕੱਠੇ ਹੋਣ ਮਾਹਿਰ ਹਾਂ..!
ਧਾਰਮਿਕ ਪ੍ਰਚਾਰਕਾਂ ਤੋਂ ਹੁਣ ਤੱਕ ਇਹੀ ਸੁਣਿਆ ਸੀ ਕਿ… *ਸਭ ਨੇ ਖ਼ਾਲੀ ਹੱਥ ਜਾਣਾ, ਪਰ ਸਾਨੂੰ ਸਮਝ ਹੁਣ ਆਇਆਂ ਕਿ ਅਸੀਂ ਬਹੁਤ ਸਾਰੀਆਂ ਅਣ-ਕਹੀਆਂ ਗੱਲਾਂ ਵੀ ਨਾਲ ਲੈ ਕੇ ਜਾਵਾਂਗੇ..!*

ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article* ਮਹਾਨਤਾ *
Next articleਮੁਕਤੀ ਚਾਹੀਦੀ ਐ ਮੈਨੂੰ