(ਸਮਾਜ ਵੀਕਲੀ) ਸਾਡੇ ਵੱਡਿਆਂ ਦਾ ਸਿਦਕ ਵਾਕਿਆ ਹੀ ਵੱਡਾ ਸੀ, ਤਾਹੀਂ ਤਾਂ ਅਸੀਂ ਗੁਰੂਘਰ ਓਟ ਆਸਰਾ ਲੈਣ ਲਈ ਜਾਂਦੇ ਹਾਂ, ਜਿੱਥੇ ਜਾ ਕੇ ਸਾਨੂੰ ਸਮਝ ਪੈਂਦੀ ਹੈ ਕਿ ਕੁਦਰਤ ਦੀ ਰਜ਼ਾ ਵਿਚ ਹੀ ਰਹਿਣਾ ਪੈਂਦਾ ਹੈ ਮਨੁੱਖ ਨੂੰ…
ਸਾਡੀਆਂ ਦੁਨਿਆਵੀ ਹਕੂਮਤਾਂ ਤੋਂ ਉੱਪਰ ਪੂਰੇ ਬ੍ਰਹਿਮੰਡ ਵਿਚ ਕੁਦਰਤ ਦਾ ਆਪਣਾ ਇੱਕ ਅਲੱਗ ਹੀ ਨਿਜ਼ਾਮ ਚੱਲ ਰਿਹਾ ਹੈ। ਅਸੀਂ ਧਰਮ ਵਿਚ ਯਕੀਨ ਰੱਖਣ ਵਾਲੇ ਲੋਕ ਇਸ ਨਿਜ਼ਾਮ ਨੂੰ ਚਲਾਉਣ ਵਾਲੀ ਸ਼ਕਤੀ ਨੂੰ ਰੱਬ ਦਾ ਨਾਂਅ ਦਿੰਦੇ ਹਾਂ ਤੇ ਇਹ ਵਿਸ਼ਵਾਸ ਕਰਦੇ ਹਾਂ ਕਿ ਬ੍ਰਹਿਮੰਡ ਦਾ ਪੂਰਾ ਇੰਤਜ਼ਾਮ ਰੱਬ ਜਾਂ ਪਰਮਾਤਮਾ ਦੇ ਅਧੀਨ ਹੀ ਚੱਲਦਾ ਹੈ। ਪਰ ਜਿਹੜੇ ਲੋਕ ਰੱਬ ਦੀ ਹੋਂਦ ਵਿਚ ਯਕੀਨ ਨਹੀਂ ਵੀ ਰੱਖਦੇ, ਉਹ ਵੀ ਇਹ ਤਾਂ ਮੰਨਦੇ ਹੀ ਹਨ ਕਿ ਬ੍ਰਹਿਮੰਡ ਨੂੰ ਚਲਾਉਣ ਵਾਲੀ ਕੋਈ ਤਾਂ ਸ਼ਕਤੀ ਹੈ। ਉਹ ਮੇਰੇ ਵਰਗੇ ਅਜਿਹੀ ਸ਼ਕਤੀ ਨੂੰ ਕੁਦਰਤ ਦਾ ਨਾਂਅ ਦਿੰਦੇ ਹਨ। ਏਥੇ ਮੇਰੇ ਵਰਗਿਆਂ ਦਾ ਮੰਨਣਾ ਹੈ ਕਿ ਕੁਦਰਤ ਦਾ ਨਿਜ਼ਾਮ ਸਵੈ-ਚਾਲਕ ਹੈ। ਇਸ ਨੂੰ ਕੋਈ ਬਾਹਰੀ ਸ਼ਕਤੀ ਨਹੀਂ ਚਲਾ ਰਹੀ। ਕਿਸੇ ਦਾ ਬ੍ਰਹਿਮੰਡ ਨੂੰ ਚਲਾਉਣ ਵਾਲੀ ਸ਼ਕਤੀ ਬਾਰੇ ਨਜ਼ਰੀਆ ਵੱਖ ਵੀ ਹੋ ਸਕਦਾ ਹੈ।
ਕੁਦਰਤ ਦੇ ਉਪਰੋਕਤ ਵਰਤਾਰੇ ਅੰਦਰ ਪੁੱਤ ਭਾਵੇਂ ਅੱਸੀਆਂ ਦਾ ਹੋਕੇ ਮਰੇ ਪਰ ਮਾਂ ਇਹੀ ਕਹਿੰਦੀ ਸੁਣੇਗੀ ਕਿ… ਹਾਏ ਓਏ ਮੇਰੇ ਗੱਭਰੂਆ ਪੁੱਤਾ, ਤੇਰੀ ਥਾਂ ਮੈਂ..! ਜਦੋਂ ਮਾਪਿਆਂ ਦਾ ਜਵਾਨ ਪੁੱਤ ਚਲਾ ਜਾਂਦਾ ਹੈ ਤਾਂ ਝਾਵਲੇ ਬਾਕੀ ਰਹਿੰਦੀ ਸਾਰੀ ਉਮਰ ਪੈਂਦੇ ਰਹਿੰਦੇ ਹਨ। ਜਾਣ ਵਾਲੇ ਦੀਆਂ ਤਿਆਗਣ-ਯੋਗ ਚੀਜ਼ਾਂ ਵੀ ਮੁੜ ਸਾਂਭਣਯੋਗ ਬਣ ਜਾਂਦੀਆਂ ਹਨ। ਜੀਵਨ ਵਿੱਚ ਕਈ ਵਾਰੀ ਸਾਡੀ ਹਾਲਤ ਅੱਖ ਵਿੱਚ ਅਟਕੇ ਅੱਥਰੂ ਵਾਲੀ ਹੋ ਜਾਂਦੀ ਹੈ ਪਰ ਜਾਣ ਵਾਲੇ ਦੀ ਯਾਦ ਵਿੱਚ ਆਏ ਅੱਥਰੂ, ਸਾਡੇ ਹੋਏ ਜ਼ਖ਼ਮਾਂ ਨੂੰ ਭਰਦੇ ਹਨ। ਇੱਕ ਗੱਲ ਹੈ ਜ਼ਿੰਦਗੀ ਨੂੰ ਸੂਝ, ਸਮਝ ਅਤੇ ਡੂੰਘਾਈ ਵੀ ਦੁੱਖਾਂ ਤੋਂ ਹੀ ਮਿਲਦੀ ਹੈ। ਇਸੇ ਲਈ ਤਾਂ ਪੂਜਾ/ਪਾਠ ਅਤੇ ਅਰਦਾਸ ਸਾਡੇ ਅੰਦਰਲੇ ਸੰਕਟਾਂ ਦੇ ਬਾਹਰੀ ਪ੍ਰਗਟਾਵੇ ਬਣੇ ਹਨ।
ਘਰੋਂ ਅਰਥੀ ਉੱਠਣ ਸਮੇਂ ਇੱਕ ਵਾਰੀ ਤਾਂ ਪਰਿਵਾਰ ਵਿੱਚ ਪਾਗਲਪਣ ਵਾਲੀ ਸਥਿਤੀ ਵਾਪਰਦੀ ਹੈ। ਘਰੋਂ ਕਿਸੇ ਜੀਅ ਦਾ ਵਿਛੜ ਜਾਣਾ, ਵਾਪਰਨ ਵਾਲੇ ਸਮੁੱਚੇ ਸੰਕਟਾਂ ਵਿਚੋਂ ਇਹ ਸੰਕਟ ਦੀ ਸਭ ਤੋਂ ਸਿੱਖਰ ਵੰਨਗੀ ਹੈ। ਕੁਦਰਤ ਦੇ ਭਾਣੇ ਵਿੱਚ ਜਾਣਦੇ ਹਾਂ ਕਿ ਏਥੇ ਕੁਝ ਵੀ ਸਥਿਰ ਨਹੀਂ। ਆਇਆਂ ਸੰਕਟ ਵੀ ਗੁਜ਼ਰ ਜਾਵੇਗਾ, ਕੀਤਾ ਸਬਰ ਸ਼ਕਤੀ ਦਾ ਪ੍ਰਤੀਕ ਹੋ ਨਿਬੜੇਗਾ। ਪਰ ਪਹਿਲੇ ਕੁਝ ਘੰਟੇ ਅਤਿ ਦੁੱਖਦਾਈ ਹੁੰਦੇ ਹਨ। ਕੁਦਰਤ ਦਾ ਲਾਡਲਾ ਹੋਣ ਕਰਕੇ ਜਾਣਦਾ ਹਾਂ ਕਿ ਜੀਵਨ ਵਿੱਚ ਆਇਆ ਸੰਕਟ ਮੇਰੇ ਅਤੇ ਮੇਰੇ ਪਰਿਵਾਰ ਦੇ ਸਵੈ-ਭਰੋਸੇ, ਸਿਦਕ, ਸਿਰੜ ਅਤੇ ਦ੍ਰਿੜ੍ਹਤਾ ਨੂੰ ਨਾਪਣ-ਤੋਲਣ ਦਾ ਇਹ ਇੱਕ ਸਾਧਨ ਮੰਤਰ ਹੈ। ਸਾਨੂੰ ਹਰ ਪਰਿਵਾਰਕ ਸੰਕਟ ਦਾ ਸਾਹਮਣਾ ਇਕੱਲਿਆਂ ਹੀ ਕਰਨਾ ਪੈਂਦਾ ਹੈ। ਸੋ ਇਸ ਲਈ ਆਪਣੇ ਸਵੈ-ਭਰੋਸੇ ਤੇ ਪੂਰਨ ਵਿਸ਼ਵਾਸ ਹੋਣ ਕਰਕੇ ਹੀ ਆਪਣੇ ਰਹਿਬਰ ਪਾਸੋਂ ਪਰਿਵਾਰ ਸਮੇਤ ਸੰਕਟ ਨਾਲ ਜੂਝਣ ਦੀ ਸ਼ਕਤੀ ਅਤੇ ਵਰ ਮੰਗਣ ਗਿਆ ਸੀ ਕੱਲ੍ਹ ਤੇ ਵਾਅਦਾ ਕਰਕੇ ਮੁੜੇ ਹਾਂ ਕਿ ਰਹਿੰਦੀ ਜ਼ਿੰਦਗੀ ਨਾਲ ਵੀ ਜਿੱਤ ਦੇ ਨਿਸ਼ਚੇ ਨਾਲ ਲੜਦੇ ਰਹਾਂਗੇ, ਇਹ ਹਰ ਜਿਉਂਦੇ ਮਨੁੱਖ ਦਾ ਇਖਲਾਕੀ ਫਰਜ ਹੈ ਜਿੱਤ ਹਾਰ ਤੇਰੇ ਹੱਥ॥
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly