(ਸਮਾਜ ਵੀਕਲੀ) ਸਾਡੀ ਸਰੀਰਕ ਤੰਦਰੁਸਤੀ ਦਾ ਸਾਨੂੰ ਹਮੇਸ਼ਾ ਸ਼ੁਕਰ ਕਰਨਾ ਚਾਹੀਦਾ ਹੈ। ਸਦੀਆਂ ਤੋਂ ਜੀਵਨ ਚੱਕਰ ਆਟਾ ਚੱਕੀ ਵਾਂਗ ਚੱਲ ਰਿਹਾ ਹੈ। ਅਸੀਂ ਸਿਰਫ਼ ਦੂਜਿਆਂ ਨੂੰ ਪਿਸਦੇ ਦੇਖਦੇ ਹਾਂ, ਸਾਨੂੰ ਜਿਉਂਦੇ ਜੀਅ ਇਹ ਇਲਮ ਹੀ ਨਹੀਂ ਹੁੰਦਾ ਕਿ ਕਦੇ ਅਸੀਂ ਵੀ ਪਿਸ ਜਾਣਾ ਹੈ।
ਇਹ ਖੂਬਸੂਰਤ ਸੰਸਾਰ ਪਤਾ ਨਹੀਂ ਕਿਵੇਂ ਬੇ-ਰਹਿਮ ਜੇ ਲੋਕਾਂ ਦੀ ਥਾਂ ਬਣਦਾ ਜਾ ਰਿਹਾ ਹੈ। ਮਰਿਆਂ ਤੋਂ ਸੱਥਰ ਤੇ ਆਣ ਬਹਿੰਦੇ ਨੇ, ਜਿਉਂਦੇ ਜੀਅ ਅਦਾਲਤਾਂ ਚ ਕੇਸ ਭੁਗਤਾਉਣ ਦਾ ਕਮਾਲ ਹੁਨਰ ਰੱਖਦੇ ਨੇ! ਸਾਨੂੰ ਸਮਝ ਕਦੋ ਆਊ ਕਿ ਕੁਦਰਤ ਦੇ ਬਣਾਏ ਸੰਸਾਰ ਅੰਦਰ, ਅਨੇਕਾਂ ਹੋਰ ਬਹੁਤ ਸਾਰੇ ਛੋਟੇ-ਛੋਟੇ ਸੰਸਾਰ ਵੱਸਦੇ ਹਨ, ਕਈ ਹੱਸਦੇ, ਕਈ ਰੋਂਦੇ ਹਨ।
ਆਪਾਂ ਨੂੰ ਚਾਹੀਦਾ ਹੈ ਕਿ ਅਸੀਂ ਕਿਸੇ ਦੇ ਦੁੱਖਾਂ-ਦਰਦਾਂ ਤੇ ਖੁਸ਼ੀ ਨਾ ਮਨਾਈਏ, ਕਿਉਂਕਿ ਹੋ ਸਕਦੇ ਜਦੋਂ ਤੱਕ ਸਾਹਮਣੇ ਵਾਲੇ ਦਾ ਦੁੱਖ ਪੁਰਾਣਾ ਹੋਵੇਗਾ, ਤਾਂ ਸੱਜਣ ਜੀ ਉਦੋਂ ਤੱਕ ਸਾਡਾ ਦੁੱਖ ਨਵਾਂ ਵੀ ਹੋ ਸਕਦਾ ਹੈ।
ਸਮਾਜ ਵਿਚ ਵਿਚਰਦਿਆ ਅਸੀਂ ਦੇਖਦੇ ਹਾਂ ਕਿ… ਵੱਡੇ ਦੁੱਖਾਂ ਦੀ ਆਵਾਜ਼ ਨਹੀਂ ਹੁੰਦੀ, ਲੋਕਾਂ ਨੇ ਉਈ ਛੋਟੇ-ਛੋਟੇ ਦੁੱਖਾਂ ਦਾ ਰੌਲਾ ਪਾ ਰੱਖਿਆ ਹੈ।
ਸੋ ਸਾਨੂੰ ਚਾਹੀਦਾ ਹੈ ਆਪ ਤੋਂ ਕਮਜ਼ੋਰਾਂ ਤੇ ਤਰਸ਼ ਕਰੀਏ, ਆਪਣੇ ਤੋਂ ਨਿਮਾਣੇ ਤੇ ਸਿਰੇ ਨਾ ਜਾਈਏ, ਜਦੋਂ ਕਦੇ ਵੀ ਕੁਦਰਤ ਮੌਕਾ ਦੇਵੇ, ਆਪਾਂ ਸੱਚੇ ਦੁੱਖੀ ਗਰੀਬਾਂ ਦਾ ਪੱਖ ਪੂਰਿਆ ਕਰੀਏ, ਧਰਮ ਸਥਾਨਾਂ ਦੀਆਂ ਗੋਲਕਾਂ ਅਸੀਂ ਬਹੁਤ ਭਰ ਚੁੱਕੇ ਹਾਂ, ਆਓ ਸੰਸਾਰ ਅੰਦਰ ਘੁੰਮਦੇ ਖ਼ਾਲੀ ਢਿੱਡਾਂ ਨੂੰ ਭਰਨ ਦੇ ਯਤਨ ਤੇ ਉਪਰਾਲੇ ਸ਼ੁਰੂ ਕਰੀਏ। ਘਟਨਾਵਾਂ ਨੇ ਵਾਪਰਦੇ ਰਹਿਣਾ ਹੈ, ਸਾਨੂੰ ਆਪਣੇ ਪੇਟ ਦੀ ਭੁੱਖ ਮਿਟਾਉਣ ਲਈ ਉਪਰਾਲੇ ਖੁਦ ਹੀ ਕਰਨੇ ਪੈਣਗੇ।
ਜੇਕਰ ਕੁਝ ਕਰਨ ਦੇ ਸਮਰੱਥ ਵੀ ਨਹੀਂ ਤਾਂ ਘੱਟੋ-ਘੱਟ ਹਮਦਰਦੀ ਦਾ ਇਜਹਾਰ ਤਾਂ ਜਰੂਰ ਕਰਿਆ ਕਰੀਏ, ਮੰਨਿਆ ਹਮਦਰਦੀ ਨਾਲ ਕਿਸ ਦਾ ਖ਼ਾਲੀ ਢਿੱਡ ਤਾਂ ਨਹੀਂ ਭਰਦਾ, ਪਰ ਹਮਦਰਦੀ ਨਾਲ ਭੁੱਖ ਨੂੰ ਜਰਨ ਤੇ ਭਾਣਾ ਮੰਨਣ ਦੀ ਸ਼ਕਤੀ ਜਰੂਰ ਮਿਲਦੀ ਹੈ।
ਕੁਦਰਤ ਤੋਂ ਡਰ ਕੇ ਰਹੀਏ, ਆਪਾਂ ਬੰਦਿਆਂ ਵਾਲੇ ਕੰਮ ਕਰੀਏ, ਕਿਉਂਕਿ ਜੇਕਰ ਦੁੱਖ-ਦਰਦ ਦੇਣ ਵਾਲੀ ਕੁਦਰਤ ਹੈ ਤਾਂ ਦੁੱਖਾਂ-ਦਰਦਾਂ ਤੋਂ ਛੁਟਕਾਰਾ ਦਿਵਾਉਣ ਵਾਲੀ ਵੀ ਕੁਦਰਤ ਹੈ। ਭੁੱਲ ਕੇ ਵੀ ਕਿਸੇ ਤੇ ਅੱਤਿਆਚਾਰ ਨਾ ਕਰੀਏ, ਮੈਂ ਦੇਖਿਆ ਅੱਤਿਆਚਾਰੀਆਂ ਦਾ ਅੰਤ ਕੁਚਲੇ ਹੋਏ ਲਸਣ ਵਰਗਾ ਹੁੰਦਾ ਹੈ। ਕੁਦਰਤ ਰਾਣੀ ਸਾਡੇ ਸਭ ਤੇ ਮੇਹਰ ਕਰੇ, ਵਿਵੇਕ ਬੁੱਧ ਦੇਵੇ ਸਾਨੂੰ,ਇਹ ਖੂਬਸੂਰਤ ਸੰਸਾਰ ਖੁਸ਼ੀਆਂ ਦੀ ਮੰਡੀ ਹੋਵੇ।
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly