ਸ਼ੁਭ ਸਵੇਰ ਦੋਸਤੋ,

  (ਸਮਾਜ ਵੀਕਲੀ)-  ਸ਼ੁਕਰਾਨੇ ਦੀ ਭਾਵਨਾ ਨਾਲ ਜੀਵਨ ਨੂੰ ਮਾਨਣ ਵਾਲੇ ਕੁਦਰਤ ਦੀਆਂ ਨਜ਼ਰਾਂ ਵਿੱਚ ਜ਼ਿੰਦਗੀ ਦੇ ਅਸਲ ਸ਼ਾਹਸਵਾਰ ਹੁੰਦੇ ਹੁੰਦੇ ਹਨ! ਮਾਨਸਿਕ ਅਮੀਰੀ ਤੋਂ ਬਿਨਾਂ ਸਭ ਕੁਝ ਹੁੰਦਿਅ ਵੀ ਲੋਕ ਭਿਖਾਰੀ ਹੀ ਮਰ ਜਾਂਦੇ ਹਨ। ਸ਼ੁਕਰਾਨੇ ਦੀ ਭਾਵਨਾ ਨਾਲ ਸਾਡੇ ਅਵੱਲੇ ਖੰਭ ਨਿਕਲ ਆਉਂਦੇ ਹਨ, ਫਿਰ ਜਦੋਂ ਇਹ ਖੰਭ ਪਰ ਬਣਕੇ ਖੁੱਲ੍ਹਦੇ ਹਨ ਤਾਂ ਸਾਨੂੰ ਮੁਹੱਬਤ ਦੇ ਅੰਬਰਾਂ ਤੇ ਲੈ ਜਾਂਦੇ ਨੇ, ਜਿੱਥੋਂ ਸਾਰਾ ਸੰਸਾਰ ਸਾਨੂੰ ਆਪਣਾ ਨਜ਼ਰ ਆਉਣ ਲੱਗਦਾ ਹੈ। ਜਦੋਂ ਸਭ ਆਪਣਾ ਨਜ਼ਰ ਆਵੇ ਤਾਂ ਸਭ ਦੁਸ਼ਮਣ ਮਰ ਜਾਂਦੇ ਹਨ। ਜਿੱਥੇ ਘੱਟ ਵੱਧ ਦੀ ਬਹਿਸਵਾਜ਼ੀ ਦਾ ਆਰੰਭ ਹੀ ਨਾ ਹੋਵੇ, ਉੱਥੇ ਕੌੜੀਆਂ ਯਾਦਾਂ ਦਾ ਜਨਮ ਹੀ ਨਹੀਂ ਹੋ ਸਕਦਾ!
ਸ਼ੁਕਰਾਨੇ ਦੀ ਭਾਵਨਾ ਨਾਲ ਅਸੀਂ ਸਾਰੇ ਦੁਨਿਆਵੀ ਵਹੀ ਖਾਤਿਆਂ, ਜ਼ਰਬਾਂ ਤਕਸੀਮਾਂ ਅਤੇ ਲੇਖਿਆਂ ਜੋਖਿਆਂ ਤੋਂ ਮੁਕਤੀ ਪਾ ਸਕਦੇ ਹਾਂ। ਫਿਰ ਸਾਨੂੰ ਕੁਦਰਤ ਦੀ ਖੂਬਸੂਰਤੀ ਦਾ ਅਸਲ ਅਹਿਸਾਸ ਹੋਣ ਲੱਗਦਾ ਹੈ। ਸਾਡੇ ਪੱਲੇ ਪ੍ਰੇਮ ਦੇ ਸਿਵਾਏ ਹੋਰ ਕੁਝ ਵੀ ਬਾਕੀ ਨਹੀਂ ਬਚਦਾ। ਇਸ ਅਵਸਥਾ ਵਿੱਚ ਅਸੀਂ ਸਭ ਕੁਝ ਦੇਣ ਵਿੱਚ ਅਨੰਦਤ ਹੁੰਦੇ ਹਾਂ, ਬਦਲੇ ਵਿਚ ਸਾਡੀ ਕੁਝ ਵੀ ਪ੍ਰਾਪਤ ਕਰਨ ਦੀ ਇੱਛਾ ਨਹੀਂ ਜਾਗਦੀ। ਇਸ ਵੇਲੇ ਹਰ ਫੈਸਲਾ ਹੀ ਮੰਜ਼ਲ ਹੋ ਨਿਬੜਦਾ ਹੈ। ਜਿਧਰ ਦੇਖੀਏ ਉਧਰ ਹੀ ਆਪਣੇ ਘਰ ਦੀ ਦਹਿਲੀਜ਼ ਨਜ਼ਰ ਆਉਂਦੀ ਹੈ। ਸ਼ੁਕਰਾਨੇ ਦੀ ਭਾਵਨਾ ਸ਼ੁਰੂ ਕੀਤੀ ਯਾਤਰਾ ਵਿੱਚ ਮੰਜ਼ਲ ਸਾਨੂੰ ਆਪੇ ਖਿੱਚਦੀ ਹੈ, ਜਿਵੇਂ ਭਰਿਆ ਖੂਹ ਲਮਕਦੀ ਬਾਲਟੀ ਨੂੰ ਆਪਣੇ ਵੱਲ ਖਿੱਚਦਾ ਹੈ।
ਜੀਵਨ ਵਿੱਚ ਕੋਈ ਹੰਢਣਸਾਰ ਤਬਦੀਲੀ ਬਿਨ ਸ਼ੁਕਰਾਨੇ ਲਿਆਂਦੀ ਹੀ ਨਹੀਂ ਜਾ ਸਕਦੀ। ਖਿੰਡੇ ਹੋਏ ਮਨ ਨਾਲ ਕੁਦਰਤ ਨੂੰ ਪਿਆਰ ਕਰਨ ਵਾਲੇ ਸੱਜਣ, ਟੁੱਟੇ ਤਾਰੇ ਹੋ ਨਿਬੜਦੇ ਹਨ ਹੋ ਕਿੱਧਰੇ ਵੀ ਨਜ਼ਰ ਨਹੀਂ ਆਉਂਦੇ। ਸਿਆਲ ਦੀ ਉਦਾਸੀ ਤਰਕਾਲ ਵਰਗਿਆਂ ਦੇ ਜ਼ਿੰਦਗੀ ਪ੍ਰਤੀ ਸਾਰੇ ਉਤਸ਼ਾਹ ਫਿੱਕੇ ਹੁੰਦੇ ਹਨ। ਸ਼ੁਕਰਾਨੇ ਨਾਲ ਅਸੀਂ ਉਤਸ਼ਾਹੀ ਹੋ ਨਿਬੜਦੇ ਹਾਂ, ਜ਼ਿੰਦਗੀ ਦੀ ਹਰ ਰੌਣਕ ਸਾਡੇ ਨਾਲ ਨਾਲ ਚਲਦੀ ਹੈ।
ਸੋ ਆਓ ਜਿੰਨਾ ਜਲਦੀ ਹੋ ਸਕੇ ਆਪਾਂ ਜ਼ਿੰਦਗੀ ਦੇ ‘ਰੂ-ਬਰੂ’ ਹੋਈਏ, ਨਹੀਂ ਤਾਂ ਬਹੁਤ ਜਲਦੀ ਇਹ ਸਾਨੂੰ ਜਿਉਂ ਕੇ ਚੱਲੀ ਜਾਵੇਗੀ! ‘ਰੂ-ਬਰੂ’ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ। ਇਹ ਦੋ ਸ਼ਬਦਾਂ ਰੂ ਅਤੇ ਬ ਦੇ ਮੇਲ਼ ਨਾਲ਼ ਬਣਿਆ ਹੋਇਆ ਇੱਕ ਸਮਾਸੀ ਸ਼ਬਦ ਹੈ। ਇਸ ਵਿੱਚ ਰੂ ਦੇ ਅਰਥ ਸਾਰੇ ‘ਮੂੰਹ ਜਾਂ ਚਿਹਰੇ’ ਤੋਂ ਹਨ ਅਤੇ ਬ ਅਗੇਤਰ ਦੇ ਅਰਥ ‘ਨਾਲ਼ ਜਾਂ ਸਮੇਤ’ ਆਦਿ ਹਨ। ਕੱਲ੍ਹ ਹੀ ਪੜ੍ਹਿਆ ਕਿ ‘ਸ਼ਬਦ-ਜੋੜ ਕੋਸ਼’ ਦੇ ਵਿਦਵਾਨਾਂ ਨੇ ਇਹਨਾਂ ਸ਼ਬਦਾਂ ਨੂੰ ਜੋੜ ਕੇ ‘ਰੂ-ਬਰੂ’ ਦੇ ਤੌਰ ‘ਤੇ ਲਿਖਣ ਦੀ ਸਿਫ਼ਾਰਸ਼ ਕੀਤੀ ਹੈ। ਇਸ ਤਰ੍ਹਾਂ ਇਸ ਸ਼ਬਦ ਦੇ ਅਰਥ ਬਣੇ ‘ਆਮ੍ਹੋ-ਸਾਮ੍ਹਣੇ’, ਮਤਲਬ ਕਿ ਆਪਾਂ ਸ਼ੀਸ਼ੇ ਦੇ ਸਾਹਮਣੇ ਘੱਟ, ਕੁਦਰਤ ਨਾਲ ਜ਼ਿਆਦਾ ਇੱਕ ਮਿੱਕ ਹੋਈਏ। ਫਿਰ ਦੇਖਿਓ ਬਿਨ ਸ਼ਿੰਗਾਰਾਂ ਤੋਂ ਸਾਡਾ ਸਧਾਰਨ ਚਿਹਰਾ ਮੋਹਰਾ ਵੀ ਦੂਜਿਆਂ ਨੂੰ ਮੁਹੱਬਤ ਦੇ ਰੰਗ ਵਿਚ ਰੰਗਿਆ ਨਜ਼ਰ ਆਵੇਗਾ।
*ਅਸੀਂ ਕੀਤਾ ਚਿੱਤ ਧਿਆਨ, ਪੜ੍ਹ ਲਈ ਸਾਰੀ ਕੁਰਾਨ,*
*ਫੇਰੀ ਸੀ ਰੱਜ ਕੇ ਤਸਬੀ, ਹੋਏ ਨਹੀਂ ਪਾਪ ਮਨਫ਼ੀ,*
*ਜਦ ਨੀਅਤ ਕੀਤੀ ਸਾਫ਼, ਹੋਗੇ ਸਾਰੇ ਕਾਰਜ ਰਾਸ!*

ਹਰਫੂਲ ਸਿੰਘ ਭੁੱਲਰ ਮੰਡੀ

ਕਲਾਂ 9876870157 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੱਬ ਦੀ ਕਰੋਪੀ 
Next articleਬਾਲ ਕਹਾਣੀ – ਬੁਲਬੁਲ ਦਾ ਆਲ੍ਹਣਾ