(ਸਮਾਜ ਵੀਕਲੀ)
ਦੁਨੀਆਂ ਦੇ ਕਿਸੇ ਕੋਨੇ ਵੀ ਚਲੇ ਜਾਈਏ, ਜੇਕਰ ਅਸੀਂ ਸੁੱਚੇ ਤੇ ਸੱਚੇ ਹੋਵਾਂਗੇ ਤਾਂ ਸਾਨੂੰ ਸਾਡੇ ਮਨ ਦੀ ਤਸੱਲੀ, ਮੇਲ ਮਿਲਾਪ ਦੀਆਂ ਰਹੁ ਰੀਤਾਂ ਵਿਚੋ ਜ਼ਰੂਰ ਮਿਲੇਗੀ। ਬਾਕੀ ਨਫਰਤ ਵੀ ਹਰ ਸਮਾਜ ਵੱਲੋਂ ਰਹੁ ਰੀਤਾਂ ਰਾਹੀ ਹੀ ਪ੍ਰਗਟਾਈ ਜਾਂਦੀ ਹੈ। ਪਰ
*ਸਾਨੂੰ ਪੂਜਾ, ਪਾਠ, ਦਾਨ ਅਤੇ ਚੜ੍ਹਾਵਿਆਂ ਨੇ ਮਾਰਿਆ,*
*ਨਿੱਤ ਅਰਦਾਸਾਂ, ਟੇਕ ਮੱਥੇ, ਬੰਦਾ ਬੰਦਿਆਂ ਤੋਂ ਹਾਰਿਆ,*
*ਖੁਸ਼ੀਆਂ ਦੇ ਟੱਲ, ਮਨ ਵਿਚ ਸੌਖੇ ਐਨੇ ਨਹੀਂਓਂ ਵੱਜਣੇ,*
*ਮਿਹਨਤਾਂ ਬਗੈਰ ਨਹੀਂਉ ‘ ਜ਼ਿੰਦਗੀ ‘ ਦੇ ਸਕੂਨ ਲ਼ੱਭਣੇ!*
ਸ਼ਰੀਫ਼ ਬੰਦਿਆਂ ਨੂੰ ਬੰਨ੍ਹਣ ਲਈ ਕੱਚਾ ਧਾਗਾ ਹੀ ਕਾਫ਼ੀ ਹੁੰਦਾ ਹੈ, ਕਿਉਂਕਿ ਸ਼ਰੀਫ਼ ਲੋਕ ਪਿਆਰ ਦੀ ਭਾਸ਼ਾ ਨੂੰ ਸਮਝਦੇ ਹੁੰਦੇ ਹਨ। ਲੁੱਚੇ-ਲੰਡਿਆਂ ਨੂੰ ਚਤੁਰਾਈ ਕਰਨੋ ਲੋਹੇ ਦੇ ਸੰਗਲਾਂ ਨਾਲ ਬੰਨ੍ਹ ਕੇ ਵੀ ਨਹੀਂ ਰੋਕਿਆ ਜਾ ਸਕਦਾ। ਇਹ ਪਤੰਦਰ ਮਖੋਟੇ ਬਦਲਣ ਦੇ ਆਦੀ ਹੁੰਦੇ ਹਨ।
ਇੱਕ ਦਰਵੇਸ਼ ਇਨਸਾਨ ਆਪਣੀਆਂ ਅੱਖਾਂ ਤੋਂ ਪਹਿਚਾਣਿਆ ਜਾਂਦਾ ਹੈ, ਪਰ ਮੂਰਖ ਦਾ ਤਾਂ ਦਿਲ ਵੀ ਉਸ ਦੀ ਜ਼ੁਬਾਨ ‘ਤੇ ਪਿਆ ਮਿਲਦਾ ਹੈ।
ਬਹੁਤਾ ਚਲਾਕ ਮਖੋਟਿਆਂ ਵਾਲਾ ਬੰਦਾ ਆਪਣਾ ਸਿਰ ਤਾਂ ਲੁਕਾ ਲੈਂਦਾ ਹੈ, ਪਰ ਫਿਰ ਵੀ ਢੂਈ ਤੇ ਗਿੱਟੇ ਨੰਗੇ ਰਹਿ ਜਾਂਦੇ ਜਦੋਂ ਡਾਗਾਂ ਵੱਜਣ ਲਗਦੀਆਂ ਨੇ!
ਜਾਨਣ ਵਾਲੇ ਤਜਰਬੇਕਾਰ ਜਾਣਦੇ ਨੇ ਕਿ ਲੋੜ ਤੋਂ ਜ਼ਿਆਦਾ ਨਿਮਰਤਾ ਪਿੱਛੇ ਵੀ ਕੋਈ ਨਾ ਕੋਈ ਚਲਾਕੀ ਛੁਪੀ ਹੁੰਦੀ ਹੈ।
ਬੰਦਿਆ ਤੂੰ ਜਿੱਥੇ ਮਰਜ਼ੀ ਜਾ, ਕੋਈ ਵੀ ਭੇਸ ਬਣਾ, ਤੈਥੋਂ ਪਹਿਲਾਂ ਹਰ ਜਗ੍ਹਾਂ ਤੇਰਾ ਕਿਰਦਾਰ ਪਹੁੰਚ ਹੀ ਜਾਂਦਾ ਹੈ।
ਸੋ ਇਸ ਲਈ ਮੇਰਾ ਨਿੱਜੀ ਵਿਚਾਰ ਹੈ ਕਿ ‘ਆਪਣਿਆਂ ਚ ਰਹਿਣ ਲਈ ਸਾਡੀ ਸ਼ੋਹਰਤ ਕੰਮ ਆਉਂਦੀ ਹੈ, ਤੇ ਓਪਰਿਆਂ ‘ਚ ਰਹਿਣ ਲਈ ਸਾਡਾ ਪਹਿਰਾਵਾ।
ਕਿਤੇ ਵੀ ਜਾਇਓ ਤੇ ਦੇਖਿਓ…’ਪੰਛੀ ਆਪਣੀ ਚਹਿਚਹਾਟ ਨਾਲ ਅਤੇ ਮਨੁੱਖ ਆਪਣੀ ਬੋਲਚਾਲ ਤੋਂ ਪਹਿਚਾਣਿਆ ਜਾਂਦਾ ਹੈ’। ਮੈਂ ਹੈਰਾਨ ਹਾਂ, ਫਿਰ ਕੀ ਲੋੜ ਪੈ ਜਾਂਦੀ ਐ ਸਾਨੂੰ ਨਕਲੀ ਚਿਹਰੇ ਲਾਉਣ ਦੀ? ਜੋ ਹਾਂ ਉਸੇ ਤਰ੍ਹਾਂ ਰਹੀਏ ਤਾਂ ਸੋਖੇ ਰਹਿੰਦੇ ਹਾਂ।
ਦੁੱਧ ਤੇ ਬੁੱਧ ਫਿਟਦਿਆਂ ਬਹੁਤ ਦੇਰ ਨਹੀਂ ਲਗਦੀ, ਸੋ ਇਸ ਲਈ ਕਿਸੇ ਨੂੰ ਦੇ ਸਕੀਏ ਤਾਂ ਸੱਚੀ ਤਸੱਲੀ ਦੇਈਏ, ਝੂਠ ਕਰਕੇ ਤਾਂ ਸਾਹਮਣੇ ਵਾਲਾ ਪਹਿਲਾਂ ਹੀ ਪ੍ਰੇਸ਼ਾਨ ਹੋਇਆ ਹੁੰਦਾ ਹੈ।
ਆਪਸੀ ਮੇਲ ਮਿਲਾਪ ਦੀਆਂ ਘੜੀਆਂ ਸਾਨੂੰ ਉੱਚਾ ਹੋ ਕੇ ਵੇਖਣ ਦਾ ਸਲੀਕਾ ਸਿਖਾਉਂਦੀਆਂ ਹਨ। ਇਹ ਖੂਬਸੂਰਤ ਪਲ ਸਾਨੂੰ ਜੀਵਨ ਦੀ ਤਾਲ ਨਾਲ ਜੋੜਦੇ ਹਨ। ਇਹ ਮਨ ਦਾ ਚੁਗਿਰਦਾ ਰੌਸ਼ਨ ਕਰਨ ਦਾ ਸ਼ੁਭ ਅਵਸਰ ਹੁੰਦੀਆਂ ਹਨ।
ਹਰਫੂਲ ਸਿੰਘ ਭੁੱਲਰ
ਮੰਡੀ ਕਲਾਂ 9876870157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly