ਸ਼ੁਭ ਸਵੇਰ ਦੋਸਤੋ

(ਸਮਾਜ ਵੀਕਲੀ)-   ਜਿੱਥੇ ਦੁਨੀਆਵੀ ਰਿਸ਼ਤਿਆਂ ਤੋਂ ਉਭਰ ਕੇ ਰੂਹਾਂ ਦੀਆਂ ਰੂਹਦਾਰੀਆਂ ਹੋਣ, ਉਥੇ ਮਿਲਕੇ ਜਾਂ ਪ੍ਰਾਹੁਣਾਚਾਰੀ ਕਰਕੇ ਜੋ ਅਨੰਦ ਆਉਂਦਾ ਹੈ, ਉਹ ਬਿਆਨ ਕਰਨਾ ਕਾਫ਼ੀ ਮੁਸ਼ਕਿਲ ਹੈ ਕਿਉਂਕਿ ਸੰਸਾਰ ਅੰਦਰ ਅੱਜ ਬਹੁਗਿਣਤੀ ਸਵਾਰਥੀ ਲੋਕਾਂ ਦੀ ਹੈ।

ਇਨਸਾਨੀਅਤ ਦੀ ਕਦਰ ਨੂੰ ਸਿਰਫ਼, ਇਨਸਾਨੀਅਤ ਦੇ ਅਲੰਬਰਦਾਰ ਹੀ ਸਮਝ ਸਕਦੇ ਹਨ। ਕਿਉਂਕਿ ਰੂਹ ਭਿਜੱਵਏਂ ਕਿਰਦਾਰ ਲੱਭਣ ਲਈ ਪਹਿਲਾਂ ਖੁਦ ਸਾਨੂੰ ਆਪਣੇ ਮਨ ਦੀ ਜੋਤ ਵਿਚ ਸਮਲੀਨਤਾ ਦਾ ਤੇਲ ਬਾਲਣਾ ਪੈਂਦਾ ਹੈ, ਆਪਣੇ ਖੁਦ ਦੇ ਦਿਮਾਗ਼ ਦਾ ਚੁਗਿਰਦਾ ਰੌਸ਼ਨ ਕਰਨ ਲਈ। ਫਿਰ ਕਿਤੇ ਜਾ ਕੇ ਸਾਡੀ ਰੂਹ ਹਲੂਣਾ ਦਿੰਦੀ ਹੈ ਕਿ… ‘ਆਉ ਮਾਨਵਤਾ ਦੀ ਗੱਲ ਕਰੀਏ’।
ਪਰ ਪੁਲਾਂ ਨਾਲੋਂ ਵਧੇਰੇ ਅਸੀਂ ਕੰਧਾਂ ਉਸਾਰ ਲਈਆਂ, ਖੁਦ ਨੂੰ ਕੈਦ ਕਰ ਲਿਆ ਆਪਣੇ ਬਣਾਏ ਹੋਏ ਸੀਮਤ ਜਹੇ ਘੇਰੇ ਅੰਦਰ, ਤੇ ਹੁਣ ਕੱਲ੍ਹੇ ਵਸਤੂਆਂ ਨਾਲ ਟੱਕਰਾਂ ਮਾਰ-ਮਾਰ ਪ੍ਰੇਸ਼ਾਨ ਹੋ ਰਹੇ ਹਾਂ!
ਪਰ ਰੂਹਾਂ ਦਾ ਪਿਆਰ ਹੱਦਾਂ ਸਰਹੱਦਾਂ, ਹਲਾਤਾਂ ਤੇ ਵਿਗੜ੍ਹੇ ਮੌਸਮਾਂ ਦਾ ਮੁਹਤਾਜ ਨਹੀਂ ਹੁੰਦਾ, ਸਮਾਂ ਕੋਈ ਵੀ, ਜਿੰਨਾ ਵੀ ਹੋਵੇ ਉਹ ਭਾਵਨਾਂਵਾਂ ਤੇ ਜਜ਼ਬਾਤਾਂ ਦੀ ਕਦਰ ਕਰਦਾ ਹੈ।
ਜਿਹੜੇ ਘਰ ਦੀ ਰਸੋਈ ਵਿਚ ਪਿਆਰ ਦੀ ਮਸ਼ਾਲ ਬਲਦੀ ਹੋਵੇ, ਉਹ ਘਰ ਵੱਡਾ-ਛੋਟਾ ਮਾਇਨੇ ਨਹੀਂ ਰੱਖਦਾ, ਕੱਖ-ਕਾਨਿਆਂ ਦੀ ਝੁੱਗੀ ਵੱਲ ਵੀ ਪਿਆਰ ਮਹਿਲਾਂ ‘ਚੋਂ ਨਿਕਲ ਕੇ ਆਉਂਦਾ ਹੈ। ਜਿਸ ਘਰ ਦੀ ਔਰਤ ਦੇ ਮੱਥੇ ਵੱਟ ਰਹੇ ਉੱਥੇ ਕਦੇ ਸੰਗੀਤ ਮਹਿਫਲਾਂ ਨਹੀਂ ਲਗਦੀਆਂ, ਨਾ ਕੁਦਰਤ ਵਰਗੇ ਲੋਕਾਂ ਦਾ ਆਉਣ ਜਾਣ ਬਣਦਾ ਹੈ। ਬਰਕਤਾਂ ਕੋਹਾਂ ਦੂਰ ਦੀ ਹੋ ਕੇ ਲੰਘ ਜਾਂਦੀਆਂ ਹਨ ਅਜਿਹੇ ਘਰਾਂ ਤੇ ਲੋਕਾਂ ਕੋਲੋ।
ਹਰ ਮੁਹੱਬਤੀ ਰੂਹ ਸੱਚੇ ਪਿਆਰ ਦੀ ਤਾਬੇਦਾਰ ਹੁੰਦੀ ਹੈ, ਪਰ ਅੱਗਿਓ ਸਾਡਾ ਮੋਹ ਵੀ ਕੋਹਰੇ ਦੇ ਮੀਂਹ ਵਰਗਾ ਹੋਣਾ ਚਾਹੀਦਾ ਹੈ, ਜੋ ਵਰ੍ਹਦਾ ਤਾਂ ਹੌਲੀ-ਹੌਲੀ ਹੈ ਪਰ ਮਨ ਦੇ ਨਦੀਆਂ-ਨਾਲਿਆਂ ‘ਚ ਮੁਹੱਬਤ ਦਾ ਹੜ੍ਹ ਲਿਆ ਦਿੰਦਾ ਹੈ।
ਦਿਲੋਂ ਸ਼ੁਕਰਾਨੇ ਜੋ ਵੀ ਸੱਜਣ ਮੇਰੇ ਸਥਾਰਨ ਜਹੇ ਜੀਵਨ ਨੂੰ ਯਾਦਗਾਰੀ ਬਣਾਉਣ ਲਈ ਵਹੀਰਾਂ ਘੱਤ ਆਉਂਦੇ ਨੇ, ਮੁਲਾਕਾਤਾਂ ਬੇਸ਼ੱਕ ਛੋਟੀਆਂ ਹੋਣ ਜਾਂ ਵੱਡੀਆਂ, ਪਰ ਹੁੰਦੀਆਂ ਬਹੁਤ ਨਿੱਘੀਆਂ ਤੇ ਯਾਦਗਾਰੀ ਹਨ। ਕੁਦਰਤ ਭਲੀ ਕਰੇ ਇਹ ਸਿਲਸਿਲਾ ਕਦੇ ਖ਼ਤਮ ਨਾ ਹੋਵੇ, ਵੱਡਾ ਕਾਫ਼ਲਾ ਬਣ ਜਾਵੇ ਪਿਆਰ ਦੇ ਸੁਦਾਗਰਾਂ ਦਾ, ਸੰਸਾਰ ਵਿਚੋਂ ਨਫ਼ਰਤ ਦਾ ਨਾਸ਼ ਬੀਜ ਹੋਵੇ।

ਹਰਫੂਲ ਸਿੰਘ ਭੁੱਲਰ
ਮੰਡੀ ਕਲਾਂ 9876870157 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

 

Previous articleਮੌਸਮ ਬੜਾ ਬੇਈਮਾਨ ਹੈ….
Next article“ਬਿੱਲੀ ਰਸਤਾ ਕੱਟ ਗਈ”