(ਸਮਾਜ ਵੀਕਲੀ)- ਜੇਕਰ ਆਪਣੇ ਗੱਦਾਰੀ ਨਾ ਕਰਦੇ ਤਾਂ ਅੱਜ ਮਰਦਾਂਵਾ ਪੰਜਾਬ ਅਣਵੰਡਿਆ ਤੇ ਆਜ਼ਾਦ ਖਿੱਤਾ ਹੋ ਕੇ ਦੁਨੀਆਂ ਦਾ ਸਭ ਤੋਂ ਮੋਹਰੀ ਦੇਸ਼ ਹੋਣਾ ਸੀ। ਪੰਜਾਬ ਨਾਲ ਹੋਏ ਧੋਖਿਆਂ, ਗੱਦਾਰੀਆਂ, ਪਿੱਠ ਪਿੱਛੇ ਹੋਏ ਵਾਰਾਂ ਤੇ ਖੌਲਦੇ ਖੂਨ ਦੇ ਬਿਰਤਾਂਤ ਜਾਨਣੇ ਨੇ ਤਾਂ ਪੁਰਾਣਾ ਇਤਿਹਾਸ ਜ਼ਰੂਰ ਪੜ੍ਹਿਓ ਜੀ, ਨਹੀਂ ਤਾਂ ਪੰਥ ਅੰਦਰ ਵਾਪਰਦਾ ਮੌਜੂਦਾ ਬਿਰਤਾਂਤ ਜ਼ਰੂਰ ਗ਼ੌਰ ਨਾਲ ਸਮਝੋ ਜੀ..! ਅਜੋਕੇ ਸੰਘਰਸ਼ਾਂ ਵਿੱਚ ਕੋਈ ਸ਼ਾਮ ਸਿੰਘ ਅਟਾਰੀਵਾਲਾ ਨਜ਼ਰ ਨਹੀਂ ਆ ਰਿਹਾ, ਕੁਰਸੀ ਦੇ ਦਾਹਵੇਦਾਰ ਜ਼ਿਆਦਾ ਨੇ…
ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਿਕ ‘ਸਿਖੀ ਸਿਖਿਆ ਗੁਰ ਵੀਚਾਰੁ’ ਗੁਰੂ ਦੀ ਸਿੱਖਿਆ ਉੱਪਰ ਵਿਚਾਰ ਕਰਨ ਵਾਲਾ ਹੀ ਸਿੱਖ ਹੁੰਦਾ ਹੈ। 1699 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਭਰਵਾਂ ਇਕੱਠ ਕਰਕੇ ਸ਼ੁੱਧ (ਖ਼ਾਲਸ) ਲੋਕਾਂ ਦਾ ਇੱਕ ਪੰਥ ਚਲਾਇਆ ਜਿਸ ਨੂੰ ‘ਸਿੰਘ’ ਦਾ ਨਾਮ ਦਿੱਤਾ ਗਿਆ ਸੀ। ਸਿੰਘਾਂ ਨੇ ਹਰ ਮੈਦਾਨ ਫਤਹਿ ਕੀਤਾ, ਨਾਲ ਹੀ ਸ਼ੁਰੂ ਹੋਇਆ ਆਪਣਿਆਂ ਦੀਆਂ ਗਦਾਰੀਆਂ ਦਾ ਸਿਲਸਲਾ…
ਸ਼ੇਰੇ-ਪੰਜਾਬ ਦੀ ਮੌਤ ਉਪਰੰਤ ਰਾਜ ਦੇ ਤਿੰਨ ਪ੍ਰਮੁੱਖ ਦਾਹਵੇਦਾਰ ਮੁਕਾ ਦਿੱਤੇ ਗਏ,
ਅੰਗਰੇਜਾਂ ਨੇ ਆਪਣੀ ਸੂਝ ਨਾਲ ਸਿੱਖ ਰਾਜ ਦਾ ਘੇਰਾ ਦਿਨੋਂ-ਦਿਨ ਤੰਗ ਕਰਿਆ, ਹੁਣ ਤਾਂ ਪੰਜਾਬ ਕੋਲ ਬੱਚਿਅ ਹੀ ਕੁਝ ਨਹੀਂ, ਵਾਅਦੇ ਫਿਰ ਵੀ ਪੰਜਾਬ ਬਚਾਉਣ ਦੇ ਕੀਤੇ ਜਾ ਰਹੇ ਹਨ।
ਗੁਰੂ ਜੀ ਵੱਲੋਂ ਖਾਸ ਤਰ੍ਹਾਂ ਦੀਆਂ ਹਦਾਇਤਾਂ, ਰਹਿਤਾਂ ਦੇ ਆਧਾਰ ਤੇ ਖ਼ਾਲਸਾ ਪੰਥ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀ ਨੂੰ ‘ਸਿੰਘ ਸਜਣਾ’ ਕਿਹਾ ਗਿਆ ਸੀ ਤੇ ਨਾਲ ਹੀ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਣ ਦੀ ਸਖ਼ਤ ਹਦਾਇਤ ਕੀਤੀ ਗਈ, ਪਰ ਅੱਜ ਅਸੀਂ ਕਿੱਥੇ ਹਾਂ? ਗੁਰੂ ਜਰੂਰ ਮੰਨਦੇ ਹਾਂ ਪਰ ਗੁਰੂ ਦੀ ਕੋਈ ਨਹੀਂ ਮੰਨਦੇ! ਇਹ ਸਾਡੇ ਪਤਨ ਦਾ ਸੁਰੂਆਤੀ ਕਾਰਨ ਸਿੱਧ ਹੋਵੇਗਾ। ਵਿਸ਼ੇਸ਼ ਢੰਗ ਨਾਲ ਸਹੀ ਕਾਰਜਾਂ, ਮਜ਼ਲੂਮਾਂ ਦੀ ਰਾਖੀ, ਜ਼ੁਲਮ ਨਾਲ ਟੱਕਰ ਆਦਿ ਗੱਲਾਂ ਤੋਂ ਪ੍ਰਭਾਵਿਤ ਹੋਕੇ ਦੂਜੀਆਂ ਕੌਮਾਂ ਦੇ ਲੋਕ ਵੀ ਅੰਮ੍ਰਿਤ ਛਕ ਕੇ ਸਿੰਘ ਸਜਣੇ ਸ਼ੁਰੂ ਹੋ ਗਏ ਸਨ। ਸਮਝ ਨਹੀਂ ਆਉਂਦੀ ਪਤਾ ਨਹੀਂ ਕਿਸ ਵਕਤ ‘ਸਿੰਘ’ ਅਤੇ ‘ਸਿੱਖ’ ਸ਼ਬਦ ਰਲਗਡ ਹੋ ਗਏ ਇਹ ਕਿਸ ਦੀ ਚਾਲ ਸੀ?
ਇਸ ਦੀ ਬਦੋਲਤ ਕੌਮ ਵਿੱਚ ਦੋ ਧਿਰਾਂ ਵਿੱਚ ਵੰਡੀ ਗਈ, ਇੱਕ ਅੰਮ੍ਰਿਤਧਾਰੀ ਅਤੇ ਦੂਜੇ ਗੈਰ ਅੰਮ੍ਰਿਤਧਾਰੀ। ਇੰਨਾਂ ਦੇ ਵਿੱਚ ਪੰਜ ਕਕਾਰਾਂ ਨੂੰ ਲੈਕੇ ਹੀ ਫਰਕ ਹੈ, ਵਰਨਾ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਨ, ‘ਤੇ ਦਸਾਂ ਪਾਤਸ਼ਾਹੀਆਂ ਵਿੱਚ ਬਰਾਬਰ ਆਸਥਾ ਵੀ ਰੱਖਦੇ ਹਨ। ਇਹਨਾ ਲੋਕਾਂ ਨੂੰ ਸਹਿਜਧਾਰੀ ਕਿਹਾ ਜਾਣ ਲੱਗਾ। ਧਰਮ ਵਜੋਂ ਦੋਵਾਂ ਵਿੱਚ ਕੋਈ ਫ਼ਰਕ ਨਹੀਂ, ਸਾਰੇ ਹੀ ਸਿੱਖ ਅਖਵਾਉਂਦੇ ਹਨ। ਪਿਛਲੇ ਕਾਫੀ ਸਮੇਂ ਤੋਂ ਕੌਮ ਦੇ ਦੁਸ਼ਮਣ ਸਿੱਖਾਂ ਵਿਚਕਾਰ ਲਕੀਰ ਕਢਵਾਉਣ ਲਈ ਤਰਲੋਮੱਛੀ ਹੋਏ ਪਏ ਸਨ। ਪਰ ਕਾਂਗਰਸ ਨੂੰ ਪਾਰਲੀਮੈਂਟ ਵਿੱਚ ਸਹਿਜਧਾਰੀਆਂ ਨੂੰ ਸਿੱਖੀ ਚੋਂ ਅਲੱਗ ਕਰਨ ਲਈ ਬਿਲ ਪਾਸ ਕਰਨ ਲਈ ਬਹੁਤ ਦਬਾਅ ਪਾਇਆ ਗਿਆ ਸੀ, ਪਰ ਕਾਂਗਰਸ ਨੇ ਇਸ ਕਲੰਕ ਨੂੰ ਆਪਣੇ ਮੱਥੇ ਤੇ ਨਾ ਲੱਗਣ ਦਿੱਤਾ। ਉੱਧਰ ਆਰ. ਐਸ. ਐਸ. ਨੇ ਸਿੱਖਾਂ ਨੂੰ ਕਦੇ ਵੀ ਅਲੱਗ ਕੌਮ ਨਹੀਂ ਮੰਨਿਆਂ ਨਾ ਮੰਨੇ ਕੋਈ ਗੱਲ ਨਹੀਂ, ਪਰ ਜੜ੍ਹਾਂ ਚ ਆਰੀ ਤਾਂ ਨਾ ਫੇਰਦੇ ਸਾਡੇ। ਆਰ. ਐਸ. ਐਸ. ਦੀ ਬਰਾਂਚ ਭਾਜਪਾ ਨੇ ਪਾਵਰ ਵਿੱਚ ਆਉਂਦਿਆਂ ਹੀ, ਸਭ ਤੋਂ ਪਹਿਲਾਂ ਇਹ ਬਿਲ ਪਾਸ ਕਰ ਦਿੱਤਾ ਕਿ ਸਹਿਜਧਾਰੀ ਸਿੱਖਾਂ ਤੋਂ, ਸਿੱਖਾਂ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਿੱਚ ਵੋਟ ਦੇਣ ਦਾ ਅਧਿਕਾਰ ਖੋਹਿਆ ਜਾਂਦਾ ਹੈ। ਜਿਸਦਾ ਸਿੱਟਾ ਇਹ ਨਿਕਲਿਆ ਕਿ ਪੰਜਾਬ ਦੀ ਖੇਤਰੀ ਪਾਰਟੀ ਦਾ ਭੋਗ ਪੈ ਗਿਆ।
ਪਰਿਵਾਰ ਨੂੰ ਦੋਫਾੜ ਕਰਨ ਵਾਲੇ ਇਸ ਕੁਲਿਹਣੇ ਫੈਸਲੇ ਵਿਰੁੱਧ ਸਿੱਖ ਕੌਮ ਨੂੰ ਇੱਕ ਦੇਖਣ ਵਾਲੇ ਸੁਹਿਰਦ ਲੋਕ ਸੁਪਰੀਮ ਕੋਰਟ ਗਏ, ਪਰ ਦੁੱਖ ਸੁਪਰੀਮ ਕੋਰਟ ਨੇ ਵੀ ਸਹਿਜਧਾਰੀ ਸਿੱਖਾਂ ਵਿਰੁੱਧ ਫੈਸਲਾ ਦੇ ਦਿੱਤਾ। ਦੁਸ਼ਮਣ ਆਪਣੀ ਚਾਲ ਵਿੱਚ ਸਫ਼ਲ ਹੋ ਗਿਆ ਹੈ। ਹੁਣ ਰੱਬ ਹੀ ਭਲੀ ਕਰ ਸਕਦਾ ਹੈ, ਕਿਉਂਕਿ ਮਲਾਹ ਹੀ ਮੁਕਰ ਗਏ। ਹੁਣ ਤਾਂ ਦੇਸ਼ ਦੀ ਸੁਪਰੀਮ ਕੋਰਟ ਦੇ ਜੱਜਾਂ ਦੇ ਮੂੰਹੋਂ ਇਹ ਨਿਕਲਣਾ ਸ਼ੁਰੂ ਹੋ ਜਾਵੇ ਕਿ ਦੇਸ਼ ਹੁਣ ਛਡਣ ਵਾਲਾ ਹੋ ਗਿਆ, ਕੀ ਉਮੀਦ ਕਰੀਏ??? ਬਾਕੀ ਸਾਡਾ ਆਪਣਾ ਕਾਟੋਕਲੇਸ਼ ਪੂਰੇ ਜੋਬਨ ਤੇ ਹੈ, ਪਤਾ ਨਹੀਂ ਜੀ ਬਣੂ..?
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly