ਸ਼ੁਭ ਸਵੇਰ ਦੋਸਤੋ,

(ਸਮਾਜ ਵੀਕਲੀ)-  ਬੇਬੇ ਅਕਸਰ ਹੀ ਦੱਸਦੀ ਹੁੰਦੀ ਐ ਕਿ ਸਾਡੇ ਵੇਲਿਆਂ ‘ਚ ਸਾਂਝੇ ਪਰਿਵਾਰ ਸੀ, ਇਤਫ਼ਾਕ ਵੀ ਸਿਰੇ ਦਾ ਹੁੰਦਾ ਸੀ, ਨਾ ਕੋਈ ਆਤਮਘਾਤ ਕਰਦਾ ਸੀ, ਨਾ ਕੋਈ ਤਲਾਕ ਦਿੰਦਾ ਸੀ, ਨਾ ਕੋਈ ਉਦਾਸ ਹੁੰਦਾ ਸੀ, ਸਾਰੇ ਜੀਆਂ ਦੇ ਚਿਹਰੇ ਨੂਰ ਹੁੰਦਾ ਸੀ, ਕੋਈ ਨਾ ਮਾਯੂਸ ਹੁੰਦਾ ਸੀ, ਕਿਸੇ ਨਾਲ ਰਿਸ਼ਤਾ ਜੋੜਨ ਸਮੇਂ ਇਨਸਾਨ ਦੀ ਸ਼ਖ਼ਸੀਅਤ ਨੂੰ ਖ਼ਾਨਦਾਨ ਦੇ ਫੀਤੇ ਨਾਲ ਨਾਪਿਆ ਜਾਂਦਾ ਸੀ। ਪਰ ਹੁਣ ਦੇ ਅਜੋਕੇ ਯੁੱਗ ਵਿਚ ਆਪਸੀ ਰਿਸ਼ਤਿਆਂ ਦੀ ਹੋਂਦ ਨੂੰ ਖ਼ਤਰਾ ਨਿੱਤ ਦਿਨ ਵੱਧਦਾ ਜਾ ਰਿਹਾ ਹੈ! ਹੁਣ ਵਾਲਿਆਂ ਨੇ ਤਾਂ ਜੀਵਨ ਨੂੰ ਕੁਝ ਇਸ ਤਰ੍ਹਾਂ ਨਾਲ ਖਿੰਡਾਰ ਲਿਆ ਹੈ, ਲਗਦਾ ਜਿਵੇਂ ਸਾਰੇ ਹੀ ਕਿਸੇ ਨੂੰ ਲੱਭ ਰਹੇ ਹੋਣ! ਪੁੱਤ ਜਿਹਨੂੰ ਅੰਦਰੋਂ ਚੈਨ ਨਾ ਮਿਲਿਆ, ਓਹਨੂੰ ਮਿਲਦਾ ਬਾਹਰੋਂ ਵੀ ਨਹੀਂ!’

*ਬਾਕਿਆ ਹੀ ਜਦੋਂ ਮਾਵਾਂ ਨਹੀਂ ਰਹਿੰਦੀਆਂ ਤਾਂ ਸਾਨੂੰ ਆਪਣਾ ਬਚਪਨ ਬਹੁਤ ਯਾਦ ਆਉਂਦਾ ਹੈ।*
ਕਹਿੰਦੀ ਬੇਬੇ ਸੱਚ ਹੀ ਐ ਕਿਉਂਕਿ ਇਸ ਮਤਲਬ ਦੇ ਸੰਸਾਰ ਅੰਦਰ ਪਿਆਰ, ਮੁਹੱਬਤ ਤੇ ਪ੍ਰੇਮ ਦਾ ਅਸਲੀ ਸਰੂਪ ਸਿਰਫ਼ ‘ਮਾਂ’ ਦੇ ਪਿਆਰ ਵਿਚੋਂ ਹੀ ਦੇਖਿਆ ਜਾ ਸਕਦਾ ਹੈ। ਬਾਕੀ ਰਿਸ਼ਤਿਆਂ ਦੇ ਪਿਆਰ ਚ ਕਿਸੇ ਨਾ ਕਿਸੇ ਰੂਪ ਵਿਚ ਗਰਜਾਂ ਦੀ ਮਿਲਾਵਟ ਜਰੂਰ ਹੁੰਦੀ ਹੈ। ਇੱਥੋਂ ਤੱਕ ਕਿ ਅਸੀਂ ਰੱਬ ਨੂੰ ਵੀ ਬਿਨਾਂ ਗਰਜ ਤੋਂ ਯਾਦ ਨਹੀਂ ਕਰਦੇ। ਫਿਰ ਦੱਸੋ ਇਸ ਦੁਨੀਆ ਵਿਚ…
*ਕਿਹੜਾ ਅੱਖਾਂ ਦੇ ਅੱਥਰੂ ਪੂੰਝੇ ਕਿਹੜਾ ਸਮਝੇ ਦਰਦਾਂ ਨੂੰ?*
*ਹਰ ਰਿਸ਼ਤਾ ਚੁੱਕੀ ਫਿਰਦਾ ਮੋਢੇ ਆਪਣੀਆਂ ਗਰਜਾਂ ਨੂੰ!*
ਤਨ, ਮਨ, ਧੰਨ ਜੀਵਨ ਦੇ ਸਭ ਤੋਂ ਵੱਡੇ ਸਿਆਪੇ ਹਨ। ਕੁਦਰਤ ਵੱਲੋਂ ਹਰ ਵਿਅਕਤੀ ਨੂੰ ਇਨ੍ਹਾਂ ਤਿੰਨਾਂ ਚੀਜ਼ਾਂ ਚ ਇੱਕ ਖ਼ਜਾਨਾ ਜਰੂਰ ਬਖਸ਼ਿਸ਼ ਕੀਤਾ ਹੁੰਦਾ ਹੈ। ਇਸ ਦੁਨੀਆਂ ਵਿੱਚ ਕੋਈ ਵੀ ਜਦੋਂ ਕਿਸੇ ਦੂਸਰੇ ਨਾਲ ਜੁੜਦਾ ਹੈ ਤਾਂ ਉਸ ਪਿੱਛੇ ਇਨ੍ਹਾਂ ਤਿੰਨਾਂ ਵਿੱਚੋਂ ਕੋਈ ਨਾ ਕੋਈ ਜਰੂਰਤ ਛੁੱਪੀ ਜਰੂਰ ਹੁੰਦੀ ਹੈ। ਕਦੇ ਨਿੱਤ ਦੇ ਰੁਝੇਵਿਆਂ ਤੋਂ ਕੁਝ ਸਮਾਂ ਖੁਦ ਲਈ ਕੱਢ ਕੇ ਲਿਸ਼ਟ ਬਣਾ ਕੇ ਦੇਖੀਏ ਤਾਂ ਅਸੀਂ ਦੂਸਰਿਆਂ ਨਾਲ ਜਰੂਰ ਕਿਸੇ ਨਾ ਕਿਸੇ ਜਰੂਰਤ ਕਾਰਨ ਜੁੜੇ ਹਾਂ। ਮੈਂ ਇਹ ਖੁਦ ਤੇ ਅਜਮਾ ਕੇ ਦੇਖਦਿਆ ਤਾਂ ਮੇਰਾ ਖੁਦ ਦੂਸਰਿਆਂ ਪ੍ਰਤੀ ਨਜ਼ਰੀਆ ਬਹੁਤ ਕਲੀਅਰ ਹੋਇਆ ਹੈ।
*ਦੌਲਤ, ਦੁਨੀਆਂ, ਪਿਆਰ ਤਿੰਨੇ ਨੇ ਧੋਖੇ,*
*ਤਿੰਨਾਂ ਤੋਂ ਬੇਮੁੱਖ ਹੋ ਮੇਰੀ ਸੋਚ ਨੂੰ ਤੂੰ ਪੜ੍ਹੀ!*

ਹਰਫੂਲ ਸਿੰਘ ਭੁੱਲਰ
ਮੰਡੀ ਕਲਾਂ 9876870157 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

 

Previous articleਕਵਿਤਾ / ਪਿਤਾ ਦਾ ਸੁਫਨਾ!
Next article*ਜੈ ਕਿਸਾਨ*