(ਸਮਾਜ ਵੀਕਲੀ)- ਤਕਰੀਬਨ ਅੱਧੀ ਜ਼ਿੰਦਗੀ ‘ਵਰਦੀ’ ਵਿਚ ਗੁਜ਼ਰ ਗਈ, ਸਿਲਸਿਲਾ ਸਕੂਲ ਦੀ ਵਰਦੀ ਤੋਂ ਸ਼ੁਰੂ ਹੋਇਆ ਐਨ. ਐਸ. ਐਸ, ਐਨ. ਸੀ. ਸੀ, ਭਾਰਤੀ ਫੌਜ, ਯੂ. ਐਨ. ਤੇ ਹੁਣ ਪੰਜਾਬ ਪੁਲਿਸ ਦੀ ਵਰਦੀ, ਲਗਦਾ ਬਾਕੀ ਰਹਿੰਦੀ ਜ਼ਿੰਦਗੀ ਇਨ੍ਹਾਂ ਵਰਦੀਆਂ ਦੀਆਂ ਮਿਹਰਬਾਨੀਆਂ ਪ੍ਰਤੀ ਧੰਨਵਾਦ ਦੇ ਹੁਲਾਰਿਆਂ, ਸ਼ੁਕਰਾਨੇ ਕਰਦਿਆ ਤੇ ਸਤਿਕਾਰ ਵਿਚ ਗੁਜ਼ਰੇਗੀ। ਕਿਉਂਕਿ ਮੇਰੇ ਘਰ ਪਰਿਵਾਰ ਦੀਆਂ ਮੁਢਲੀਆਂ ਲੋੜਾਂ ਤਾਂ ਵਰਦੀ ਸਦਕੇ ਹੀ ਪੂਰੀਆਂ ਹੋਈਆਂ ਹਨ। ਸੋ ਇਸ ਲਈ ਹਮੇਸ਼ਾਂ ਕੋਸ਼ਿਸ਼ ਰਹਿੰਦੀ ਹੈ ਕਿ ਵਰਦੀ ਦੀ ਸ਼ਾਨੋਸ਼ੌਕਤ ਨੂੰ ਬਰਕਰਾਰ ਰੱਖਾ, ਮੈਨੂੰ ਤਾਂ ਪੱਤੇ ਵਾਂਗੂੰ ਡਿੱਗੇ ਨੂੰ ਰੋਜ਼ਗਾਰ ਮਿਲਿਆ, ਅੱਜ ਵਰਦੀ ਕਰਕੇ ਮੈਂ ਪੱਤਾ ਨਹੀਂ ਹਵਾ ਹਾਂ। ਕੁਦਰਤ ਮੇਹਰ ਕਰੇ ਵਰਦੀ ਵਾਲਾ ਕੋਈ ਨੌਜਵਾਨ ਜਾਂ ਅਧਿਕਾਰੀ ਕਦੇ ਵੀ ਆਪਣੇ ਈਮਾਨ ਤੋਂ ਨਾ ਡੋਲੇ, ਸਦਾ ਸਤਿਕਾਰ ਵਾਲੇ ਸਲਿਊਟ ਵੱਜਦੇ ਹੀ ਰਹਿਣ।
ਭਾਰਤੀ ਫੌਜ ਤੋਂ ਸੇਵਾ ਮੁਕਤ ਹੋਣ ਉਪਰੰਤ ਕੁਦਰਤ ਨੇ ਪੰਜਾਬ ਪੁਲਿਸ ਦੀ ਵਰਦੀ ਬਖਸ਼ਿਸ਼ ਕੀਤੀ ਹੈ। ਮਹਿਕਮੇ ਦਾ ਹਾਲੇ ਤਜਰਬਾ ਤਕਰੀਬਨ ਪੰਜ ਕੁ ਵਰਿਆਂ ਦਾ ਹੋਇਆ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਪੰਜਾਬ ਪੁਲਿਸ ਦੀ ਵਰਦੀ ਵਿਚ ਸਾਡੇ ਹੀ ਧੀਆਂ ਪੁੱਤ ਨੇ, ਸੋ ਸਾਡੇ ਹੀ ਸਮਾਜ ਦਾ ਅੰਗ ਹਨ। ਸਾਰੇ ਹੀ ਜਵਾਨ ਮੁੰਡੇ ਕੁੜੀਆਂ ਤਕਰੀਬਨ ਬਹੁਤ ਹੀ ਸਲਾਹੁਣਯੋਗ ਕੰਮ ਕਰ ਰਹੇ ਹਨ। ਸੋ ਕਿਸੇ ਇੱਕ ਦੀ ਅਣਗਹਿਲੀ ਕਰਕੇ ਸਾਰਿਆਂ ਨੂੰ ਬੁਰਾ ਕਹਿਣਾ ਸਮਾਜ ਦਾ ਅਤਿ ਨਿੰਦਣਯੋਗ ਵਰਤਾਰਾ ਹੈ। ਕਿਉਂਕਿ ਪੁਲਿਸ ਵਾਲਿਆਂ ਦੇ ਮਾਪੇ, ਭੈਣ, ਭਰਾ, ਬੱਚੇ ਤੇ ਰਿਸ਼ਤੇ ਇਸੇ ਸਮਾਜ ਦਾ ਹਿੱਸਾ ਹਨ, ਜਿਸ ਵਿਚ ਅਸੀਂ ਸਾਰੇ ਰਹਿੰਦੇ ਹਾਂ। ਦੋਸਤੋ ਅਹਿਸਾਸ ਪੁਲਿਸ ਵਰਦੀ ਵਿਚ ਵੀ ਹੁੰਦੇ ਨੇ, ਖ਼ਾਕੀ ਥੱਲੇ ਵੀ ਦਿਲ ਧੜਕਦਾ ਹੈ, ਸ਼ਬਦਾਂ ਦੀਆਂ ਸਾਂਝਾ ਹੁੰਦੀਆਂ ਨੇ ਤੇ ਕਵਿਤਾ ਵਰਗੇ ਕੋਮਲ ਵਿਚਾਰ ਵੀ, ਅਸਲੀ ਸਾਂਝ ਵਿਚਾਰਾਂ ਦੀ ਹੁੰਦੀ ਹੈ, ਜਿੱਥੇ ਵਿਚਾਰ ਮਿਲ ਗਏ, ਉੱਥੇ ਦਿਲ ਆਪੇ ਹੀ ਮਿਲ ਜਾਂਦੇ ਨੇ, ਤੇ ਪੰਧ ਆਪਣੇ ਆਪ ਮਿਟ ਜਾਂਦੇ ਨੇ, ਜਦੋਂ ਪੰਧ ਮਿਟ ਜਾਣ ਫਿਰ ਕੋਈ ਬੇਗ਼ਾਨਾ ਨਹੀਂ ਰਹਿੰਦਾ, ਜਦੋਂ ਕੋਈ ਬੇਗ਼ਾਨਾ ਹੀ ਨਾ ਰਿਹਾ ਤਾਂ ਰੌਲਾ ਹੀ ਕਾਹਦਾ? ਸਭ ਚਿੰਤਾਵਾਂ ਤੋਂ ਮੁਕਤੀ। ਇਹ ਮੁਕਤੀ ਸੱਚੀਆਂ ਸਾਂਝਾਂ ਨਾਲ ਹੀ ਪ੍ਰਾਪਤ ਹੋਵੇਗੀ। ਸੋ ਵਿਰੋਧ ਕਿਸੇ ਮਹਿਕਮੇ ਦਾ ਨਹੀਂ, ਕਿਸੇ ਵਿਅਕਤੀ ਵਿਸ਼ੇਸ਼ ਦਾ ਕਰਿਆ ਜਾ ਸਕਦਾ ਹੈ।
ਬਾਕੀ ਭਾਈ ਸਾਨੂੰ ਨਾ ਪਸੰਦ ਕਰਨ ਵਾਲਿਆਂ ਬਾਰੇ ਮੈਂ ਹੋਰ ਕੁਝ ਨਹੀਂ ਕਹਿਣਾ ਕਿਉਂਕਿ ਕੁਝ ਕੁ ਪਤੰਦਰ ਤਾਂ ਆਦਤ ਤੋਂ ਮਜਬੂਰ ਹੁੰਦੇ ਨੇ ਓਹ ਪ੍ਰਜਾਤੀ ਤਾਂ ਜੇਕਰ ਸਾਨੂੰ ਪਾਣੀ ਉੱਪਰ ਤੁਰਦਾ ਵੀ ਦੇਖ ਲੈਵੇ ਤਾਂ ਵੀ ਨਿੰਦਿਆ ਕਰਦੇ ਕਹਿਣਗੇ… *ਇਨ੍ਹਾਂ ਨੂੰ ਤੈਰਨਾ-ਤਾਰਨਾ ਕਾਹਨੂੰ ਆਉਂਦਾ, ਤਾਂਹੀ ਤਾਂ ਪਾਣੀ ਉਪਰ ਵੀ ਤੁਰੇ ਫਿਰਦੇ ਆ ਪਾਗਲ*!
ਹਰਫੂਲ ਸਿੰਘ ਭੁੱਲਰ
ਮੰਡੀ ਕਲਾਂ 9876870157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly