(ਸਮਾਜ ਵੀਕਲੀ)-ਜਿਹੜੇ ਦਿਲ ਆਪਣਿਆਂ ਅੱਗੇ ਇੱਕ ਪਵਿੱਤਰ ਬੀੜ ਵਾਂਗ ਨਹੀਂ ਖੁੱਲ੍ਹਦੇ, ਉਨ੍ਹਾਂ ਦੀ ਦ੍ਰਿਸ਼ਟੀ ਵਿਸ਼ਾਲ ਨਹੀਂ ਹੁੰਦੀ, ਅਨੁਭਵ ਡੂੰਘਾ ਨਹੀਂ ਹੁੰਦਾ, ਸੋਚ ਉਸਾਰੂ ਨਹੀਂ ਹੁੰਦੀ ਅਤੇ ਚਿਹਰੇ ਕਦੇ ਰੌਣਕਾਂ ਨਹੀਂ ਆਉਂਦੀਆਂ…
ਕਈ ਦੋਸਤ ਸਾਡੀ ਜ਼ਿੰਦਗੀ ‘ਚ ਰੱਬ ਬਣਕੇ ਬਹੁੜਦੇ ਹਨ, ਜੋ ਸਾਡੇ ਲਈ ਦਿਲੋ ਸੋਚਦੇ ਹਨ, ਜੋ ਸਾਡੇ ਲਈ ਲਗਾਤਾਰ ਦੌੜਦੇ ਹਨ, ਜੋ ਸਾਡੇ ਭਲੇ ਲਈ ਖ਼ੂਨ ਛਿੜਕਦੇ ਹਨ, ਆਪ ਭਾਵੇਂ ਭਟਕੇ ਹੀ ਰਹਿਣ, ਸਾਡੀਆਂ ਰਾਹਾਂ ਨੂੰ ਰੁਸ਼ਨਾਉੰਦੇ ਹਨ, ਆਪ ਸੰਕਟ ਝੱਲ-ਝੱਲ ਕੇ ਸਾਨੂੰ ਸੁੱਖ ਦਿੰਦੇ ਹਨ, ਆਪਣਿਆਂ ਲਈ ਭਟਕਣਾ, ਖੁਦ ਲਈ ਰਾਹਾਂ ਰੌਸ਼ਨ ਕਰਨਾ ਹੀ ਹੁੰਦਾ ਹੈ! ਅਜਿਹੇ ਹਵਾ ਦੇ ਬੁੱਲਿਆਂ ਨੂੰ ਹਰ ਕੋਈ ਤਰਸਦਾ ਹੈ, ਪਰ ਨਸੀਬ ਕਿਸੇ ਕਿਸਮਤ ਦੇ ਧਨੀ ਨੂੰ ਹੀ ਹੁੰਦੇ ਹਨ ਓਹ ਲੋਕ ਜਿਨ੍ਹਾਂ ਤੋਂ ਜੀਵਨ ਜਾਂਚ ਬਾਰੇ ਕੁਝ ਬਿਹਤਰੀਨ ਸਿੱਖਿਆ ਜਾ ਸਕੇ।
ਜਿਆਦਾ ਤਰ੍ਹ ਅੱਜ-ਕੱਲ ਕੁਦਰਤ ਨੂੰ ਤਾਂ ਆਪਾਂ ਵਿਸਾਰ ਹੀ ਦਿੱਤਾ ਹੈ, ਤੇ ਫ਼ਿਰ ਕੁਦਰਤੀ ਪਿਆਰ (ORGANIC LOVE) ਕਿੱਥੋਂ ਲੱਭਣਾ ਸਾਨੂੰ? ਹੁਣ ਤਾਂ ਪਿਆਰ ਦੀ ਫ਼ਸਲ ਨੂੰ ਪਕਾਉਣ ਲਈ, ਲਗਾਤਾਰ ਪੈਸੇ ਦੀ ਖਾਦ ਪਾਉਣੀ ਪੈਂਦੀ ਐ, ਫਿਰ ਜਿਨਾਂ ਮਰਜ਼ੀ ਝਾੜ ਲਈ ਜਾਵੋ! ਚੰਦਰੀ ਮੁਹੱਬਤ ਵੀ ਹੁਣ ਸਮਝਦਾਰ ਹੋ ਗਈ, ਹੈਸੀਅਤ ਦੇਖ ਕੇ ਅੱਗੇ ਵੱਧਦੀ ਹੈ!
ਦੁਨੀਆਂ ਦਾ ਇਹ ਮੇਲਜੋਲ ਬਹੁਤ ਹੀ ਦਿਲਚਸਪ ਹੈ, ਇੱਥੇ ਸਾਧ ਅਤੇ ਚੋਰ ਦੋਵੇਂ ਵੱਸਦੇ ਰੱਸਦੇ ਹਨ। ਧਰਤੀ ਤੇ ਅਸੀਂ ਸਾਰੇ ਇੱਕ ਵਿਸ਼ਾਲ ਨਾਟਕ ਦੇ ਪਾਤਰ ਹਾਂ, ਕਦੇ ਧੋਖਾ ਖਾਂਦੇ ਹਾਂ, ਕਦੇ ਧੋਖਾ ਦਿੰਦੇ ਹਾਂ, ਜਿਹੋ ਜਿਹੀ ਸਥਿਤੀ ਹੁੰਦੀ ਹੈ, ਓਹੋ ਜਿਹੇ ਅਸੀਂ ਬਣ ਜਾਂਦੇ ਹਾਂ ਕਿਉਂਕਿ ਜੀਵਨ ਨਿਯਮਾਂ, ਸਿਧਾਂਤਾਂ ਜਾਂ ਅਸੂਲਾਂ ਅਨੁਸਾਰ ਨਹੀਂ ਚਲਦਾ ਇਹ ਪ੍ਰਸਥਿਤੀਆਂ ਅਨੁਸਾਰ ਚਲਦਾ ਹੈ। ਸੋ ਕੁਦਰਤ ਸਭ ਤੇ ਭਲੀ ਕਰੇ ਕਦੇ ਵੀ ਸਾਡੇ ਆਪਣਿਆਂ ਨੂੰ ਇਹ ਅਹਿਸਾਸ ਨਾ ਹੋਵੇ ਕਿ ਅਸੀਂ ਆਪਣਿਆਂ ਤੋਂ ਧੋਖਾ ਖਾਧਾ ਹੈ। ਸਾਡੀਆਂ ਹਰ ਪੱਖੋਂ ਬਰਕਤਾਂ ਬਣੀਆਂ ਰਹਿਣ ਕਿਉਂਕਿ ਧੋਖਾ ਦੇਣ ਦੀ ਨੌਬਤ ਓਦੋਂ ਆਉਂਦੀ ਹੈ ਜਦੋਂ ਸਾਨੂੰ ਸਾਡਾ ਲਾਲਚ ਅਤੇ ਸਾਡੀ ਨਫ਼ਰਤ ਕਾਬੂ ਕਰਨੀ ਔਖੀ ਹੋ ਜਾਵੇ।
ਆਓ ਚਿਹਰੇ ਰੌਣਕਾਂ ਦਾ ਗਿੱਧਾ ਹਮੇਸ਼ਾਂ ਲਈ ਪੈਂਦਾ ਰੱਖਣ ਖਾਤਰ ਚਸ਼ਮਿਆਂ ਵਾਲੇ ਚਾਅ ਅਤੇ ਦਰਿਆਵਾਂ ਜਿਹੇ ਦਿਲ ਰੱਖੀਏ, ਅਜੇ ਤੱਕ ਕਿਸੇ ਨੇ ਵੀ ਪ੍ਰਸੰਨ ਹੋ ਕੇ ਉਧਾਰ ਨਹੀਂ ਚੁਕਾਇਆ।
ਹਰਫੂਲ ਸਿੰਘ ਭੁੱਲਰ,
ਮੰਡੀ ਕਲਾਂ 98768 70157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly