(ਸਮਾਜ ਵੀਕਲੀ)
ਇਹ ਮੇਰੀ ਤਸਵੀਰ ‘ਸਿੱਖ ਰੈਜੀਮੈਂਟ ਸੈਂਟਰ’ ਦੇ ਬਾਰ ਮੈਮੋਰੀਅਲ ਵਿਖੇ 26 ਜਨਵਰੀ 2015 ਦੀ ਹੈ, ਮਗਰ ਦਿਖਦੇ ਖੰਭਿਆਂ ਤੇ ਦੇਸ਼ ਦੇ ਸੁਨਹਿਰੀ ਭਵਿੱਖ ਲਈ ਕੁਰਬਾਨ ਹੋਣ ਵਾਲੇ ਸ਼ਹੀਦਾਂ ਦੇ ਨਾਮ ਉਕਰੇ ਹੋਏ ਹਨ। ਸੁਣਕੇ ਰੌਂਗਟੇ ਖੜ੍ਹੇ ਹੋ ਜਾਂਦੇ ਆ ਜਦੋਂ ਹਰ ਸਾਲ ਅਨੇਕਾਂ ਹੀ ਜਵਾਨ ਪੁੱਤਰਾਂ ਦੇ ਨਾਮ ਇਨ੍ਹਾਂ ਵਿਚ ਹੋਰ ਸ਼ਾਮਿਲ ਹੋ ਜਾਂਦੇ ਨੇ! ਜ਼ਰਾ ਕਲਪਨਾ ਤਾਂ ਕਰਿਓ ਦੇਸ਼ ਵਾਸੀਓ ਕਿ ਬਾਕੀ ਹੋਰ ਰੈਜੀਮੈਂਟਾਂ ਨੂੰ ਮਿਲਾਕੇ ਕਿੰਨੇ ਮੱਥਵਰਗੀ ਪਰਿਵਾਰਾਂ ਦੇ ਪੁੱਤਾਂ ਦੀਆਂ ਸਾਲਾਂ ਆਉਂਦੀਆਂ ਨੇ ਪਿੰਡਾਂ ਨੂੰ..?
ਅੱਜ 26 ਜਨਵਰੀ ਭਾਰਤ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਜਨਮ ਦੀ ਇਤਿਹਾਸਕ ਤਰੀਖ ਹੈ! ਸੰਵਿਧਾਨ ਲਿਖਣ ਲਈ ਡਾ਼ ਭੀਮ ਰਾਓ ਅੰਬੇਦਕਰ ਤੇ ਨਾਲ ਦੀ ਕਮੇਟੀ ਨੂੰ 2 ਸਾਲ 11 ਮਹਿਨੇ ਤੇ 18 ਦਿਨ ਦਾ ਸਮਾਂ ਲੱਗਾ ਤੇ ਲਾਗੂ ਹੋਇਆਂ ਅੱਜ 73 ਸਾਲ ਹੋ ਚੁੱਕੇ ਹਨ! ਪਰ ਅਫ਼ਸੋਸ ਕਾਨੂੰਨ ਦੀ ਅਸਲੀ ਪਰਿਭਾਸ਼ਾ ਲਾਗੂ ਕਰਨ ਵਿੱਚ ਅਸੀਂ ਹਾਲੇ ਤੱਕ ਕਾਮਯਾਬ ਨਹੀਂ ਹੋ ਸਕੇ!
ਪੰਜਾਬੀਅਤ ਕੌਮ ਹਮੇਸ਼ਾਂ ਨਵੀਂ ਕ੍ਰਾਂਤੀ ਲਈ ਮੋਹਰੀ ਮੰਨੀ ਗਈ ਹੈ। ਪੰਜਾਬ ਵਿਚ ਨਵੀਆਂ ਉਮੀਦਾਂ ਨਾਲ ਲੋਕਾਂ ਨੇ ਨਵੀਂ ਸਰਕਾਰ ਲਿਆਂਦੀ ਸੀ। ਪੂਰਨ ਯਕੀਨ ਸੀ ਕਿ ਇਹ ਸਰਕਾਰ 15 ਅਗਸਤ, 26 ਜਨਵਰੀ ਤੇ ਦੇਸ਼ ਵਾਸੀਆਂ ਨੂੰ ਜਰੂਰ ਕੋਈ ਨਵਾਂ ਸੰਦੇਸ਼ ਦੇਵੇਗੀ, ਪਰ ਨਹੀਂ ਹਾਲੇ ਓਹੀ ਪੁਰਾਣੇ ਡੱਡੂ ਡਰਾਮੇਂ ਕਰੀ ਜਾ ਰਹੀ ਹੈ। ਨਵੇਂ ਮੁੱਖ ਮੰਤਰੀ ਪੰਜਾਬ ਨੇ 15 ਅਗਸਤ ਨੂੰ ਲੁਧਿਆਣੇ ਵਿਖੇ ਪ੍ਰੇਡ ਤੋਂ ਸਲਾਮੀ ਲਈ ਸੀ। ਸਾਨੂੰ ਉਥੇ ਡਿਊਟੀ ਲਈ ਗਏ 10 ਸਾਬਕਾ ਸੈਨਿਕਾਂ ਨੂੰ ਸਾਡੇ ਹੀ ਸੈਨਿਕ ਭਲਾਈ ਦਫ਼ਤਰ ਵਿਚ ਕਮਰਾ ਨਹੀਂ ਮਿਲਿਆ ਸੀ ਕਿਉਂਕਿ ਡੀ ਸੀ ਦਫ਼ਤਰ ਵੱਲੋਂ ਮੁੱਖ ਮੰਤਰੀ ਸਕਿਊਰਟੀ ਲਈ ਸਾਰੇ ਹੀ ਕਮਰੇ ਬੁੱਕ ਕੀਤੇ ਹੋਏ ਸਨ। ਫ਼ੌਜੀ ਹੋਟਲਾਂ ਵਿਚ ਪੈਸੇ ਦੇ ਕੇ ਰੁਕੇ, ਸਰਕਾਰੀ ਕਮਰਿਆਂ ਵਿਚ ਕੋਈ ਆਇਆਂ ਹੀ ਨਹੀਂ। ਕਹਿਣਾ ਮੈਂ ਇਹ ਚਾਹੁੰਦਾ ਹਾਂ ਕਿ ਦੇਸ਼ ਲਈ ਹੱਡ ਗਾਲਣ ਵਾਲਿਆਂ ਦੀ ਕਦਰ ਨਾ ਕਦੇ ਸਰਕਾਰ ਨੇ ਪਾਈ, ਨਾ ਪਰਿਵਾਰਾਂ ਨੇ! ਦੇਸ਼ ਦਾ ਪੂਰਾ ਪ੍ਰਸ਼ਾਸਨ ਸੂਲ਼ੀ ਚਾੜ੍ਹਿਆ ਹੋਇਆ ਹੈ, ਕੋਈ ਸਾਦਗੀ ਨਜ਼ਰ ਨਹੀਂ ਆ ਰਹੀ ਸਮਾਗਮਾਂ ਵਿਚ, ਸਿਆਸਤ ਦੀ ਖੇਡ ਹੀ ਨਿਰਾਲੀ ਹੈ। ਦੇਸ਼ ਦੇ ਜਵਾਨ ਪੁੱਤਰਾਂ ਦੀ ਮੌਤ ਤੇ ਜਸ਼ਨ ਹੱਦ ਹੋਈ ਪਈ ਐ।
ਅੱਜ ਮੁਲਕ ਦਾ ਕਰੋੜਾਂ ਰੁਪਈਆ ਬਰਬਾਦ ਹੋਵੇਗਾ। ਸਾਡੇ ਫੌਜੀ ਵੀਰ ਤੇ ਹੋਰ ਫੋਰਸਾਂ ਦੇ ਜਵਾਨ ਕਾਲੇ ਅੰਗਰੇਜ਼ਾਂ ਲਈ, ਕੜਾਕੇ ਦੀ ਠੰਢ ਵਿਚ ਲੰਮੀ ਦੂਰੀ ਦੀਆਂ ਪ੍ਰੇਡਾਂ ਕਰਨਗੇ। ਹੁਕਮਰਾਨ ਦੇਸ਼ ਦੀ ਝੂਠੀ ਤਰੱਕੀ ਦੀਆਂ ਟਾਹਰਾਂ ਮਾਰਨਗੇ। ਪੁੱਛੇਗਾ ਕੋਈ ਨਹੀਂ ਕਿ ਡਾਲਰ 80 ਰੁਪਏ ਦਾ ਕਿਸ ਦੀ ਵਜ੍ਹਾ ਨਾਲ ਹੋਇਆ ਹੈ?
ਸੁਣਿਆ ਫਰਾਂਸ ਸਮੇਤ ਕਈ ਮੁਲਕਾਂ ਨੇ ਆਪਣੇ ਸਾਰੇ ਅਜਿਹੇ ਬਕਵਾਸ ਸਮਾਗਮ ਕਰਨੇ ਕਦੋਂ ਦੇ ਬੰਦ ਕਰ ਦਿੱਤੇ ਹਨ। ਕਰੋੜਾਂ ਰੁਪਏ ਬਾਰ-ਬਾਰ ਖ਼ਰਚ ਕਰਨੇ ਉਨ੍ਹਾਂ ਨੂੰ ਚੰਗੇ ਨਹੀਂ ਲੱਗੇ!
‘ਫੌਜੀ’ ਸਿਰਫ਼ ਦੋ ਅੱਖਰਾਂ ਦਾ ਸ਼ਬਦ ਹੈ! ਪਰ ਇਸ ਦੀ ਪ੍ਰੀਭਾਸ਼ਾ ਆਮ ਲੋਕਾਈ ਨੂੰ ਸਮਝਾਈ ਜਾ ਹੀ ਨਹੀਂ ਸਕਦੀ। ਥੋੜ੍ਹੀ ਜਲੀ ਹੋਈ ਰੋਟੀ ਵੇਖ ਕੇ ਆਪਣੀ ਮਾਂ ਨਾਲ ਨਰਾਜ ਹੋਣ ਵਾਲਿਆਂ ਨੂੰ ਕਿਵੇਂ ਦੱਸਾ ਕਿ…’ਭਾਰਤ ਮਾਂ ਦੀ ਰੱਖਿਆ ਲਈ ਇੱਕ ਫੌਜੀ ਨੂੰ ਤੰਦੂਰ ਵਾਂਗੂੰ ਜਲਣਾ ਤੇ ਪਾਣੀ ਵਾਂਗੂੰ ਚੰਮਣਾ ਪੈਂਦਾ ਹੈ। ਸਹਾਦਤਾਂ ਨੂੰ ਸਮਝੀਏ ਤਾਂ ਉਮਰਾਂ ਦੀ ਭੁੱਖ ਮਿੱਟ ਜਾਂਦੀ ਹੈ। ਮੇਰਾ 18 ਸਾਲ ਤਜ਼ਰਬਾ ‘ਫੌਜ ਵਿਚ ਇਨਸਾਨ ਨਹੀਂ ਮਜਬੂਰੀ ਜਾਂਦੀ ਹੈ!’
ਕੋਈ ਸ਼ੱਕ ਨਹੀ ਕਿ ਫੌਜੀ ਅਫ਼ਸਰਾਂ ਦਾ ਜਵਾਨਾਂ ਪ੍ਰਤੀ ਰਵੱਈਆ ਅੱਜ ਅੰਗਰੇਜ਼ ਅਫ਼ਸਰਾਂ ਤੋਂ ਵੀ ਘਟੀਆ ਹੈ। ਮੇਰੀ ਗੱਲ ਯਾਦ ਰੱਖਿਓ ਇੱਕ ਦਿਨ ਭਾਰਤੀ ਫੌਜ ਅੰਦਰ ਬਹੁਤ ਵੱਡਾ ਵਿਦਰੋਹ ਹੋਵੇਗਾ, ਜੋ ਸਭ ਕੁਝ ਮਲੀਆਂ ਮੇਟ ਕਰ ਦੇਵੇਗਾ ਕਿਉਂਕਿ ਜਵਾਨਾਂ ਦੀ ਹਾਲਤ ਸਮਝਣ ਵਾਲਾ ਨਾ ਕੋਈ ਹੁਕਮਰਾਨ ਹੈ ਨਾ ਕੋਈ ਅਫ਼ਸਰਸ਼ਾਹੀ ਬੇੜਾ ਬਿਲਕੁਲ ਗਰਕ ਚੁੱਕਿਆ ਹੈ।
ਤਿਰੰਗੇ ਵਿੱਚ ਲਿਪਟ ਕੇ ਆਈ ਫੌਜੀ ਦੀ ਦੇਹ ਮਗਰ ਤਾਂ ਜਰੂਰ ਝੂਠ ਅਤੇ ਦਿਖਾਵੇ ਦੇ ਕਾਫ਼ਲੇ ਹੁੰਦੇ ਨੇ, ਪਰ ਜਿਉਂਦੇ ਜੀਅ ਇਸ ਦਰਵੇਸ਼ ਨਾਲ ਕੋਈ ਵੀ ਪਿੰਡ ਦਾ ਮੋਹਤਬਰ ਹੱਕ ਸੱਚ ਦੀ ਗੱਲ ਕਰਨ ਲਈ ਨਹੀਂ ਤੁਰਦਾ। ਪੰਛੀਆਂ ਲਈ ਆਲ੍ਹਣੇ ਟੰਗਣ ਵਾਲੇ, ਫੌਜੀਆਂ ਦੇ ਘਰ ਢਾਹੁਣ ਤੱਕ ਆਉਂਦੇ ਨੇ, ਇਹ ਮੇਰੀ ਨਹੀਂ ਬਹੁ-ਗਿਣਤੀ ਫੌਜੀਆਂ ਦੀ ਕਹਾਣੀ ਹੈ। ਸ਼ੁਕਰ ਹੈ ਘਰ ਦਾ ਮੁੱਖ ਦਰਵਾਜ਼ਾ ਕੁਦਰਤ ਵੱਲੋਂ ਸਰਕਾਰੀ ਸੜਕ ਤੇ ਖੁਲ੍ਹਦਾ ਹੈ ਨਹੀਂ ਤਾਂ ਸ਼ਾਇਦ ਓ ਵੀ ਬੰਦ ਹੋ ਸਕਦਾ ਸੀ, ਘਰ ਦੀਆਂ ਬਾਕੀ ਦਿਸ਼ਾਵਾਂ ਵਿਚੋਂ ਜ਼ਮੀਨੀ ਹਮਲੇ ਹੁਣ ਵੀ ਸਹਿੰਦਾ ਹਾਂ। ਕੋਈ ਆਪਣੀ ਸੂਝਬੂਝ ਨਾਲ ਭਾਵੇਂ ਬਚਿਆ ਹੋਵੇ, ਨਹੀਂ ਤਾਂ ਜ਼ਿਆਦਾਤਰ ਫੌਜੀਆਂ ਦਾ ਹੱਕ ਆਪਣਿਆਂ ਅਤੇ ਪਿੰਡ ਵਾਲਿਆਂ ਨੇ ਜਰੂਰ ਖਾਂਧਾ ਹੈ!
ਮਾਂ ਦਾ ਜੀਵਨ ਦਾਨ, ਅਨਾਜ ਪੈਦਾ ਕਰਨ ਵਾਲਾ ਮੇਂਹਨਤੀ ਕਿਸਾਨ ਅਤੇ ਦੇਸ਼ ਦੀ ਰਖਿਆ ਕਰਨ ਵਾਲਾ ਫੌਜੀ ਜਵਾਨ , ਇਹ ਤਿੰਨੋਂ ਹੀ ਸ਼ਰਿਸ਼ਟੀ ਦੇ ਪਰਤੀਪਾਲਕ ਹਨ । ਮਾ ਜਨਮ ਦਿੰਦੀ ਹੈ , ਕਿਸਾਨ ਉਸਦੇ ਜੀਵਨ ਲਈ ਖੁਰਾਕ ਤੇ ਹੋਰ ਸਾਧਨ ਪੈਦਾ ਕਰਦਾ ਹੈ ਤੇ ਜਵਾਨ ਆਪਣੀ ਜਿੰਦਗੀ ਦੀ ਪਰਵਾਹ ਨਾ ਕਰਕੇ ਉਸਦੀ ਸੁਰਖਿਆ ਕਰਦਾ ਹੈ ਤਾਂ ਕਿ ਉਹ ਆਪਣੇ ਜੀਵਨ ਦੇ ਨਿਸ਼ਾਨਿਆਂ ਦੀ ਪਰਾਪਤੀ ਨਿਸ਼ਚਿਤ ਹੋ ਕੇ ਕਰੇ । ਪਰ ਅਫਸੋਸ ਹੈ ਕਿ ਸਾਡੇ ਦੇਸ਼ ਵਿਚ ਇਹ ਤਿੰਨੋਂ ਹੀ ਰਾਜਨੀਤਕ/ ਅਫਸਰਸ਼ਾਹੀ/ ਕਾਰਪੋਰੇਟ/ ਘਰਾਣਿਆ ਵਲੋਂ ਲੁਟ ਖਸੁੱਟ ਦਾ ਸ਼ਿਕਾਰ ਹਨ ਜੋ ਇਨਾਂ ਦੀ ਮੇਹਨਤ ਨੂੰ ਆਧਾਰ ਬਣਾਕੇ ਆਪਣੇ ਐਸ਼ ਪ੍ਰਸਤੀ ਦੇ ਮਹਿਲ ਉਸਾਰ ਰਹੇ ਹਨ ਤੇ ਇਹ ਤਿੰਨੋ ਹੀ ਆਪਣੀ ਜੀਵਨ ਜੋਤ ਜਗਦੀ ਰਖਣ ਲਈ ਆਰਥਿਕ ਜੰਗ ਲੜ ਰਹੇ ਹਨ । ਅਨੇਕਾਂ ਜਵਾਨ ਸਰਹੱਦਾਂ ਤੇ ਸ਼ਹੀਦ ਹੋ ਰਹੇ ਹਨ , ਅਨੇਕਾਂ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਅਨੇਕਾਂ ਮਾਵਾਂ ਘਰਾਂ ਵਿਚ ਯਾ ਬਿਰਧ ਆਸ਼ਰਮਾਂ ਵਿਚ ਦਿਨ ਕਟੀ ਕਰ ਰਹੀਆਂ ਹਨ । ਇਨਾ ਦੀ ਮੰਦਹਾਲੀ ਤੇ ਲੁਟ ਖਸੁੱਟ ਦੇ ਜੁੰਮੇਂਵਾਰ ਉਹ ਹੀ ਹਨ ਜਿੰਨਾ ਦੇ ਪਾਲਣ ਪੋਸ਼ਣ ਲਈ ਇਹ ਦਿਨ ਰਾਤ ਮੇਹਨਤ ਕਰ ਰਹੇ ਹਨ ।
ਸਮਝੋ ਬਾਹਰ ਹੈ ਅਸੀਂ, ਕਦੋਂ ਤੱਕ ਹੋਰ ਇਹ ਝੂਠ ਦੇ ਢੋਲ ਪਿੱਟਦੇ ਰਹਿਣਾ, ਫੌਜੀਆਂ ਨੂੰ ਪੈਨਸ਼ਨਾਂ ਤਾਂ ਦੇ ਨਹੀਂ ਸਕਦੇ! ਉਮੀਦਾਂ ਰੱਖਦਾ ਹੋਇਆ ਕਿ ਹੁਕਮਰਾਨਾਂ ਦੇ ਕੰਨ ਜਰੂਰ ਜੂੰ ਸਰਕੇਗੀ, ਦੇਸ਼ ਦਾ ਨਾਗਰਿਕ, ਫੌਜ ਦਾ ਜਵਾਨ ਤੇ ਪੰਜਾਬ ਪੁਲਿਸ ਦਾ ਸੱਚਾ ਸਿਪਾਹੀ ਹੋਣ ਦੇ ਨਾਮ ਤੇ ਤਿਰੰਗੇ ਨੂੰ ਸਲੂਟ ਕਰਦਾ ਹੋਇਆ, ਅੱਜ ਦੇਸ਼ ਦੀ ਵੰਡ ਮੌਕੇ ਮਾਰੇ ਗਏ ਲੱਖਾਂ ਲੋਕਾਂ ਨੂੰ ਸਲੂਟ ਕਰਦਾ ਹਾਂ, ਅੱਗੇ ਤੋਂ ਅਜਿਹੇ ਸਾਰੇ ਜਸ਼ਨਾਂ ਨੂੰ ਨਾ ਮਨਾਉਣ ਦੀ ਸਲਾਹ ਦਿੰਦਾ ਹਾਂ, ਬੇਨਤੀ ਹੈ ਪੈਸਾ ਬਰਬਾਦ ਨਾ ਕਰੋ, ਹਾੜ੍ਹੇ ਇਹਨੂੰ ਸਹੀ ਜਗ੍ਹਾ ਵਰਤੋਂ। ਐਨਾ ਕੁਝ ਹੋਣ ਦੇ ਬਾਵਜੂਦ ਵੀ ਸਭ ਨੂੰ ਰਸਮੀ ਸ਼ੁਭ-ਕਾਮਨਾਵਾਂ ਦਿੰਦਾ ਹਾਂ!
ਹਰਫੂਲ ਭੁੱਲਰ, ਮੰਡੀ ਕਲਾਂ 9876870157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly