(ਸਮਾਜ ਵੀਕਲੀ)
ਜਦੋਂ ਅਸੀਂ ਨਵੀਂ ਤੋਂ ਨਵੀਂ ਕਿਤਾਬ ਪੜ੍ਹਕੇ ਨਵਾਂ ਗਿਆਨ ਹਾਸਲ ਕਰਦੇ ਹਾਂ ਤਾਂ ਸਾਨੂੰ ਆਪਣੀ ਬੇਸਮਝੀ ਤੇ ਮੂਰਖ਼ਤਾ ਦਾ ਅਹਿਸਾਸ ਹੋਣ ਲੱਗਦਾ ਹੈ ਕਿ…’ਮੈਂ ਤਾਂ ਬੜਾ ਸਿਆਣਾ ਤੇ ਸਮਝਦਾਰ ਬਣਿਆ ਫਿਰਦਾ ਸੀ! ਪਰ ਮੈਂ ਤਾਂ ਆਹ ਵੀ ਨਹੀਂ ਸੀ ਜਾਣਦਾ, ਮੈਨੂੰ ਤਾਂ ਆਹ ਵੀ ਨਹੀਂ ਪਤਾ ਸੀ!’ ਮਤਲਬ ਕਿ ਜਿੰਨਾ ਜ਼ਿਆਦਾ ਅਸੀਂ ਪੜ੍ਹਦੇ ਹਾਂ, ਉਨਾਂ ਹੀ ਅਸੀਂ ਆਪਣੀ ਅਗਿਆਨਤਾ ਤੋਂ ਜਾਣੂੰ ਹੁੰਦੇ ਜਾਂਦੇ ਹਾਂ, ਅਜੇ ਤਾਂ ਬਹੁਤ ਕੁੱਝ ਹੋਰ ਜਾਨਣ ਵਾਲਾ ਪਿਆ ਪਰ ਜ਼ਿੰਦਗੀ ਗਈ।
ਕੋੲੀ ਵੀ ਇਨਸਾਨ ਜਨਮ ਤੋਂ ਚੰਗਾ ਜਾਂ ਮਾੜਾ ਨਹੀਂ ਹੁੰਦਾ, ਹਾਲਾਤ ਬਣਾੳੁਂਦੇ ਨੇ ਮਾੜਾ, ਚੰਗਾ ਤਾਂ ਹਰ ਕੋਈ ਬਣਨਾ ਚਾਹੁੰਦਾ ਹੈ, ਪਰ ਜਦੋਂ ਹਲਾਤ ਵਿਗਡ਼ੇ ਹੋਣ ਤਾਂ ਸਧਾਰਨ ਸ਼ਬਦ ਵੀ ਸਾਨੂੰ ਵਿਅੰਗ ਪ੍ਰਤੀਤ ਹੁੰਦੇ ਹਨ! ਗਿਆਨ ਸਾਨੂੰ ਜ਼ਿੰਦਗੀ ਜਿਉਣ ਲਈ ਉਹਨੇ ਚੋਂ ਖੁਸ਼ ਰਹਿਣਾ ਸਿੱਖਾਉਦਾ ਹੈ ਜੋ ਸਾਡੇ ਕੋਲ ਹੁੰਦਾ ਹੈ। ਹੋਰ ਲਈ ਮਿਹਨਤ ਕਰਨ ਦੇ ਗੁਰ ਦਿੰਦਾ ਹੈ। ਸਾਨੂੰ ਅਕਲ ਆਉਂਦੀ ਹੈ ਕਿ ਸ਼ਾਟਕੱਟ ਰਸਤੇ ਸਹੀ ਜਗ੍ਹਾ ਨਹੀਂ ਜਾਂਦੇ!
ਮੁੱਲ ਦੀਆਂ ਡਿਗਰੀਆਂ ਤਾਂ ਸਿੱਖਿਆ ਤੇ ਖ਼ਰਚੇ ਦੀਆਂ ਰਸੀਦਾਂ ਹੁੰਦੀਆਂ ਹਨ..’ਗਿਆਨ’ ਉਹ ਹੁੰਦਾ ਹੈ ਜੋ ਸਾਡੇ ਕਿਰਦਾਰ ਵਿੱਚੋ ਦੂਜਿਆਂ ਲਈ ਝਲਕਦਾ ਹੈ। ‘ਗਿਆਨ’ ਪ੍ਰਾਪਤ ਕਰਨਾ ਜਾਂ ਡਿਗਰੀਆਂ ਲੈਣਾ ਉਨ੍ਹਾਂ ਚਿਰ ਵਿਵਹਾਰਿਕ ਰੂਪ ‘ਚ ਕਿਸੇ ਕੰਮ ਨਹੀਂ ਹੁੰਦਾ, ਜਿਨ੍ਹਾਂ ਚਿਰ ਅਸੀਂ ਖ਼ੁਦ ‘ਤੇ ਅਤੇ ਦੂਜਿਆਂ ਦੀ ਭਲਾਈ ਲਈ ਉਸਦੀ ਵਰਤੋਂ ਨਹੀਂ ਕਰਦੇ। ਡਿਗਰੀਆਂ ਸਿਰਫ਼ ਅੱਖਰੀ ਗਿਆਨ ਤੱਕ ਹੀ ਸੀਮਤ ਹੁੰਦੀਆਂ ਹਨ। ਅਰਥਾਂ ਨੂੰ ਜਾਣਨ, ਸਮਝਣ ਅਤੇ ਮਾਨਣ ਲਈ ਸਾਨੂੰ ਸਮਰਪਿਤ ਹੋਣਾ ਪੈਂਦਾ ਹੈ। ਸਿੱਖਿਆ ਸਬੰਧੀ ਅੱਜ ਦੇ ਬਣੇ ਹਾਲਾਤਾਂ ਕਰਕੇ ਦੁਚਿੱਤੀ ‘ਚ ਫਸ ਗਿਆ ਹਾਂ ਕਿ ਹੁਣ ਕਿਹੜੀ ਸਿੱਖਿਆ ਦੇਵਾਂ ਬੱਚਿਆਂ ਨੂੰ?
ਅੱਖਰੀ ਗਿਆਨ ਦੀ,
ਸਵਾਰਥੀ ਦੁਕਾਨ ਦੀ,
ਜਾਂ ਪਾਰੇ ਵਾਂਗੂੰ ਹੱਡਾਂ ਨੂੰ ਗਾਲ ਰਹੇ ਅਖੌਤੀ ਵਿਗਿਆਨ ਦੀ?
ਕਿਤਾਬਾਂ ਰਾਹੀਂ ਬੱਚਿਆਂ ਨੂੰ ਗਿਆਨ ਮਿਲ ਸਕਦੇ ਹੈ ਪਰ ਜੀਵਨ ਤੇ ਲਾਗੂ ਕਰਨ ਦੀ ਜਾਂਚ ਤੇ ਸਿਆਣਪ ਕਿੱਥੋਂ ਲਿਆ ਕੇ ਦੇਵਾ ਉਨ੍ਹਾਂ ਨੂੰ?
ਹਰਫੂਲ ਭੁੱਲਰ
ਮੰਡੀ ਕਲਾਂ
9876870157
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly