ਚੰਗਾ ਸਾਹਿਤ-ਮੁੱਲਵਾਨ

(ਸਮਾਜ ਵੀਕਲੀ)

ਸਾਨੂੰ ਬਚਪਨ ਤੋਂ ਹੀ ਬੱਚਿਆਂ ਨੂੰ ਸਾਹਿਤ ਨਾਲ ਜੋੜਨਾ ਚਾਹੀਦਾ ਹੈ। ਅਸੀਂ ਸਭ ਆਪਣੇ ਬੱਚਿਆਂ ਦੀ ਹਰ ਹੀਲੇ ਹਰ ਖਾਹਿਸ਼ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਸਾਹਿਤ ਪ੍ਰਤੀ ਰੁਚੀ ਨਾ ਤਾਂ ਆਪਣੀ ਬਣਾਉਂਦੇ ਹਾਂ ਅਤੇ ਨਾ ਹੀ ਬੱਚਿਆਂ ਨੂੰ ਇਸ ਨਾਲ ਜੋੜਨ ਦੀ ਹਿੰਮਤ ਕਰਦੇ ਹਾਂ। ਅਸੀਂ ਮਹਿੰਗੇ ਕੱਪੜੇ ਅਤੇ ਖਿਡੌਣੇ ਤਾਂ ਖਰੀਦ ਦਿੰਦੇ ਹਾਂ ,ਪਰ ਸਸਤੀਆਂ ਕਿਤਾਬਾਂ ਖਰੀਦਣ ਵਿੱਚ ਕਦੀ ਵੀ ਰੁਚੀ ਨਹੀਂ ਦਿਖਾਉਂਦੇ।

ਹੁਣ ਹੱਥਾਂ ਵਿੱਚ ਕਿਤਾਬਾਂ ਦੀ ਥਾਂ ਫੋਨਾਂ ਨੇ ਲ਼ੈ ਲਈ ਹੈ, ਪਰ ਸਿੱਖਣ ਦੀ ਚਾਹ ਮਨ ਵਿੱਚੋਂ ਵਿਸਰ ਗਈ ਹੈ। ਸਾਡੇ ਬੱਚੇ ਬਿਨਾਂ ਸੋਚੇ ਸਮਝੇ ਮੋਬਾਇਲ ਦੀ ਦੁਰਵਰਤੋਂ ਕਰਕੇ ਆਪਣੇ ਮੂਲ ਤੋਂ ਦੂਰ ਹੁੰਦੇ ਜਾ ਰਹੇ ਹਨ। ਦੂਸਰੇ ਪਾਸੇ ਜੇਕਰ ਇਹਨਾਂ ਫੋਨਾਂ ਦੀ ਸਹੀ ਵਰਤੋਂ ਹੋ ਜਾਵੇ ਤਾਂ ਬੱਚਿਆਂ ਦੀ ਬੇਹਤਰੀ ਵਿੱਚ ਯੋਗਦਾਨ ਪਾਇਆ ਜਾ ਸਕਦਾ ਹੈ, ਪਰ ਫਿਰ ਵੀ ਚੰਗੀਆਂ ਕਿਤਾਬਾਂ ਦੀ ਥਾਂ ਫ਼ੋਨ ਨਹੀਂ ਲ਼ੈ ਸਕਦਾ।

ਮੇਰੇ ਅਨੁਸਾਰ ਜੇਕਰ ਘਰ ਵਿੱਚ ਵੱਡੇ ਕਿਤਾਬਾਂ ਨਾਲ ਜੁੜੇ ਹੋਣਗੇ ਤਾਂ ਹੀ ਬੱਚਿਆਂ ਨੂੰ ਜੋੜ ਸਕਣਗੇ। ਕਿਤਾਬਾਂ ਸਾਡੀਆਂ ਸੱਚੀਆਂ ਮਿੱਤਰ ਹਨ : ਇਹ ਸਭ‌ ਕਿਤਾਬਾਂ ਵਿੱਚ ਲਿਖਿਆ ਸੀ ਰਹਿ ਗਿਆ ਹੈ। ਚੰਗਾ ਸਾਹਿਤ ਪੜ੍ਹ ਕੇ ਇਨਸਾਨ ਆਪ ਬਹੁਤ ਕੁਝ ਸਿੱਖਦਾ ਹੈ। ਉਸਦੀ ਸੋਚ ਦਾ ਵਿਕਾਸ ਹੁੰਦਾ ਹੈ। ਮਨ ਵਿਚਲੀਆਂ ਕੌੜਾਂ ਘੱਟਦੀਆਂ ਹਨ। ਵੱਖ-ਵੱਖ ਤਰ੍ਹਾਂ ਦੀ ਸੋਚ ਦੇ ਸਾਹਿਤ ਨਾਲ ਜੁੜ ਕੇ ਸਾਡੀ ਸਭ ਦੀ ਸੋਚ ਦਾ ਵਿਕਾਸ ਹੁੰਦਾ ਹੈ।

ਚੰਗਾ ਸਾਹਿਤ ਕੋਈ ਵੀ ਹੋਵੇ… ਸਭ ਨੂੰ ਸਹੀ ਸੇਧ ਦਿੰਦਾ ਹੈ। ‘ਬਾਲ ਸਾਹਿਤ’ ਬੱਚਿਆਂ ਦੀ ਸ਼ਖ਼ਸੀਅਤ ਵਿੱਚ ਨਿਖਾਰ ਲਿਆਉਂਦਾ ਹੈ। ਬੱਚੇ ਨੂੰ ਜੋ ਕੁਝ ਵੀ ਅਸੀਂ ਪਿਆਰ ਨਾਲ ਲਿਖਤੀ ਰੂਪ ਵਿੱਚ ਸਿਖਾ ਸਕਦੇ ਹਾਂ ਉਹ ਹੋਰ ਕਿਸੇ ਤਰੀਕੇ ਨਹੀਂ ਸਿਖਾਇਆ ਜਾ ਸਕਦਾ। ਛੋਟੀਆਂ-ਛੋਟੀਆਂ ਅਤੇ ਪਿਆਰੀਆਂ-ਪਿਆਰੀਆਂ ਲਿਖਤਾਂ ਬੱਚਿਆਂ ਉੱਪਰ ਬਹੁਤ ਗਹਿਰਾ ਅਸਰ ਕਰਦੀਆਂ ਹਨ।

ਬਾਲ ਮਨ ਨੂੰ ਜੇਕਰ ਸਹੀ ਦਿਸ਼ਾ ਮਿਲ ਜਾਵੇ ਤਾਂ ਸਮਾਜ ਵਿੱਚ ਵਧੀਆ ਉੱਦਮ ਕਰ ਕੇ ਸਮਾਜ ਨੂੰ ਨਵੀਆਂ ਅਤੇ ਜਾਗਰੂਕ ਲੀਹਾਂ ‘ਤੇ ਲਿਆ ਕੇ ਵਿਕਾਸ ਕਰ ਸਕਦੇ ਹਾਂ। ਇਹੀ ਬੱਚੇ ਸਾਡੇ ਸਮਾਜ ਦਾ ਸ਼ੀਸ਼ਾ ਹੁੰਦੇ ਹਨ ਅਤੇ ਭਵਿੱਖ ਦੀ ਤਸਵੀਰ ਹੁੰਦੇ ਹਨ। ਬਾਲ‌ ਮਨ ਨੂੰ ਸਮਝ ਕੇ ਕੀਤੇ ਉਪਰਾਲੇ ਕਦੀ ਵਿਰਥਾ ਨਹੀਂ ਜਾਂਦੇ।

ਸ਼ਬਦਾਂ ਨਾਲ ਬੱਚੇ ਦੀ ਸਾਂਝ ਛੇਤੀ ਹੀ ਕੁਝ ਮਹੀਨਿਆਂ ਵਿੱਚ ਹੀ ਪੈ ਜਾਂਦੀ ਦੀ ਹੈ। ਕੁਝ ਮਹੀਨਿਆਂ ਦਾ ਬੱਚਾ ਹੁੰਗਾਰੇ ਭਰ ਕੇ ਸ਼ਬਦਾਂ ਨਾਲ ਸਾਂਝ ਦਾ ਪ੍ਰਤੱਖ ਦਿੰਦਾ ਹੈ। ਫਿਰ ਬੋਲਦਾ ਹੈ । ਸ਼ਬਦਾਂ ਤੋਂ ਹੀ ਅੱਗੇ ਪੜ੍ਹਨ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਅਤੇ ਸਮਾਜ ਦੇ ਵਰਤਾਰੇ ਨੂੰ ਹੌਲੀ-ਹੌਲੀ ਸਮਝਦਾ ਹੋਇਆ ਅੱਗੇ ਵੱਧਦਾ ਹੈ।

ਬਚਪਨ ਤੋਂ ਹੀ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨਾ ਚਾਹੀਦਾ ਹੈ। ਵਧੀਆ ਅਤੇ ਸਿੱਖਿਆਦਾਇਕ ਕਿਤਾਬਾਂ ਘਰ ਵਿੱਚ ਰੱਖਣੀਆਂ ਚਾਹੀਦੀਆਂ ਹਨ। ਬੱਚਿਆਂ ਨੂੰ ਮਹਾਨ ਯੋਧਿਆਂ ਅਤੇ ਸੇਧ ਦੇਣ ਵਾਲੇ ਹਿੰਮਤੀ ਅਤੇ ਸਾਹਸੀ ਲੋਕਾਂ ਦੀਆਂ ਕਹਾਣੀਆਂ ਸੁਣਾਉਣੀਆਂ ਚਾਹੀਦੀਆਂ ਹਨ। ਪੜ੍ਹਾਈ ਪ੍ਰਤੀ ਇੱਕ ਖਿੱਚ ਪੈਦਾ ਕਰਨ ਦੀ ਜ਼ਰੂਰਤ ਹੈ। ਬੱਚੇ ਕਿਤਾਬਾਂ ਨਾਲ ਜੁੜੇ ਹੋਣਗੇ ਤਾਂ ਪੜਾਈ ਵਿੱਚ ਵੀ ਮੁਸ਼ਕਲ ਨਹੀਂ ਆਵੇਗੀ।
ਆਪਣੀ ਆਦਤ ਮੁਤਾਬਕ ਜੇਕਰ ਮੈਂ ਕਲਾਸ ਵਿੱਚ ਵੀ ਪੜ੍ਹਾਉਦੀ ਹਾਂ, ਤਾਂ ਹਰ ਲਿਖਤ ਪੜ੍ਹਾ ਕੇ ਬੱਚਿਆਂ ਨੂੰ ਕੁਝ ਵੱਖਰੇ ਢੰਗ ਨਾਲ ਸੋਚਣ ਲਈ ਕਹਿੰਦੀ ਹਾਂ। ਬੱਚੇ ਹੌਲੀ-ਹੌਲੀ ਆਪਣੀ ਸਮਝ ਮੁਤਾਬਕ ਕੁਝ ਲਿਖਦੇ ਹਨ ਅਤੇ ਕਈ ਵਾਰ ਵਾਕਿਆ ਹੀ ਕਮਾਲ ਕਰ ਦਿੰਦੇ ਹਨ। ਸਾਡਾ ਵੱਡਿਆਂ ਦਾ ਫਰਜ਼ ਬਣਦਾ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਚੰਗੇ ਅਤੇ ਨਿਰੋਏ ਸਾਹਿਤ ਨਾਲ ਜੋੜ ਕੇ ਸਮਾਜ ਵਿੱਚ ਕੁਝ ਨਵਾਂ ਤੇ ਵੱਖਰਾ ਸਿਰਜੀਏ।

ਆਪ ਵੀ ਵਧੀਆ ਲਿਖਣ ਦੀ ਕੋਸ਼ਿਸ਼ ਕਰੀਏ ਅਤੇ ਜਿਹੋ ਜਿਹੇ ਸਮਾਜ ਦੀ ਤਸਵੀਰ ਅਸੀਂ ਆਪਣੀਆਂ ਅੱਖਾਂ ਨੂੰ ਦਿਖਾਉਂਦੇ ਹਾਂ ਉਹੋ ਜਿਹੇ ਸਮਾਜ ਦੀ ਸਿਰਜਣਾ ਵਿੱਚ ਬਣਦਾ ਯੋਗਦਾਨ ਪਾਈਏ। ਬੱਚਿਆਂ ਪ੍ਰਤੀ ਇਹ ਜ਼ਰੂਰੀ ਜ਼ਿੰਮੇਵਾਰੀ ਸਮਝਦੇ ਹੋਏ ਉਹਨਾਂ ਨੂੰ ਚੰਗੇ ਸਾਹਿਤ ਨਾਲ ਜੋੜੀਏ। ਸਦਾ ਖੁਸ਼ ਅਤੇ ਖੁਸ਼ਹਾਲ ਰਹੋ ਦੋਸਤੋ। ਹੱਸਦੇ ਵੱਸਦੇ ਰਹੋ ਪਿਆਰਿਉ!!!

ਪਰਵੀਨ ਕੌਰ ਸਿੱਧੂ
8146536200

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀ ਦਾ ਮਾਣ ਮੋਤਾ ਸਿੰਘ ਸਰਾਏ
Next articleਜ਼ਮਾਨੇ ਤੋਂ ਪਰਦਾ