HOME ਗੋਲਡਨ ਸਟਾਰ ਗਾਇਕ ਮਲਕੀਤ ਸਿੰਘ ਨੇ ਆਪਣੀ ਗਾਇਕੀ ਦੇ 40 ਵਰੇ ਸ਼ਾਨਦਾਰ...

ਗੋਲਡਨ ਸਟਾਰ ਗਾਇਕ ਮਲਕੀਤ ਸਿੰਘ ਨੇ ਆਪਣੀ ਗਾਇਕੀ ਦੇ 40 ਵਰੇ ਸ਼ਾਨਦਾਰ ਅਤੇ ਕਾਮਯਾਬੀ ਨਾਲ ਕੀਤੇ ਪੂਰੇ

1
ਗਾਇਕ ਮਲਕੀਤ ਸਿੰਘ
ਲੈਸਟਰ (ਇੰਗਲੈਂਡ),  (ਸਮਾਜ ਵੀਕਲੀ)  (ਸੁਖਜਿੰਦਰ ਸਿੰਘ ਢੱਡੇ)– ਪੰਜਾਬੀ ਲੋਕ ਗਾਇਕੀ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਾਣ ਦਿਵਾਉਣ ਵਾਲੇ ਪ੍ਰਸਿੱਧ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ ਜੀ ਦਾ ਨਾਮ ਅੱਜ ਦੁਨੀਆ ਭਰ ਵਿੱਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਮਲਕੀਤ ਸਿੰਘ ਨੂੰ ਮਿਲਿਆ ‘ਗੋਲਡਨ ਸਟਾਰ’ ਦਾ ਤਖੱਲਸ ਉਨ੍ਹਾਂ ਦੀ ਅਟੁੱਟ ਮਿਹਨਤ, ਬੇਮਿਸਾਲ ਗਾਇਕੀ ਅਤੇ ਦਰਸ਼ਕਾਂ ਵੱਲੋਂ ਮਿਲੇ ਅਥਾਹ ਪਿਆਰ ਦਾ ਨਤੀਜਾ ਹੈ, ਜੋ ਸਮੇਂ ਦੇ ਨਾਲ ਉਨ੍ਹਾਂ ਦੀ ਪਹਿਚਾਣ ਬਣ ਗਿਆ। ਜ਼ਿਕਰਯੋਗ ਹੈ ਕਿ ਗਾਇਕ ਮਲਕੀਤ ਸਿੰਘ ਨੇ ਅੱਜ ਤੋਂ 40 ਵਰੇ ਪਹਿਲਾਂ ਇੱਕ ਪਗੜੀਧਾਰੀ ਪੰਜਾਬੀ ਗਾਇਕ ਵਜੋਂ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਪਹਿਚਾਣ ਕਾਇਮ ਕੀਤੀ , ਜਿਨ੍ਹਾਂ ਨੂੰ ਵੇਖ ਕੇ ਹੋਰ ਵੀ ਪੰਜਾਬੀ ਗਾਇਕ ਪੱਗ ਬੰਨ ਕੇ ਗਾਇਕੀ ਦੇ ਖੇਤਰ ਵਿੱਚ ਨਿਤਰੇ। ਗੋਲਡਨ ਸਟਾਰ ਗਾਇਕ ਮਲਕੀਤ ਸਿੰਘ ਪਹਿਲੇ ਪੰਜਾਬੀ ਗਾਇਕ ਹਨ, ਜਿਨਾਂ ਦਾ ਨਾਂ ਗਿਨਜ ਬੁੱਕ ਆਫ਼ ਰਿਕਾਰਡ ਵਿੱਚ ਕਈ ਸਾਲ ਪਹਿਲਾਂ ਦਰਜ ਹੋ ਚੁੱਕਾ ਹੈ। ਗਾਇਕ ਮਲਕੀਤ ਸਿੰਘ ਇਸ ਵੇਲੇ ਵੀ ਆਪਣੇ ਪਰਿਵਾਰਕ ਅਤੇ ਸੱਭਿਆਚਾਰਕ ਗੀਤਾਂ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਸਿੱਧੀ ਖੱਟ ਰਹੇ ਹਨ। ਪੰਜਾਬੀ ਭਾਈਚਾਰੇ ਲਈ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਗਾਇਕ ਮਲਕੀਤ ਸਿੰਘ ਦੇ ਗੀਤਾਂ ਨੂੰ ਹੁਣ ਵਿਦੇਸ਼ੀ ਇੰਗਲਿਸ਼ ਫਿਲਮਾਂ ਵਿਚ ਫ਼ਿਲਮਾਇਆ ਜਾ ਰਿਹਾ ਹੈ। ਗਾਇਕ ਗੋਲਡਨ ਸਟਾਰ ਮਲਕੀਤ ਸਿੰਘ ਨੇ ਆਪਣੀ ਗਾਇਕੀ ਦੇ ਸਫ਼ਰ ਦੇ 40 ਸਾਲ ਬਹੁਤ ਹੀ ਸ਼ਾਨਦਾਰ, ਜਾਨਦਾਰ ਅਤੇ ਕਾਮਯਾਬੀ ਨਾਲ ਪੂਰੇ ਕਰ ਲਏ ਹਨ। ਮਲਕੀਤ ਸਿੰਘ ਨੇ ਆਪਣੀ ਸੁਰੀਲੀ ਆਵਾਜ਼ ਅਤੇ ਪੰਜਾਬੀ ਲੋਕਧਾਰਾ ਨਾਲ ਜੁੜੇ ਗੀਤਾਂ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਦੇਸ਼-ਵਿਦੇਸ਼ ਤੱਕ ਪਹੁੰਚਾਇਆ। ਉਨ੍ਹਾਂ ਦੇ ਗੀਤਾਂ ਵਿੱਚ ਪੰਜਾਬ ਦੀ ਮਿੱਟੀ ਦੀ ਮਹਿਕ, ਸੱਭਿਆਚਾਰਕ ਵਿਰਾਸਤ ਅਤੇ ਲੋਕਾਂ ਦੇ ਜਜ਼ਬਾਤ ਸਾਫ਼ ਨਜ਼ਰ ਆਉਂਦੇ ਹਨ। ਇਸੇ ਕਰਕੇ ਦਰਸ਼ਕਾਂ ਨੇ ਪਿਆਰ ਅਤੇ ਸਤਿਕਾਰ ਨਾਲ ਉਨ੍ਹਾਂ ਨੂੰ ‘ਗੋਲਡਨ ਸਟਾਰ’ ਦਾ ਦਰਜਾ ਦਿੱਤਾ, ਜੋ ਅੱਜ ਵੀ ਉਨ੍ਹਾਂ ਦੇ ਨਾਮ ਨਾਲ ਜੁੜਿਆ ਹੋਇਆ ਹੈ। ਪੰਜਾਬੀ ਸੰਗੀਤ ਅਤੇ ਸੱਭਿਆਚਾਰ ਲਈ ਦਿੱਤੀਆਂ ਗਈਆਂ ਅਣਮੋਲ ਸੇਵਾਵਾਂ ਦੇ ਸਨਮਾਨ ਵਜੋਂ ਗਾਇਕ ਮਲਕੀਤ ਸਿੰਘ ਨੂੰ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ ਦੂਜੀ ਪਾਸੋਂ ਐਮ ਬੀ ਈ (ਮੈਂਬਰ ਆਫ਼ ਬ੍ਰਿਟਿਸ਼ ਐੰਪਾਇਰ) ਪੁਰਸਕਾਰ ਨਾਲ ਨਿਵਾਜਿਆ ਗਿਆ। ਇਹ ਸਨਮਾਨ ਸਿਰਫ਼ ਉਨ੍ਹਾਂ ਦੀ ਨਿੱਜੀ ਉਪਲਬਧੀ ਨਹੀਂ ਸੀ, ਸਗੋਂ ਸਮੂਹ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਸੀ। ਇਸ ਪੁਰਸਕਾਰ ਨੇ ਸਾਬਤ ਕਰ ਦਿੱਤਾ ਕਿ ਪੰਜਾਬੀ ਲੋਕ ਗਾਇਕੀ ਅਤੇ ਸੱਭਿਆਚਾਰ ਦੀ ਕਦਰ ਵਿਦੇਸ਼ੀ ਧਰਤੀ ‘ਤੇ ਵੀ ਕੀਤੀ ਜਾਂਦੀ ਹੈ।ਇਸ ਮੌਕੇ  ਮਲਕੀਤ ਸਿੰਘ  ਨੇ ਨਿਮਰਤਾ ਨਾਲ ਕਿਹਾ ਸੀ ਕਿ ਇਹ ਮਾਣ ਉਹ ਆਪਣੇ ਪੰਜਾਬ, ਆਪਣੀ ਮਾਂ-ਬੋਲੀ ਅਤੇ ਆਪਣੇ ਦਰਸ਼ਕਾਂ ਨੂੰ ਸਮਰਪਿਤ ਕਰਦੇ ਹਨ, ਜਿਨ੍ਹਾਂ ਨੇ ਹਮੇਸ਼ਾਂ ਉਨ੍ਹਾਂ ਦਾ ਹੌਂਸਲਾ ਵਧਾਇਆ। ਬਰਤਾਨੀਆ ਵਿੱਚ ਲੰਮੇ ਸਮੇਂ ਤੋਂ ਵਸਦੇ ਹੋਏ ਵੀ ਉਨ੍ਹਾਂ ਨੇ ਪੰਜਾਬੀ ਸੱਭਿਆਚਾਰ ਨਾਲ ਆਪਣਾ ਨਾਤਾ ਕਦੇ ਨਹੀਂ ਤੋੜਿਆ ਅਤੇ ਹਰ ਮੰਚ ‘ਤੇ ਪੰਜਾਬ ਦੀ ਨੁਮਾਇੰਦਗੀ ਕੀਤੀ। ਅਨੇਕ ਸਨਮਾਨਾਂ ਅਤੇ ਸਫਲਤਾਵਾਂ ਦੇ ਬਾਵਜੂਦ ਮਲਕੀਤ ਸਿੰਘ ਦੀ ਸਾਦਗੀ, ਨਿਮਰਤਾ ਅਤੇ ਲੋਕਾਂ ਨਾਲ ਜੁੜਾਅ ਅੱਜ ਵੀ ਉਨ੍ਹਾਂ ਦੀ ਸਭ ਤੋਂ ਵੱਡੀ ਪਹਿਚਾਣ ਹੈ। ਗੋਲਡਨ ਸਟਾਰ ਮਲਕੀਤ ਸਿੰਘ  ਅੱਜ ਵੀ ਆਪਣੀ ਗਾਇਕੀ ਰਾਹੀਂ ਪੰਜਾਬੀ ਸੱਭਿਆਚਾਰ ਦੀ ਰੌਸ਼ਨੀ ਨੂੰ ਵਿਦੇਸ਼ਾਂ ਦੀ ਧਰਤੀ ‘ਤੇ ਰੌਸ਼ਨ ਕਰ ਰਹੇ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਕੂਲ ਮੁਖੀਆਂ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਇੱਕ ਰੋਜਾ ਵਰਕਸ਼ਾਪ ਸਫਲਾਪੂਰਵਕ ਸੰਪੰਨ
Next articleਪੇਂਡੂ ਮਜ਼ਦੂਰ ਯੂਨੀਅਨ ਵਲੋਂ ਮਗਨਰੇਗਾ ਕਾਨੂੰਨ ਨੂੰ ਲੈ ਕੇ ਭਾਜਪਾ ਪ੍ਰਧਾਨ ਦਾ ਵਿਰੋਧ