ਸਮਾਜ ਵੀਕਲੀ)
ਇਨਸਾਨ ਹੋਣ ਦਾ ਮਾਣ ਦੇਵੀਂ,
ਦੇਵੀ ਕਹਿ ਬੇਸ਼ੱਕ ਪੂਜੀਂ ਨਾ।
‘ਕੱਠੇ ਕਰ ਕੂੜੇ ਪਾਉਣ ਲਈ,
ਸੁਪਨੇ ਮੇਰੇ ਨੂੰ ਹੂੰਝੀਂ ਨਾ।
ਦੇਵੀ ਕਹਿ….
ਉੰਝ ਕੰਜਕ ਆਖ ਕੇ ਪੂਜਦਾ,
ਨਿੱਤ ਪੈਰੀਂ ਹੱਥ ਲਗਾਉਂਦਾ ਏ।
ਘਰ ਪੈਦਾ ਹੁੰਦੀ ਕੰਜਕ ਤਾਂ,
ਕਿਉਂ ਰੋਂਦਾ ਕੁਰਲਾਉਂਦਾ ਏ।
ਮੈਨੂੰ ਮੰਨ ਕੇ ਚੀਜ਼ ਬੇਜਾਨ ਵਾਂਗ,
ਲਾਵੀਂ ਕਿਤੇ ਖੱਲੀਂ-ਖੂੰਝੀਂ ਨਾ।
ਦੇਵੀ ਕਹਿ….
ਮੈਂ ਇੱਜ਼ਤ ਕਰਦੀ ਬਾਬਲ ਦੀ,
ਵੀਰੇ ਨੂੰ ਰੱਜ ਕੇ ਮਾਣ ਦਿੰਦੀ।
ਬੱਸ ਆਪਣੇ ਲਈ ਵੀ ਇੰਝ ਹੀ,
ਮੈਂ ਬਣਦਾ ਸਨਮਾਨ ਚਾਹੁੰਦੀ।
ਇੱਕੋ ਬੋਲੀ ਬੋਲਾਂ ਪਿਆਰਾਂ ਦੀ,
ਕੋਈ ਗੱਲ ਜਾਣਾ ਮੈਂ ਦੂਜੀ ਨਾ।
ਦੇਵੀ ਕਹਿ….
ਮੈਨੂੰ ਦਾਜ਼ ਦੀ ਬਲੀ ਨਾ ਚਾੜ੍ਹੀਂ,
ਨਾ ਝੂਠਾ ਮੱਥੇ ਇਲਜ਼ਾਮ ਧਰੀਂ।
ਕੁੱਝ ਮਿਲ਼ ਕੇ ਨਾਲ਼ ਲੰਫ਼ਗਿਆਂ,
ਨਾ ਜਿਸਮਾਂ ਦਾ ਵਪਾਰ ਕਰੀਂ।
ਹਰ ਮੁਸ਼ਕਿਲ ਦੇ ਵਿੱਚ ਨਾਲ਼ ਰਵਾਂ,
ਕਦੋਂ ਖੜ੍ਹ ਬਰਾਬਰ ਜੂਝੀ ਨਾ।
ਦੇਵੀ ਕਹਿ…..
ਬਾਬੇ ਨਾਨਕ ਬਖਸ਼ਿਆ ਸੀ,
ਜੱਗ-ਜਣਨੀ ਦਾ ਰੁੱਤਬਾ।
ਪਰ ਬੇਗਾਨੀ ਅਤੇ ਪਰਾਈ ਦਾ,
ਤੂੰ ਜ਼ਾਰੀ ਕਰਤਾ ਫਤਵਾ।
ਮੈਂ ਨਾਰੀ ਸ੍ਰਿਸ਼ਟੀ ਸਿਰਜਨਹਾਰ,
ਗੁਆ ਕੇ ‘ਮਨਜੀਤ’ ਨੂੰ ਢੂੰਡੀਂ ਨਾ।
ਇਨਸਾਨ ਹੋਣ ਦਾ ਮਾਣ ਦੇਵੀਂ,
ਦੇਵੀ ਕਹਿ ਬੇਸ਼ੱਕ ਪੂਜੀਂ ਨਾ।
ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly