ਰੱਬ, ਧੂਫਾਂ ਅਤੇ ਟੱਲ

ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
(ਸਮਾਜ ਵੀਕਲੀ)
ਅਸਲੀ  ਨਾਮ  ਨਾਲ  ਨਾ  ਪਛਾਨਣ,
ਲੋਕੀਂ  ਪਾ ਲੈਣ ਕੋਈ ਨਾ ਕੋਈ ਅੱਲ l
ਪਾਣੀ  ਬਿਨਾਂ  ਹੈ  ਔਖੀ ਖੇਤੀ ਕਰਨੀ,
ਸੌਖਾ  ਨਹੀਂ  ਹੁੰਦਾ  ਚਲਾਉਣਾ  ਹਲ l
ਸੋਚ  ਸਮਝ  ਕੇ ਸਾਰੀ ਜ਼ਿੰਦਗੀ ਜੀਓ,
ਮੁੜ  ਹੱਥ  ਨਾ ਆਵੇ ਬੀਤਿਆ  ਕੱਲ੍ਹ l
ਬਚਾਉਣਾ  ਆਪਣੇ  ਆਪ  ਨੂੰ  ਸਿੱਖੋ,
ਨਹੀਂ  ਤਾਂ  ਦੂਜੇ  ਲਾਹ  ਲੈਣਗੇ ਖੱਲ l
ਚੁੱਪ ਕਰ ਬੈਠੇ  ਰਹਿਣਾ ਨਹੀਂ  ਚੰਗਾ,
ਕਰਦੇ ਰਹੋ  ਮਸਲਿਆਂ ਵਾਲੀ  ਗੱਲ l
ਦੁਨੀਆਂ  ਤੇ  ਜੇ ਲੰਬਾ ਜਿਉਣਾ ਹੈ ਤਾਂ,
ਉਪਰਾਲੇ  ਕਰੋ ਬਚਾਉਣ ਲਈ ਜਲ l
ਦਰੱਖਤਾਂ ਬਿਨਾਂ ਹੈ ਕਾਹਦੀ ਜ਼ਿੰਦਗੀ?
ਸੋਚ  ਲਿਆ  ਕਰੋ  ਕੱਢ  ਕੇ  ਦੋ ਪਲ l
ਸੌਖਾ  ਜਿਸ ਨੂੰ  ਸਭ ਕੁੱਝ  ਮਿਲ ਜਾਵੇ,
ਪਚਦੀ  ਫਿਰ  ਨਹੀਂ  ਉਸ  ਨੂੰ  ਭੱਲ l
ਬਦਲੋ ਸੋਚਾਂ, ਇਕੱਠੇ ਹੋ ਕਰੋ ਉਪਾਅ,
ਗਰੀਬੀ  ਨੂੰ  ਜੇ   ਪਾਉਣੀ  ਹੈ  ਠੱਲ੍ਹ l
ਆਪਣੀਆਂ ਜੜ੍ਹਾਂ ਨਾਲ  ਜੁੜ ਕੇ  ਰਹੋ,
ਨਹੀਂ ਤਾਂ ਰੋੜ੍ਹ ਕੇ ਲੈ ਜਾਊ  ਕੋਈ ਛੱਲ l
ਦੂਜਿਆਂ ਦੇ  ਨਾਲ  ਨਾ  ਲੜਨਾ ਚੰਗਾ,
ਬੈਠ ਕੇ ਕਰੋ ਵਿਚਾਰਾਂ ਤੇ  ਮਸਲੇ ਹੱਲ l
ਤਰਕਸ਼ੀਲਾ  ਰੱਬ ਕਿਸੇ ਦੀ ਸੁਣਦਾ ਨਾ,
ਰੱਟੇ ਲਾਓ ਧੂਫਾਂ ਚਾਹੇ  ਖੜ੍ਹਕਾਓ ਟੱਲ l
ਅਵਤਾਰ  ਸੰਸਾਰ  ਹੈ  ਤਿਲਕਣਬਾਜ਼ੀ,
ਸੁਧਾਰ ਲਈ ਖੁਰਦਪੁਰੀਏ ਸੰਗ ਚੱਲ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
  ਜੱਦੀ ਪਿੰਡ ਖੁਰਦਪੁਰ (ਜਲੰਧਰ)
  006421392147
Previous articleਅਲਵਿਦਾ 2024
Next articleਸਾਲ ਦੇ ਆਖ਼ਰੀ ਦਿਨ ਬਹੁਤ ਤਕਲੀਫ ਦਿੰਦੇ ਹਨ