HOME ਰੱਬ ਵਰਗੇ ਮਾਤਾ-ਪਿਤਾ ਨੂੰ ਵਰ੍ਹੇਗੰਢ ਮੁਬਾਰਕ

ਰੱਬ ਵਰਗੇ ਮਾਤਾ-ਪਿਤਾ ਨੂੰ ਵਰ੍ਹੇਗੰਢ ਮੁਬਾਰਕ

ਮਾਤਾ- ਪਿਤਾ
ਬਲਦੇਵ ਸਿੰਘ ਬੇਦੀ

  (ਸਮਾਜ ਵੀਕਲੀ)  ਸਾਡੇ ਸਾਰੇ ਪਰਿਵਾਰ ਲਈ ਬੇਹੱਦ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੇ ਸਤਿਕਾਰਯੋਗ ਮਾਤਾ–ਪਿਤਾ ( ਸਰਦਾਰ ਇੰਦਰ ਸਿੰਘ ਜੀ ਅਤੇ ਸਰਦਾਰਨੀ ਬੇਅੰਤ ਕੌਰ ਜੀ ) ਨੇ ਆਪਣੀ ਗ੍ਰਹਿਸਥੀ ਜ਼ਿੰਦਗੀ ਦੇ 56 ਸਾਲ ਪੂਰੇ ਕਰ ਲਏ ਹਨ। ਇਹ ਸਿਰਫ਼ ਇੱਕ ਤਾਰੀਖ ਨਹੀਂ, ਸਗੋਂ ਪਿਆਰ, ਸਮਰਪਣ, ਸਹਿਯੋਗ ਅਤੇ ਪਰਿਵਾਰਕ ਮੁੱਲਾਂ ਦੀ ਉਹ ਅਦਭੁੱਤ ਕਹਾਣੀ ਹੈ ਜੋ ਪਿਛਲੇ ਸਾਢੇ ਪੰਜ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਪ੍ਰਮਾਤਮਾ ਦੇ ਨਾਮ ਵਾਂਗ ਸਾਡੀ ਜ਼ਿੰਦਗੀ ਨੂੰ ਰੌਸ਼ਨ ਕਰ ਰਹੀ ਹੈ। ਅੱਜ ਜਦੋਂ ਅਸੀਂ ਇਸ ਸੁਨਹਿਰੀ ਪਲ ਦੇ ਗਵਾਹ ਬਣ ਰਹੇ ਹਾਂ ਤਾਂ ਸਾਡੀਆਂ ਦਿਲੋਂ ਇਹੀ ਅਰਦਾਸਾਂ ਹਨ ਕਿ ਵਾਹਿਗੁਰੂ ਜੀ ਤੁਹਾਡੀ ਜੋੜੀ ਨੂੰ ਸਦਾ ਸਲਾਮਤ ਰੱਖਣ, ਤੁਹਾਡਾ ਸਾਥ ਅਟੱਲ ਬਣਾਈ ਰੱਖਣ ਅਤੇ ਤੁਹਾਡੀ ਉਮਰ ਨੂੰ ਹੋਰ ਲੰਬੀ, ਖੁਸ਼ਹਾਲ ਅਤੇ ਚੜ੍ਹਦੀ ਕਲਾ ਵਾਲੀ ਬਣਾਈ ਰੱਖਣ। ਅਸੀਂ ਸਾਰਾ ਪਰਿਵਾਰ ਤੁਹਾਨੂੰ 57 ਵੀਂ ਵਰ੍ਹੇਗੰਢ ਦੀ ਨਵੀਂ ਸਵੇਰ ਦੀਆਂ ਅਣਗਿਣਤ ਮੁਬਾਰਕਾਂ ਅਤੇ ਅਸੀਸਾਂ ਭੇਂਟ ਕਰਦੇ ਹਾਂ। ਤੁਹਾਡਾ ਪਿਆਰ, ਪਰਵਰਿਸ਼, ਕੁਰਬਾਨੀਆਂ ਅਤੇ ਅਨਗਿਣਤ ਉਪਕਾਰ ਅਸੀਂ ਇਸ ਜਨਮ ਤਾਂ ਕੀ ਸੱਤ ਜਨਮਾਂ ਤੱਕ ਵੀ ਦੇ ਨਹੀਂ ਸਕਦੇ। ਮਾਂ–ਪਿਉ ਦਾ ਰਿਸ਼ਤਾ ਰੱਬ ਵਰਗਾ ਹੁੰਦਾ ਹੈ,ਇਹ ਸਿਰਫ਼ ਇਕ ਸ਼ਬਦ ਹੀ ਨਹੀਂ, ਸਗੋਂ ਇਕ ਐਸੀ ਅਨਮੋਲ ਦਾਤ ਹੈ ਜਿਸਦੀ ਕੀਮਤ ਸ਼ਬਦਾਂ ਵਿੱਚ ਕਦੀ ਵੀ ਨਹੀਂ ਸਮਾ ਸਕਦੀ। ਪਰਮਾਤਮਾ ਨੂੰ ਹਰ ਜਗ੍ਹਾ ਵੇਖਿਆ ਨਹੀਂ ਜਾ ਸਕਦਾ, ਸਿਰਫ਼ ਮਹਿਸੂਸ ਹੀ ਕੀਤਾ ਜਾ ਸਕਦਾ ਹੈ ਪਰ ਸਾਨੂੰ ਉਹ ਮਹਾਨ ਅਕਾਲ ਪੁਰਖ ਤੁਹਾਡੇ ਰੂਪ ਵਿੱਚ ਮਿਲਿਆ ਹੈ। ਤੁਹਾਡੇ ਚਿਹਰਿਆਂ ‘ਤੇ ਸਾਨੂੰ ਉਹ ਸੱਚਾ ਨੂਰ ਵੇਖਣ ਨੂੰ ਮਿਲਿਆ, ਜੋ ਸਾਨੂੰ ਰੱਬ ਦੇ ਸੱਚੇ ਪਿਆਰ ਦੀ ਅੱਜ ਵੀ ਯਾਦ ਦਿਵਾਉਂਦਾ ਹੈ। ਸਾਡੇ ਜੀਵਨ ਦੀ ਹਰ ਸੁਖਦਾਇਕ ਕੜੀ ਦੇ ਪਿੱਛੇ ਤੁਹਾਡੀ ਬੇਅੰਤ ਮਿਹਨਤ ਅਤੇ ਅਡਿੱਗ ਸੰਸਕਾਰ ਲੁਕੇ ਹੋਏ ਹਨ। ਜੇਕਰ ਅੱਜ ਅਸੀਂ ਚਾਰੇ ਭਰਾ ਇੱਕੋ ਹੀ ਛੱਤ ਹੇਠ ਮਿਲਜੁਲ ਕੇ ਪਿਆਰ ਨਾਲ ਰਹਿ ਰਹੇ ਹਾਂ, ਤਾਂ ਇਹ ਤੁਹਾਡੇ ਪਿਆਰ, ਸਿਖਲਾਈ ਅਤੇ ਸੰਸਕਾਰਾਂ ਦਾ ਹੀ ਨਤੀਜਾ ਹੈ। ਕਿਉਂਕਿ ਤੁਸੀਂ ਸਾਨੂੰ ਇਕੱਠੇ ਰਹਿਣਾ, ਇਕ ਦੂਜੇ ਦੀ ਕਦਰ ਕਰਨਾ, ਮੁਸ਼ਕਲ ਸਮਿਆਂ ਵਿੱਚ ਹਿੰਮਤ ਨਾਲ ਖੜ੍ਹੇ ਰਹਿਣਾ, ਆਪਨੇ ਸੱਭਿਆਚਾਰ ਨਾਲ ਜੁੜਨਾ ਅਤੇ ਰੱਬ ਦੀ ਰਜ਼ਾ ‘ਚ ਜੀਵਨ ਜਿਊਣਾ ਸਿਖਾਇਆ ਹੈ। ਇਹ ਸੰਸਕਾਰ ਹੀ ਸਾਡਾ ਸਭ ਤੋਂ ਵੱਡਾ ਧਨ ਅਤੇ ਤੁਹਾਡੇ ਵਲੋਂ ਦਿੱਤੀ ਅਨਮੋਲ ਗੁੜ੍ਹਤੀ ਹੈ। ਤੁਸੀਂ ਸਾਡੇ ਲਈ ਸਿਰਫ ਮਾਤਾ–ਪਿਤਾ ਹੀ ਨਹੀਂ, ਸਾਡੇ ਰਾਹਨੁਮਾ ਅਤੇ ਸਾਡੇ ਸੱਚੇ ਦੋਸਤ ਵੀ ਹੋ। ਤੁਹਾਡੇ ਸਾਥ ਤੋਂ ਮਿਲਦੀ ਮਜ਼ਬੂਤੀ ਨੇ ਸਾਨੂੰ ਹਰ ਮੁਸ਼ਕਲ ਵੇਲੇ ਹੌਸਲਾ ਦਿੱਤਾ ਹੈ। ਤੁਹਾਡੀ ਸੇਵਾ ਕਰਨਾ ਹੀ ਸਾਡੇ ਲਈ ਸਭ ਤੋਂ ਵੱਡਾ ਧਰਮ ਅਤੇ ਸੱਚੀ-ਸੁੱਚੀ ਭਗਤੀ ਹੈ। ਅਸੀਂ ਹਮੇਸ਼ਾਂ ਇਹੋ ਪ੍ਰਾਰਥਨਾ ਕਰਦੇ ਹਾਂ ਕਿ ਵਾਹਿਗੁਰੂ ਤੁਹਾਡਾ ਹੱਥ ਸਾਡੇ ਸਿਰ ਉੱਤੇ ਹਮੇਸ਼ਾਂ ਬਣਾਈ ਰੱਖਣ ਅਤੇ ਤੁਹਾਡਾ ਆਸ਼ੀਰਵਾਦ ਰਹਿੰਦੀ ਦੁਨੀਆਂ ਤੀਕ ਸਾਡੇ ਨਾਲ ਰਹੇ। ਅੱਜ ਦੇ ਇਸ ਸ਼ੁਭ ਮੌਕੇ ‘ਤੇ ਤੁਹਾਡੇ ਸਾਰਿਆ ਮੁੰਡਿਆਂ, ਨੂਹਾਂ, ਪੋਤੇ–ਪੋਤੀਆਂ, ਪੋਤਜਵਾਈ, ਪੋਤਨੂਹਾਂ, ਪੜਪੋਤੇ ਅਤੇ ਪੜਦੋਤੀ ਵਲੋਂ ਤੁਹਾਨੂੰ ਦਿਲੋਂ ਦਿਲਾਂ ਤੱਕ ਪਹੁੰਚਣ ਵਾਲੀਆਂ ਮੁਬਾਰਕਾਂ। ਵਾਹਿਗੁਰੂ ਜੀ ਤੁਹਾਡੀ ਜੋੜੀ ਨੂੰ ਲੱਖਾਂ ਹੀ ਨਹੀਂ, ਕਰੋੜਾਂ ਵਾਰ ਅਸੀਸ ਦੇਣ।

ਬਲਦੇਵ ਸਿੰਘ ਬੇਦੀ 
 ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleनरेंद्र मोदी : सफलताएँ, असफलताएँ एवं आलोचनाएं
Next article“ਬਾਰਿਸ਼ਾਂ ਕਾਰਨ ਡਿੱਗੇ ਅਤੇ ਨੁਕਸਾਨੇ ਮਕਾਨਾਂ ਦੀ ਤੁਰੰਤ ਸਾਰ ਲਵੇ ਸਰਕਾਰ”- ਸੀਪੀਆਈ।