(ਸਮਾਜ ਵੀਕਲੀ)
ਸ਼ਾਜਿਸ਼ਾਂ ਦਾ ਦੌਰ ਚੱਲ ਰਿਹਾ ਹੈ, ਰੱਬ ਖੈਰ ਕਰੇ।
ਅੱਜ ਸੱਚ ਦਾ ਸਿਵਾ ਬਲ ਰਿਹਾ ਹੈ, ਰੱਬ ਖੈਰ ਕਰੇ।
ਪਤਾ ਨਹੀਂ ਕੌਣ ਹੈ ਉਹ ਕਿ, ਜਿਸ ਦੇ ਮੁੱਖ ਤੇ ਸਕੂਨ ਹੈ,
ਤਪਸ਼ ਇੰਨੀ ਕਿ ਹਰ ਚਿਹਰਾ ਢਲ ਰਿਹੈ, ਰੱਬ ਖੈਰ ਕਰੇ।
ਸ਼ੱਕ ਜਿਹਾ ਪੈਦੈਂ ਜਦ ਕਿਸੇ ਨੂੰ ਮੁਸਕਰਾਉਂਦੇ ਦੇਖਦਾਂ,
ਉਂਝ ਅੰਦਰ ਤਾਂ ਹਰ ਕੋਈ ਜਲ ਰਿਹੈ , ਰੱਬ ਖੈਰ ਕਰੇ।
ਇਹ ਪਰਿੰਦਿਆਂ ਦੀ ਚੁੱਪ ਕਰ ਰਹੀ ਹੈ ਇਸ਼ਾਰਾ ਕੋਈ,
ਕਿਤੇ ਇੱਕ ਤੂਫਾਨ ਮਚਲ ਰਿਹਾ ਹੈ ਰੱਬ ਖ਼ੈਰ ਕਰੇ।
ਤੇਰਾ ਵਾਅਦਾ ਸੀ ਫੁੱਲਾਂ ਦੀਆਂ ਕਲਮਾਂ ਲੈ ਕੇ ਆਵੇਂਗਾ,
ਇੱਥੇ ਤਾਂ ਸਾਰਾ ਬਾਗ਼ ਜਲ ਰਿਹਾ ਹੈ ਰੱਬ ਖ਼ੈਰ ਕਰੇ।
ਕਾਹਤੋਂ ਬੁਝਦੇ ਜਾ ਰਹੇ ਨੇ ਦੀਪ ਇੱਕ ਇੱਕ ਕਰ ਕੇ,
ਹਰ ਰੋਜ਼ ਇੱਕ ਸਿਵਾ ਬਲ ਰਿਹਾ ਹੈ ਰੱਬ ਖ਼ੈਰ ਕਰੇ।
ਇਨ੍ਹਾਂ ਬੱਦਲਾਂ ਨੂੰ ਕਹਿ ਕਿ ਦੋ ਪਲ ਠਹਿਰ ਕੇ ਜਾਣ,
ਮੇਰੇ ਫੁੱਲਾਂ ਦਾ ਬਦਨ ਜਲ ਰਿਹਾ ਹੈ ਰੱਬ ਖ਼ੈਰ ਕਰੇ।
ਮੈਂ ਨਹੀਂ ਖੇਡਣੀ ਇਹ ਪਿੱਤਲ ਦੇ ਗੀਟਿਆਂ ਦੀ ਖੇਡ,
ਇਹਨਾਂ ਚੋਂ ਤਾਂ ਧੂੰਆਂ ਨਿਕਲ ਰਿਹਾ ਹੈ ਰੱਬ ਖੈਰ ਕਰੇ
ਇਹਨਾਂ ਛੋਹਰਾਂ ਨੂੰ ਰੋਕੋ ਕਿੱਧਰ ਜਾ ਰਹੇ ਨੇ ਇਹ
ਉੱਪਰੋਂ ਵਕਤ ਵੀ ਤਾਂ ਬੁਰਾ ਚੱਲ ਰਿਹਾ ਹੈ ਰੱਬ ਖੈਰ ਕਰੇ।
ਇਹਨਾਂ ਰਾਹਾਂ ਤੇ ਚੱਲ ਕੇ ਪੈਰ ਤਾਂ ਮੱਚਣਗੇ ਕੌਰੇਆਣਾ,
ਉਪਰੋਂ ਮਹੀਨਾ ਜੇਠ ਚਲ ਰਿਹਾ ਹੈ ਰੱਬ ਖੈਰ ਕਰੇ।
ਗੁਰਦੀਪ ਕੌਰੇਆਣਾ



