ਮੁੜ ਜਾਵਾਂ ਵਤਨ ਆਪਣੇ ਨੂੰ, ਪਰ…

(ਸਮਾਜ ਵੀਕਲੀ)

–  ਡਾ: ਲਵਪਰੀਤ ਕੌਰ

ਮੁੜ ਜਾਵਾਂ ਵਤਨ ਆਪਣੇ ਨੂੰ,
ਪਰ…ਕਿਸਦੇ ਲਈ…
ਕੋਈ ਅਵਾਜ਼ ਮਾਰ ਕੇ ਵਾਪਿਸ ਬਲਾਉਂਦਾ ਹੀ ਨਹੀਂ।

ਸਬਰ,ਸਿਦਕ ਸੰਤੋਖ ਨਹੀਂ,
ਸਭ ਨੂੰ ਚੇਤੇ ਨੇ ਜਰੂਰਤਾਂ,
ਮੇਰਾ ਤੱਤੜੀ ਦਾ ਚੇਤਾ ,
ਕਿਸੇ ਨੂੰ ਆਉਂਦਾ ਹੀ ਨਹੀਂ।

ਉਡੀਕ ਰਹਿੰਦੀ ਏ ਸਭ ਨੂੰ ,
ਡਾਲਰ, ਪੌਂਡ, ਦੀਨਾਰਾਂ ਦੀ,
ਕਿਸੇ ਨੂੰ ਧੀ,ਪੁੱਤ,ਮਾਂ ਪਿਓ,
ਚੇਤੇ ਆਉਂਦਾ ਹੀ ਨਹੀਂ।

ਜਿੰਦਗੀ ਦੀ ਦੌੜ ਭੱਜ ਵਿੱਚ,
ਰਿਸ਼ਤੇ ਮਤਲਬੀ ਹੋ ਗਏ,
ਹੁਣ ਮੋਹ ਭਿੱਜੇ ਬੋਲਾ ਨਾਲ,
ਕੋਈ ਬਲਾਉਂਦਾ ਹੀ ਨਹੀਂ।

ਜਦੋਂ ਦੇ ਬ੍ਰੈਡ,ਪਿਜ਼ੇ, ਨਿਊਡਲ ਆ ਗਏ,
ਕਿਸੇ ਨੂੰ ਮਾਂ ਦੇ ਹੱਥ ਦੀ,
ਕੁੱਟੀ ਘਿਓ ਦੀ ਚੂਰੀ ਦਾ,
ਚੇਤਾ ਆਉਂਦਾ ਹੀ ਨਹੀਂ।

ਦੁੱਧ ਲੱਸੀ ਕਿਵੇਂ ਪੀਤੀ ਜਾਂਦੀ ਏ ,
ਭਰ ਛੰਨਿਆਂ ਵਿੱਚ,
ਕੋਈ ਮਾਂ ਪਿਓ ਆਪਣੇ ਬਾਲਾ ਨੂੰ ,
ਹੁਣ ਸਿਖਾਉਂਦਾ ਹੀ ਨਹੀਂ।

ਵਿੱਚ ਪ੍ਰਦੇਸਾਂ ਕੋਈ ਹਾਲ ਨਹੀਂ ,
ਬਿਨਾ ਰੂਹ ਜਿਸਮਾਂ ਦਾ,
ਇਥੇ ਸਾਰੇ ਮਸ਼ੀਨਾਂ ਬਣੇ ਨੇ,
ਕੋਈ ਰੂਹ ਨਾਲ ਜਿੰਦਗੀ ਜਿਉਂਦਾ ਹੀ ਨਹੀਂ।

ਦੋ ਜਿਸਮ ਇੱਕ ਜਾਨ,
ਕਹਿੰਦੇ ਸੀ ਜਿਸ ਰਿਸ਼ਤੇ ਨੂੰ,
ਇਥੇ ਨਿੱਤ ਪਲਾ ਵਿੱਚ ਟੁੱਟਦੇ ਦੇਖੇ,
ਕੋਈ ਰੂਹ ਤੋਂ ਕਿਸੇ ਨੂੰ ਅਪਣਾਉਂਦਾ ਹੀ ਨਹੀਂ।

ਕਿਸ਼ਤਾਂ ਤੇ ਚੱਲਦੇ ਨੇ,
ਜੀਵਨ ਵਿੱਚ ਪ੍ਰਦੇਸਾਂ ਦੇ,
ਖੁੱਲ ਕੇ ਜਿੰਦਗੀ ਇਥੇ ਕੋਈ ,
ਪ੍ਰਦੇਸੀ ਜਿਉਂਦਾ ਹੀ ਨਹੀਂ।

ਭਰਦੇ ਕਿਰਾਏ ਬੁੱਢੇ ਹੋ ਜਾਂਦੇ ਨੇ,
ਜੋ ਸੁੱਖ ਸੀ ਛੱਜੂ ਦੇ ਚੁਬਾਰੇ,
ਉਹ ਹੁਣ ਕਿਸੇ ਬਲਖ ਬੀਖਾਰੇ ,
ਆਉਂਦਾ ਹੀ ਨਹੀਂ।

ਸਾਰੇ ਬਾਸੀ ਖਾਣੇ ,
ਤੇ ਮੁਰਦਾਰ ਖਾਂਦੇ ਨੇ,
ਕੋਈ ਦਾਲ ਰੋਟੀ ਘਰ ਦੀ,
ਵਿੱਚ ਘਿਓ ਪਾਉਂਦਾ ਹੀ ਨਹੀਂ।

ਸਾਰੇ ਜਾਂਦੇ ਨੇ ਤਿਉਹਾਰਾਂ ਤੇ ,
ਵਿੱਚ ਥੇਟਰਾਂ ਮਹਿਫ਼ਿਲਾਂ ਦੇ,
ਕੋਈ ਅੰਮ੍ਰਿਤ ਸਰ ਜਾਕੇ,
ਦੀਵਾਲੀ ਮਨਾਉਂਦਾ ਹੀ ਨਹੀਂ।

ਸਾਰੇ ਚਾਹੁੰਦੇ ਨੇ ਮੁੜ ਵਤਨ ਨੂੰ ਆਉਣਾ “ਪ੍ਰੀਤ”,
ਪਰ ਕੋਈ ਕਦਮ ਅੱਗੇ ਵਧਾਉਂਦਾ ਹੀ ਨਹੀਂ।

Previous articleIDF arrests Palestinian terror suspects in Bethlehem
Next articleਐਨਆਰਆਈ ਐਚ ਐਲ ਵਿਰਦੀ ਨੇ ‘ਨੋਬਲ ਫਾਊਂਡੇਸ਼ਨ ਸਕੂਲ’ ਵਿੱਚ ਵੰਡੀਆਂ ਕਿਤਾਬਾਂ