ਕੱਚ-ਘਰੜ ਤੇ ਅਸੱਭਿਅਕ ਦੌਰ ‘ਚ ਭਾਵਪੂਰਤ ਲਿਖਤਾਂ ਲਿਖਣ ਵਾਲੇ ਲੇਖਕਾਂ ਨੂੰ ਅੱਗੇ ਲਿਆਉਣ ਦੀ ਲੋੜ_ਅੰਗਰੇਜ਼ ਸਿੰਘ ਮੱਲਕੇ

(ਸਮਾਜ ਵੀਕਲੀ) ਭਲੂਰ/ਬੇਅੰਤ ਗਿੱਲ :- ਅਜੋਕੇ ਸਮੇਂ ‘ਚ ਕੱਚ ਘਰੜ ਤੇ ਊਟ ਪਟਾਂਗ ਦਾ ਬੋਲਬਾਲਾ ਉੱਚਾ ਹੋ ਹੋ ਮੋਢਿਆਂ ਤੋਂ ਥੁੱਕ ਰਿਹਾ। ਇਸ ਸਮੇਂ ਦੌਰਾਨ ਚੰਗੇ ਤੇ ਨਰੋਏ ਸਮਾਗਮਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇੱਥੇ ਚੰਗੀਆਂ ਲਿਖਤਾਂ ਲਿਖਣ ਵਾਲੇ ਤੇ ਕਿਤਾਬਾਂ ਨਾਲ ਜੁੜੇ ਲੋਕਾਂ ਦਾ ਇਕੱਤਰ ਹੋਣਾ ਵੱਡਾ ਫਰਜ਼ ਬਣ ਗਿਆ ਹੈ। ਅਸੱਭਿਅਕ ਗੀਤਾਂ ਤੇ ਕੱਚ ਘਰੜ ਦੇ ਖ਼ਿਲਾਫ਼ ਹੋਕਾ ਦੇਣ ਵਾਲੀ ਸ਼ਖ਼ਸੀਅਤ ਨੌਜਵਾਨ ਅੰਗਰੇਜ਼ ਸਿੰਘ ਮੱਲਕੇ ਨੇ ਸੁਪਨਾ ਬੁਣਿਆ ਸੀ ਕਿ ਇਕ ਸਾਹਿਤਕ ਮੰਚ ਦਾ ਗਠਨ ਹੋਵੇ ਤੇ ਨਿਵੇਕਲੇ ਪ੍ਰੋਗਰਾਮ ਉਲੀਕੇ ਜਾਣ। ਉਸਦੇ ਇਸ ਸੁਫ਼ਨੇ ਲਈ ‘ਨੌਜਵਾਨ ਸਾਹਿਤ ਸਭਾ ਭਲੂਰ’ ਹੁੰਗਾਰਾ ਤੇ ਹੁਲਾਰਾ ਬਣੀ। ਸਰਪੰਚ ਜਸਵਿੰਦਰ ਸਿੰਘ ਰਾਜਾ ਮੱਲਕੇ ਅਤੇ ਗ੍ਰਾਮ ਪੰਚਾਇਤ ਮੱਲਕੇ ਦਾ ਥਾਪੜਾ ਨੌਜਵਾਨ ਅੰਗਰੇਜ਼ ਸਿੰਘ ਮੱਲਕੇ ਲਈ ਇਕ ਖੂਬਸੂਰਤ ਕਦਮ ਪੁੱਟਣ ਲਈ ਰਾਹ ਦਸੇਰਾ ਬਣਿਆ। ਇਸ ਤਰ੍ਹਾਂ ‘ਸਾਹਿਤਕ ਮੰਚ ਮੱਲਕੇ’ ਅਤੇ ‘ਗ੍ਰਾਮ ਪੰਚਾਇਤ ਮੱਲਕੇ’ ਵੱਲੋਂ ਕਰਵਾਇਆ ਸਾਹਿਤਕ ਸਮਾਗਮ ਵਿਲੱਖਣ ਤੇ ਖ਼ੂਬਸੂਰਤ ਪੈੜਾਂ ਪਾਉਂਦਾ ਸਿਖ਼ਰ ਹੋ ਨਿੱਬੜਿਆ। ਮੱਲਕੇ ਦੇ ਸਰਪੰਚ ਜਸਵਿੰਦਰ ਸਿੰਘ ਰਾਜਾ ਮੱਲਕੇ ਦੀ ਪਹਿਲਕਦਮੀ ਕਾਰਗਰ ਸਾਬਿਤ ਹੋਵੇਗੀ। ਇਸ ਸਮਾਗਮ ਵਿੱਚ ਸ਼ਾਇਰ ਚਰਨ ਲਿਖਾਰੀ ਨੂੰ ਪਾਠਕਾਂ ਅਤੇ ਲੇਖਕਾਂ ਦੇ ਰੂ-ਬ-ਰੂ ਕੀਤਾ ਗਿਆ। ਗੀਤਕਾਰ ਸਾਬ੍ਹ ਪਨਗੋਟਾ ਅਤੇ ਗੀਤਕਾਰ ਕੁਲਦੀਪ ਕੰਡਿਆਰਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਪਹੁੰਚੇ ਕਵੀਆਂ ਨੇ ਖ਼ੂਬਸੂਰਤ ਰਚਨਾਵਾਂ ਨਾਲ ਰੰਗ ਬੰਨ੍ਹ ਦਿੱਤੇ। ਇਸ ਮੌਕੇ ਸ਼ਾਇਰ ਚਰਨ ਲਿਖਾਰੀ ਬਾਰੇ ਆਪਣੇ ਸ਼ਬਦਾਂ ਦੀ ਸਾਂਝ ਪਾਉਂਦਿਆਂ ਕਵਿੱਤਰੀ ਅਨੰਤ ਗਿੱਲ ਭਲੂਰ ਨੇ ਕਿਹਾ ਕਿ ਚਰਨ ਲਿਖਾਰੀ ਪੰਜਾਬ ਦੀ ਮਿੱਟੀ ਦਾ ਪਿਆਰਾ, ਸਾਊ ਤੇ ਸੰਗਾਊ ਪੁੱਤ ਹੈ। ਉਸਦੀ ਕਲਮ ਪੰਜਾਬ ਦੇ ਸੂਰਬੀਰ, ਬਹਾਦਰਾਂ, ਯੋਧਿਆਂ ਦੀਆਂ ਵਾਰਾਂ ਗਾਉਂਦੀ ਪੰਜਾਬੀ ਸਾਹਿਤ ਅਤੇ ਪੰਜਾਬੀ ਮਾਂ ਬੋਲੀ ਦਾ ਮਾਣ ਬਣਦੀ ਹੈ। ਸ਼ਾਇਰ ਚਰਨ ਲਿਖਾਰੀ ਦੀ ਹਰ ਲਿਖਤ ਨਵੀਆਂ ਕਲਮਾਂ ਨੂੰ ਸੁਚੱਜਾ ਤੇ ਨਰੋਆ ਸਾਹਿਤ ਰਚਣ ਦਾ ਸੁਨੇਹਾ ਦਿੰਦੀ ਹੈ। ਇਸੇ ਤਰ੍ਹਾਂ ਅੰਗਰੇਜ਼ ਸਿੰਘ ਮੱਲਕੇ ਅਤੇ ਹੋਰ ਲੇਖਕਾਂ ਨੇ ਗੀਤਕਾਰ ਸਾਬ੍ਹ ਪਨਗੋਟਾ ਅਤੇ ਗੀਤਕਾਰ ਕੁਲਦੀਪ ਕੰਡਿਆਰਾ ਦੀਆਂ ਲਿਖਤਾਂ ਦਾ ਜ਼ਿਕਰ ਕਰਦਿਆਂ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੀਆਂ ਕਲਮਾਂ ਨੂੰ ਸੰਭਾਲਣ ਦੀ ਲੋੜ ਹੈ। ਇੱਥੇ ਨੌਜਵਾਨ ਅੰਗਰੇਜ਼ ਸਿੰਘ ਮੱਲਕੇ ਨੇ ਆਖਿਆ ਕਿ ਅਸੀਂ ਲੱਚਰਤਾ ਅਤੇ ਇਸ਼ਕ ਮੁਸ਼ਕ ਦੇ ਝੂਠ ਦਾ ਪਰਦਾਫਾਸ਼ ਕਰਨ ਲਈ ਪੰਜਾਬ ਪੱਧਰ ‘ਤੇ ਸਾਹਿਤਕ ਸਮਾਗਮ ਕਰਵਾਉਣ ਲਈ ਯਤਨਸ਼ੀਲ ਹਾਂ। ਇਹਨਾਂ ਕਾਰਜਾਂ ਲਈ ਅਸੀਂ ਸ਼ਾਇਰਾਂ, ਕਵੀਆਂ ਤੇ ਗੀਤਕਾਰਾਂ ਦਾ ਸਾਥ ਲੈ ਕੇ ਅੱਗੇ ਵਧਾਂਗੇ। ਇਸ ਮੌਕੇ ਸ਼ਾਇਰ ਚਰਨ ਲਿਖਾਰੀ ਨੇ ਖ਼ੂਬਸੂਰਤ ਰਚਨਾਵਾਂ ਰਾਹੀਂ ਸਭ ਦਾ ਦਿਲ ਜਿੱਤ ਲਿਆ ਅਤੇ ਕੁਲਦੀਪ ਕੰਡਿਆਰਾ ਤੇ ਸਾਬ ਪਨਗੋਟਾ ਨੇ ਵੀ ਆਪਣੇ ਗੀਤਾਂ ਦੇ ਰੰਗ ਬਿਖੇਰਦਿਆਂ ਸੁਚੱਜੀ ਗੀਤਕਾਰੀ ਦਾ ਸੁਨੇਹਾ ਦਿੱਤਾ। ਇਸ ਮੌਕੇ ਸਾਰੀਆਂ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਇਸ ਸਮਾਗਮ ਨੂੰ ਖੂਬਸੂਰਤ ਰੰਗਤ ਦੇਣ ਲਈ ਜਿੱਥੇ ਸਰਪੰਚ ਹਰਵਿੰਦਰ ਕੌਰ, ਸਰਪੰਚ ਜਸਵਿੰਦਰ ਸਿੰਘ ਰਾਜਾ ਮੱਲਕੇ, ਅੰਗਰੇਜ਼ ਸਿੰਘ ਮੱਲਕੇ, ਬੇਅੰਤ ਗਿੱਲ ਭਲੂਰ, ਗੁਰਜੰਟ ਸਿੰਘ ਤੱਖੀ, ਨਗਿੰਦਰ ਸਿੰਘ ਢਿੱਲੋਂ, ਰਾਣਾ ਸਿੰਘ, ਸਤਨਾਮ ਬੁਰਜ ਹਰੀਕਾ, ਸਤਨਾਮ ਸ਼ਦੀਦ ਸਮਾਲਸਰ, ਅਨੰਤ ਗਿੱਲ ਭਲੂਰ, ਜਸਕਰਨ ਲੰਡੇ ਅਤੇ ਗ੍ਰਾਮ ਪੰਚਾਇਤ ਦਾ ਸਹਿਯੋਗ ਰਿਹਾ, ਉੱਥੇ ਹੀ ਉਚੇਚੇ ਤੌਰ ‘ਤੇ ਪਹੁੰਚੇ ਕਵੀਆਂ ਅਤੇ ਪਿੰਡ ਮੱਲਕੇ ਦੇ ਲੋਕਾਂ ਦਾ ਸਲਾਹੁਣਯੋਗ ਸਹਿਯੋਗ ਰਿਹਾ ਹੈ। ਅਖੀਰ ਵਿਚ ਸਾਬਕਾ ਸਰਪੰਚ ਕੁਲਦੀਪ ਸਿੰਘ ਮੱਲਕੇ ਅਤੇ ਸਰਪੰਚ ਜਸਵਿੰਦਰ ਸਿੰਘ ਰਾਜਾ ਮੱਲਕੇ ਵੱਲੋਂ ਸਾਰੇ ਕਵੀ ਵੀਰਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿਚ ਲੇਖਕ, ਸ਼ਾਇਰ ਕਵੀ ਤੇ ਵਿਦਵਾਨ ਲੋਕਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਵੱਡੀ ਗਿਣਤੀ ਨੇ ਨੌਜਵਾਨ ਅੰਗਰੇਜ਼ ਸਿੰਘ ਮੱਲਕੇ ਨੂੰ ਮੁਬਾਰਕਬਾਦ ਦਿੱਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵੀ ਆਈ ਪੀ ਦਾ ਆਉਣਾ —ਇਕ ਦਿਨ ਦੀ ਚਮਕ —ਫਿਰ ਪੁਰਾਣੀ ਧੂੜ
Next articleਕਪੂਰਥਲਾ ਵਿਰਾਸਤੀ ਮੇਲਾ 2025 ਵਿਰਸੇ ਦੀ ਸਾਂਭ ਸੰਭਾਲ ਦਾ ਸੱਦਾ ਦਿੰਦਾ ਹੋਇਆ ਸਮਾਪਤ