HOME ਉਦਾਸ ਮਨਾਂ ਨੂੰ ਵੀ ਮੁਸਕਾਨ ਬਖ਼ਸ਼ਦੀ ਪੁਸਤਕ : ‘ਹਾਸਾ ਨਿਰ੍ਹਾ ਪਤਾਸਾ’

ਉਦਾਸ ਮਨਾਂ ਨੂੰ ਵੀ ਮੁਸਕਾਨ ਬਖ਼ਸ਼ਦੀ ਪੁਸਤਕ : ‘ਹਾਸਾ ਨਿਰ੍ਹਾ ਪਤਾਸਾ’

1
ਮਾਲਵਿੰਦਰ ਸ਼ਾਇਰ

  (ਸਮਾਜ ਵੀਕਲੀ)  ਪ੍ਰਿਤਪਾਲ ਸਿੰਘ ਬੜੇ ਪ੍ਰਬੁੱਧ ਤੇ ਪ੍ਰਬੀਨ ਹਾਸਰਸ ਸਾਹਿਤਕਾਰ ਹਨ ਜਿਨ੍ਹਾਂ ਨੂੰ ਅੱਜ ਦੀ ਦੌੜ-ਭੱਜ ਵਾਲੀ ਰੋਜ਼-ਮਰ੍ਹਾ ਦੀ ਜ਼ਿੰਦਗੀ ਵਿੱਚੋਂ ਵੀ ਚੁਟਕਲੇ,ਚਹੇਡਾਂ,ਹਾਸ-ਰਸ ਟੋਟਕੇ, ਮਸਖ਼ਰੀਆਂ ਤੇ ਹੋਰ ਹਲ਼ਕਾ-ਫੁਲ਼ਕਾ ਹਾਸ-ਵਿਅੰਗ ਕੱਢ ਲੈਣ ਦੀ ਮੁਹਾਰਤ ਹਾਸਿਲ ਹੈ। ਉਨ੍ਹਾਂ ਨੇ ਹੁਣ ਤੱਕ ਪੰਜ ਹਾਸ-ਰਸ ਪੁਸਤਕਾਂ ਮਾਂ-ਬੋਲੀ ਪੰਜਾਬੀ ਦੀ ਝੋਲੀ ਪਾਈਆਂ ਹਨ ਜਿਨ੍ਹਾਂ ਵਿੱਚ ‘ਆਓ ਹੱਸੀਏ’, ‘ਹੱਸਣਾ ਤੇ ਹਸਾਉਣਾ,’ਦੱਬ ਕੇ ਹੱਸੋ’, ‘ਹੱਸੋ ਤੇ ਹਸਾਓ’, ‘ ਕੁਤਕਤਾਰੀਆਂ’ ਸ਼ਾਮਿਲ ਹਨ। ਹਥਲੀ ਪੁਸਤਕ ‘ਹਾਸਾ ਨਿਰ੍ਹਾ ਪਤਾਸਾ’ ਹਾਸ-ਵਿਅੰਗ  ਦੀ ਉਨ੍ਹਾਂ ਦੀ ਛੇਵੀਂ ਪੁਸਤਕ ਹੈ ਜਿਸ ਵਿੱਚ ਪੇਸ਼ ਹਾਸ-ਰਸ ਖਾਦ-ਪਦਾਰਥ ਉਦਾਸੇ ਜਾਂ ਡਿਪਰੈੱਸਿਡ ਲੋਕ-ਮਨਾਂ ਨੂੰ ਤਰੋ-ਤਾਜ਼ਾ ਕਰਨ ਲਈ ਬੜਾ ਲਾਹੇਵੰਦ ਤੇ ਕਿਸੇ ਕੀਮਤੀ ਔਸ਼ਦੀ ਜਾਂ ਜੜੀ-ਬੂਟੀ ਵਾਂਗ ਹੈ। ਦੋ ਸੌ ਸੌਲਾਂ ਪੰਨਿਆਂ ਦੀ ਇਸ ਪੁਸਤਕ ਵਿੱਚ ਉਨ੍ਹਾਂ ਦੇ ਮੌਲਿਕ ਵਿਅੰਗਮਈ ਬੰਦ ਸ਼ਾਮਿਲ ਹਨ ਜੋ ਘੁੱਗੂ-ਵੱਟੇ ਚਿਹਰੇ ‘ਤੇ ਵੀ ਮੁਸਕਾਨ ਲਿਆਉਣ ਲਈ ਪਾਠਕ ਨੂੰ ਮਜ਼ਬੂਰ ਕਰਦੇ ਹਨ। ਇਸ ਪੁਸਤਕ ਵਿੱਚ ਸਵਾ ਤਿੰਨ ਸੌ ਦੇ ਕਰੀਬ ਚੁਟਕਲੇ, ਚਹੇਡਾਂ,ਮਸਖ਼ਰੀਆਂ ਤੇ ਹਲ਼ਕੇ-ਫੁਲ਼ਕੇ ਹਾਸ-ਰਸ ਟੋਟਕੇ ਸ਼ਾਮਿਲ ਹਨ ਜਿਨ੍ਹਾਂ ਵਿੱਚ ਕਈ ਇੱਕ-ਦੋ ਵਾਕਾਂ ਤੱਕ ਸੀਮਤ ਹਨ ਅਤੇ ਕਈ ਇੱਕ-ਡੇਢ ਪੰਨੇ ਤੱਕ ਵੀ ਫੈਲੇ ਹੋਏ ਹਨ। ਸਭ ਇੱਕ-ਦੂਜੇ ਤੋਂ ਚੜ੍ਹਦੇ ਹੀ ਹਨ ਜੋ ਪਾਠਕ ਨੂੰ ਆਪਣੇ ਨਾਲ਼ ਜੋੜਣ ਲਈ ਤਹੱਈਆ ਕਰਦੇ ਹਨ। ਇਹ ਪੁਸਤਕ M/s 21st century publisher, patiala ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਪਬਲਿਸ਼ਰ ਦਾ ਸੰਪਰਕ ਨੰਬਰ 99153-98354 ਹੈ। ਪਰ ਜੇਕਰ ਇੱਕ ਹਾਸ-ਰਸ ਸਾਹਿਤਕਾਰ ਦੀ ਜ਼ਿੰਦਗੀ ਬਾਰੇ ਕੁੱਝ ਚਾਨਣਾ ਪਾਉਣ ਦੀ ਕੋਸ਼ਿਸ਼ ਕਰੀਏ ਤਾਂ ਮੈਂ ਆਪਣੇ ਨਿਜੀ ਤਜ਼ੁਰਬਿਆਂ ਵਿੱਚੋਂ ਆਖ ਸਕਦਾ ਹਾਂ ਕਿ ਇਨ੍ਹਾਂ ਸਾਹਿਤਕਾਰਾਂ ਦੀ ਜ਼ਿੰਦਗੀ ਵਿੱਚ ਵੀ ਆਮ ਵਿਅਕਤੀ ਵਾਂਗ ਦੁੱਖ-ਤਕਲੀਫ਼ਾਂ ਦੇ ਗਰੇ ਲੱਗੇ ਹੁੰਦੇ ਹਨ ਕਿਉਂਕਿ ਇਹ ਵੀ ਇੱਕ ਮਨੁੱਖੀ ਜੀਵ ਹਨ। ਮੈਂ ਕੋਈ ਹੋਰ ਮਿਸਾਲ ਲੈਣ ਦੀ ਬਜਾਏ ਹਥਲੀ ਪੁਸਤਕ ਦੇ ਲੇਖਕ ਪ੍ਰਿਤਪਾਲ ਸਿੰਘ ਦੇ ਨਿਜੀ-ਜੀਵਨ ਬਾਰੇ ਹੀ ਗੱਲ ਕਰਾਂ ਤਾਂ ਆਖ ਸਕਦਾ ਹਾਂ ਕਿ ਇਨ੍ਹਾਂ ਦਾ ਇੱਕ ਛੋਟਾ ਜਿਹਾ ਪਰਿਵਾਰ ਹੈ ਜਿਸ ਵਿੱਚ ਸੁਪਤਨੀ ਸੇਵਾ ਮੁਕਤ ਅਧਿਆਪਕਾ ਰਣਜੀਤ ਕੌਰ, ਬੇਟੀ ਮਨਪ੍ਰੀਤ ਕੌਰ ਅਤੇ ਬੇਟਾ ਸੰਦੀਪ ਸਿੰਘ ਸ਼ਾਮਿਲ ਹਨ। ਬੇਟੀ ਵਿਆਹੀ-ਵਰੀ ਆਪਣੇ ਘਰ ਹੱਸਦੀ-ਵੱਸਦੀ ਹੈ। ਬੇਟਾ ਬੈੰਕ ਮੁਲਾਜ਼ਮ ਹੈ। ਅੱਗੋਂ ਪ੍ਰਿਤਪਾਲ ਦੇ ਇੱਕ-ਇੱਕ ਪੋਤਾ-ਪੋਤੀ ਤੇ ਇੱਕ-ਇੱਕ ਹੀ ਦੋਹਤਾ ਦੋਹਤੀ ਹਨ ਜੋ ਉਸਦੇ ਪਰਿਵਾਰ ਦੀ ਵੇਲ ਵਧਾ ਰਹੇ ਹਨ। ਪਰ ਦੁੱਖ ਦੀ ਗੱਲ ਇਹ ਹੈ ਕਿ ਫ਼ਰਵਰੀ,2025 ਵਿੱਚ ਉਨ੍ਹਾਂ ਦਾ ਇੱਕਲੌਤਾ ਪੁੱਤਰ ਸੰਦੀਪ ਸਿੰਘ ਇੱਕ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਜੋ ਅੱਜ ਮੇਰੇ ਇਸ ਪੁਸਤਕ ‘ਤੇ ਚੰਦ ਸਤਰਾਂ ਲਿਖੇ ਜਾਣ ਤੱਕ ਵੀ ਮੰਜੇ ‘ਤੇ ਹੀ ਪਿਆ ਹੈ ਪਰ ਸਿਹਤ ਵਿੱਚ ਅੱਗੇ ਨਾਲ਼ੋਂ ਸੁਧਾਰ ਹੈ। ਸਮੁੱਚੇ ਪਰਿਵਾਰ ਅਤੇ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਲਬੂਤੇ ਛੇਤੀ ਹੀ ਤੰਦਰੁਸਤ ਹੋ ਜਾਵੇਗਾ। ਇਸ ਸਮੇਂ ਇਤਫ਼ਾਕ ਦੀ ਗੱਲ ਇਹ ਹੈ ਕਿ ਜੋ ਇਹ ਹਥਲੀ ਪੁਸਤਕ ਪ੍ਰਕਾਸ਼ਿਤ ਹੋਈ ਉਹ ਇਨ੍ਹਾਂ ਦੇ ਪੁੱਤਰ ਦੇ ਦੁਰਘਟਨਾਗ੍ਰਸਤ ਹੋਣ ਤੋਂ ਬਾਅਦ ਹੀ ਪਬਲਿਸ਼ ਹੋਈ ਹੈ। ਪ੍ਰਿਤਪਾਲ ਹੋਰਾਂ ਦੇ ਘਰ ਗਮਗੀਨ ਮਹੌਲ ਹੈ ਪਰ ਉਹ ਸਾਡੇ ਸਭ ਦੇ ਚਿਹਰਿਆਂ ‘ਤੇ ਰੌਣਕ ਲਿਆਉਣ ਲਈ ਅੱਜ ਵੀ ਤੱਤਪਰ ਹਨ। ਇਸ ਸਮੇਂ ਅਜਿਹੇ ਇੱਕ ਹਾਸ ਵਿਅੰਗ ਲਿਖਾਰੀ ਨੂੰ ਆਪ-ਮੁਹਾਰੇ ਦਿਲੋਂ ਸਲਾਮ ਨਿਕਲਦਾ ਹੈ।ਅੱਜ ਫਿਰ ਵੀ ਉਹ ਪਲ਼-ਪਲ਼ ਛਿਣ-ਛਿਣ ਹੋ ਕੇ ਲੰਘ ਰਹੇ ਵਕਤ ਵਿੱਚੋਂ ਹਾਸ-ਰਸ ਟੋਟਕੇ ਲੱਭ ਰਹੇ ਹਨ। ਇਹ ਉਨ੍ਹਾਂ ਦੀ ਜ਼ਿੰਦਾ-ਦਿਲੀ ਦੀ ਉਦਾਹਰਣ ਹੈ ਜੋ ਹਮੇਸ਼ਾਂ ਜ਼ਿੰਦਗੀ ਜ਼ਿੰਦਾਬਾਦ ਕਹਿਣ ਵਿੱਚ ਵਿਸ਼ਵਾਸ ਰੱਖਦੇ ਹਨ। ਇੱਕ ਥਾਂ ਚਾਰਲੀ ਚੈਪਲਿਨ ਨੇ ਲਿਖਿਆ ਹੈ, ” ਇਸ ਸੰਸਾਰ ਵਿੱਚ ਕੁੱਝ ਵੀ ਸਥਾਈ ਨਹੀਂ ਹੈ… ਸਾਡੀਆਂ ਮੁਸ਼ਕਿਲਾਂ/ਪੀੜਾਂ ਵੀ।” ਇੱਕ ਥਾਂ ਚੈਪਲਿਨ ਹੋਰ ਲਿਖਦਾ ਹੈ,” ਮੇਰੀ ਜ਼ਿੰਦਗੀ ਵਿੱਚ ਬਹੁਤ ਮੁਸੀਬਤਾਂ ਹਨ ਪਰ ਮੇਰੇ ਬੁੱਲ੍ਹ ਉਨ੍ਹਾਂ ਬਾਰੇ ਰਤਾ ਵੀ ਗੰਭੀਰ ਨਹੀਂ ਹਨ… ਉਹ ਹਮੇਸ਼ਾਂ ਮੁਸਕਰਾਉੰਦੇ ਰਹਿੰਦੇ ਹਨ।”

ਅਸਲ ਵਿੱਚ ਵਿਅੰਗਕਾਰ ਨੇ ਆਪਣੀ ਮੱਸ ਪੂਰੀ ਕਰ ਹੀ ਲੈਣੀ ਹੁੰਦੀ ਹੈ। ਇੱਕ ਵਾਰ ਇੱਕ ਵਿਅੰਗਕਾਰ ਆਪਣੇ ਕੁਆਰੇ ਬੇਟੇ ਨੂੰ ਡਾਕਟਰ ਕੋਲ ਦਿਖਾਉਣ ਲਈ ਲੈ ਕੇ ਗਿਆ। ਉਸ ਵਿਅੰਗਕਾਰ ਦਾ ਬੇਟਾ ਲੱਤ ‘ਤੇ ਸੱਟ ਵੱਜੀ ਹੋਣ ਕਾਰਨ ਥੋੜ੍ਹਾ ਜ਼ਿਆਦਾ ਦੀ ਲੰਙ ਮਾਰ ਰਿਹਾ ਸੀ। ਜਦੋਂ ਉਹ ਹਸਪਤਾਲ ਦੇ ਅੰਦਰ ਦਾਖ਼ਲ ਹੋਏ ਤਾਂ ਸਾਹਮਣਿਓਂ ਇੱਕ ਸੋਹਣੀ ਜਿਹੀ ਨਰਸ ਉਨ੍ਹਾਂ ਦੇ ਮੱਥੇ ਲੱਗੀ। ਵਿਅੰਗਕਾਰ ਝੱਟ ਬੋਲਿਆ, ‘ਪੁੱਤਰਾ ਤੇਰਾ ਕੀ ਖ਼ਿਆਲ ਐ…ਡਾਕਟਰ ਨਾਲ਼ ਗੱਲ ਕਰਕੇ ਤੇਰਾ ਇਸ ਨਰਸ ਨਾਲ਼ ਈ ਨਾ ਰਿਸ਼ਤਾ ਕਰਾ ਦਈਏ…।’ ਐਨਾ ਸੁਣਦੇ ਸਾਰ ਉਸਦਾ ਬੇਟਾ ਝੱਟ ਦੇਣੇ ਸਿੱਧਾ ਹੋ ਕੇ ਤੁਰਨ ਲੱਗ ਪਿਆ ਅਤੇ ਵਿਅੰਗਕਾਰ ਤੇ ਉਸਦੀ ਘਰਵਾਲੀ ਮੁਸਕਣੀਆਂ ਹੱਸਣ ਲੱਗ ਪਏ। ਇਸੇ ਤਰ੍ਹਾਂ ਹੀ ਇੱਕ ਵਾਰ ਇੱਕ ਜੁਆਕ ਖੇਤੋਂ ਆਏ ਆਪਦੇ ਬਾਪੂ ਨੂੰ ਕਹਿੰਦਾ, ” ਭਾਪਾ…ਭਾਪਾ, ਅੱਜ ਸਾਡੇ ਸਕੂਲ ‘ਚ ਡਾਕਟਰ ਆਏ ਸੀ। ਉਹ ਮੇਰੇ ਟੂਟੀਆਂ ਜਿਹੀਆਂ ਲਾ ਕੇ ਚੈੱਕ-ਅੱਪ ਕਰਕੇ ਕਹਿੰਦੇ ਤੇਰੀ ਨਿਗ੍ਹਾ ਡਾਉਨ ਐ…।” ਇਸ ਸਮੇਂ ਆਥਣ ਦਾ ਮੂੰਹ-ਹਨੇਰਾ ਜਿਹਾ ਸੀ। ਉਹਦਾ ਪਿਉ ਉਸ ਨੂੰ ਬਾਹੋਂ ਫੜ ਕਮਰੇ ‘ਚੋਂ ਬਾਹਰ ਲੈ ਗਿਆ ਅਤੇ ਕਹਿੰਦਾ,” ਉਹ ਅਸਮਾਨ ਵੱਲ ਦੇਖ ਭਲਾਂ ਉੱਤੇ ਕੀ ਐ…?”
” ਚੰਦਾ ਮਾਮਾ…।”
“ਬੱਸ ਬਹੁਤ ਐ ਨਿਗ੍ਹਾ…ਹੋਰ ਦੱਸ ਤੈਂ ਕੀ ਇੰਦਰ ਦੇਵਤੇ ਦੇ ਦਰਬਾਰ ‘ਚ ਅਪਸਰਾਂ ਨੱਚਦੀਆਂ ਦੇਖਣੀਆਂ ਨੇ…ਜਾਹ ਰੋਟੀ-ਟੁੱਕ ਖਾ ਲੈ।” ਐਨਾ ਕਹਿ ਕੇ ਉਹ ਨਹਾਉਣ ਲਈ ਗੁਸਲਖਾਨੇ ‘ਚ ਵੜ ਗਿਆ।ਉਧਰ ਉਸ ਜੁਆਕ ਦੀ ਮਾਂ ਚੌਕੇ ‘ਚੋਂ ਬੁੜਬੜਾਉਂਦੀ ਬੋਲੀ, ” ਲੈ ਪੁੱਤ ਹੋਰ ਕਰਾਉਣੀ ਆ ਨਿਗ੍ਹਾ ਚੈੱਕ ਆਪਦੇ ਪਿਉ ਤੋਂ…ਤੂੰ ਵੀ ਜਦੋਂ ਦਾ ਸਕੂਲੋਂ ਆਇਐਂ ਕਾਹਲਾ ਪਿਆ ਫਿਰਦੈਂ…ਬਈ ਪਿਉ ਨੂੰ ਅੱਖਾਂ ਦਖਾਊੰਗਾ…ਉਹਦੀਆਂ ਤਾਂ ਆਪਦੀਆਂ ਅੱਖਾਂ ਸੁਰਮਚੂ ਭਾਲਦੀਆਂ ਨੇ…ਆਉਣ ਦੇ ਉਹਨੂੰ ਗੁਸਲਖਾਨੇ ‘ਚੋਂ ਬਾਹਰ…ਮੈਂ ਫੇਰਦੀ ਆਂ ਉਹਦੀਆਂ ਅੱਖਾਂ ‘ਚ ਸੁਰਮ ਸਲਾਈ…ਨਿੱਤ ਆ ਜਾਂਦੈ ਡੱਫ਼ ਕੇ ਖੇਤੋਂ…।”
ਸੋ ਹਰ ਇਨਸਾਨ ਨੂੰ ਵੀ ਇਸ ਤਰ੍ਹਾਂ ਦੀ ਖ਼ੁਸ਼ਗਵਾਰ ਜ਼ਿੰਦਗੀ ਬਤੀਤ ਕਰਨ ਨੂੰ ਹੀ ਤਰਜ਼ੀਹ ਦੇਣੀ ਚਾਹੀਦੀ ਹੈ। ਅੱਜ ਦੇ ਇਸ ਯੁੱਗ ਵਿੱਚ ਤੁਹਾਡੇ ਕੋਈ ਅੱਥਰੂ ਨਾ ਵੇਖ ਲਵੇ ਇਸ ਨੂੰ ਛੁਪਾਉਣ ਲਈ ਖ਼ੁਦ ਹੀ ਬਾਰਸ਼ ਵਿੱਚ ਤੁਰ ਲਵੋ ਤਾਂ ਬੇਹਤਰ ਹੈ ਜੇਕਰ ਕਿਸੇ ਨੂੰ ਅੱਥਰੂ ਦਿਖਾਓਗੇ ਤਾਂ ਉਹ ਅੱਗੋਂ ਹੰਝੂਆਂ ਦੇ ਨੀਰ ਨਾਲ਼ ਲੱਥ-ਪੱਥ ਆਪਣਾ ਰੁਮਾਲ ਕੱਢ ਕੇ ਖੜ੍ਹਾ ਹੋ ਜਾਵੇਗਾ ਅਤੇ ਪਹਿਲਾਂ ਆਪਣਾ ਦੁੱਖ ਬਿਆਨਣ ਲੱਗ ਪਵੇਗਾ।
ਅੰਤ ਵਿੱਚ ਮੈਂ ਪ੍ਰਿਤਪਾਲ ਸਿੰਘ ਨੂੰ ਹਥਲੀ ਪੁਸਤਕ ‘ਹਾਸਾ ਨਿਰ੍ਹਾ ਪਤਾਸਾ’ ਦੀ ਵਧਾਈ ਦਿੰਦਾ ਹੋਇਆ ਉਨ੍ਹਾਂ ਦੇ ਪੁੱਤਰ ਸੰਦੀਪ ਸਿੰਘ ਦੀ ਛੇਤੀ ਸਿਹਤਯਾਬੀ ਦੀ ਕਾਮਨਾ ਕਰਦਾ ਹਾਂ ਅਤੇ ਆਪਣੀ ਕਲ਼ਮ ਨੂੰ ਵਿਰਾਮ ਦਿੰਦਾ ਹੋਇਆ ਮਿਸਟਰ ਬੀਨ ਦੀਆਂ ਇਹ ਸਤਰਾਂ ਸਭ ਦੇ ਸਨਮੁੱਖ ਪੇਸ਼ ਕਰਦਾ ਹਾਂ,
” ਕੋਈ ਤੁਹਾਨੂੰ ਹੋਰ ਖ਼ੁਸ਼ ਕਰੇਗਾ ਇਸ ਆਸ ਦੀ ਬਜਾਏ ਤੁਸੀਂ ਆਪਣੀ ਸੰਗਤ ਦਾ ਬਾਖ਼ੂਬੀ ਆਨੰਦ ਮਾਣੋ।”
” Enjoy your own company instead expecting someone else to make you happy.” Mr. Bean
 ਮਾਲਵਿੰਦਰ ਸ਼ਾਇਰ, ਬਰਨਾਲਾ
 ਪਿੰਡ ਤੇ ਡਾਕ. — ਸ਼ੇਰ ਸਿੰਘ ਪੁਰਾ
 ਤਹਿ. ਤੇ ਜਿਲ੍ਹਾ — ਬਰਨਾਲਾ — 148100
 ਸੰਪਰਕ — 94781-85742
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪ੍ਰਧਾਨ ਝੀਂਡਾ ਕਾਲਾ ਦਿਵਸ ਮਨਾਉਣ ਸਮੇਂ ਗੁਰੂ ਕੀ ਗੋਲਕ ਅਤੇ ਮੁਲਾਜਮਾਂ ਦੀ ਦੁਰਵਰਤੋਂ ਕਰਨ ਦਾ ਜਾਂਚ ਵਿੱਚ ਪਾਇਆ ਗਿਆ ਦੋਸ਼ੀ – ਸਬ ਕਮੇਟੀ
Next articleਬਲਵੀਰ ਸਿੰਘ ਛੋਕਰ ਦੂਸਰੀ ਵਾਰ ਬਣੇ ‘ਆਪ’ ਵਿਧਾਨ ਸਭਾ ਹਲਕਾ ਫਿਲੌਰ ਦੇ ਬਲਾਕ ਪ੍ਰਧਾਨ