ਘੁਣ…….(ਮਿੰਨੀ ਕਹਾਣੀ)

ਮਨਜੀਤ ਕੌਰ ਧੀਮਾਨ,           
 (ਸਮਾਜ ਵੀਕਲੀ)-  “ਪੁੱਤ ਇੱਕ ਵਾਰੀ ਆ ਕੇ ਮਿਲ਼ ਜਾ, ਮੇਰਾ ਬੜਾ ਚਿੱਤ ਕਰਦਾ ਏ ਤੈਨੂੰ ਮਿਲਣ ਨੂੰ। ਕਿੰਨੇ ਵਰ੍ਹੇ ਹੋ ਗਏ ਤੈਨੂੰ ਵਿਦੇਸ਼ ਗਏ ਨੂੰ, ਕਦੇ ਮਾਂ ਦੀ ਯਾਦ ਆਈ ਹੀ ਨਹੀਂ? ਪੁੱਤ ਹੁਣ ਤਾਂ ਸਿਹਤ ਢਿੱਲੀ ਜਿਹੀ ਰਹਿੰਦੀ ਹੈ। ਪਤਾ ਨੀ ਕਦੋਂ ਤੁਰ ਜਾਣਾ ਏ। ਇੱਕ ਵਾਰ ਮਿਲ਼ ਜਾ….. ਮੈਂ ਉਡੀਕਦੀ ਪਈ ਆਂ ਪੁੱਤ, ਇੱਕ ਵਾਰ ਆ ਜਾ।”ਸਤਨਾਮ ਡੂੰਘੀਆਂ ਯਾਦਾਂ ਵਿੱਚ ਗਵਾਚਿਆ ਹੋਇਆ ਸੀ।
                       ਪੌਪ, ਪੌਪ! ਆਪਣੇ ਪੁੱਤਰ ਹੈਰੀ ਦੀ ਆਵਾਜ਼ ਸੁਣ ਕੇ ਉਹ ਹੋਸ਼ ਵਿੱਚ ਪਰਤਿਆ।
                       ਹਾਂ ਦੱਸ ਪੁੱਤਰ, ਸਤਨਾਮ ਨੇ ਹੈਰੀ ਨੂੰ ਪਿਆਰ ਨਾਲ ਕਿਹਾ।
                       ਪੌਪ, ਤੁਸੀਂ ਹੁਣ ਪਹਿਲਾਂ ਵਰਗੇ ਨਹੀਂ ਰਹੇ।ਅੱਜ ਮੇਰੀ ਛੁੱਟੀ ਸੀ। ਪਰ ਅੱਜ ਤੁਸੀਂ ਮੈਨੂੰ ਕਿਤੇ ਘੁੰਮਾਉਣ ਨਹੀਂ ਲੈ ਕੇ ਗਏ ਤੇ ਨਾ ਹੀ ਮੇਰੇ ਨਾਲ ਕੋਈ ਖੇਡ ਖੇਡੀ। ਪਤਾ ਨਹੀਂ ਕੀ ਸੋਚਦੇ ਰਹਿੰਦੇ ਹੋ। ਮੈਂ ਤੁਹਾਡੇ ਨਾਲ ਬਹੁਤ ਗੁੱਸੇ ਹਾਂ। ਹੈਰੀ ਨੇ ਨਿਹੋਰੇ ਨਾਲ਼ ਕਿਹਾ।
                       ਪੁੱਤ ਆਵੇਂਗਾ ਨਾ, ਆਪਣੀ ਬੁੱਢੀ ਮਾਂ ਨੂੰ ਮਿਲਣ। ਕੀ ਪਤਾ ਤੈਨੂੰ ਮਿਲ਼ ਕੇ ਕੁੱਝ ਚਿਰ ਹੋਰ ਜੀਅ ਜਾਵੇ ਇਹ ਬੁੱਢੜੀ…… ਸਤਨਾਮ ਫ਼ਿਰ ਸੋਚਾਂ ਵਿੱਚ ਗਵਾਚ ਗਿਆ ਸੀ।
                       ਪੌਪ!ਪੌਪ!…….. ਵੇਖਿਆ ਤੁਸੀਂ ਮੇਰੀ ਗੱਲ ਸੁਣਦੇ ਹੀ ਨਹੀਂ। ਹੈਰੀ ਪੈਰ ਪਟਕ ਕੇ ਚਲਾ ਗਿਆ।
                       ਮਾਂ ਤੁਰ ਗਈ ਵੀਰੇ, ਤੁਸੀਂ ਕਦੋਂ ਤੱਕ ਪਹੁੰਚੋਗੇ? ਮਾਂ ਦੀ ਬਾਡੀ ਨੂੰ ਹਸਪਤਾਲ਼ ਵਿੱਚ ਰੱਖ ਲੈਂਦੇ ਹਾਂ ,ਜੇ ਤੁਸੀਂ ਆਉਣਾ ਹੈ। ਦੱਸ ਦਓ ਕਿਵੇਂ ਕਰੀਏ। ਛੋਟੇ ਭਰਾ ਦੇ ਸ਼ਬਦ ਹਥੌੜੇ ਵਾਂਗ ਵੱਜ ਰਹੇ ਸਨ, ਸਤਨਾਮ ਦੀ ਅੰਤਰ-ਆਤਮਾ ‘ਤੇ।
                       ਉੱਠ ਮਾਂ, ਮੈਂ ਆ ਗਿਆ। ਤੂੰ ਫ਼ੋਨ ਕੀਤਾ ਸੀ, ਮੈਨੂੰ ਕਿੰਨੀ ਵਾਰੀ। ਅੱਜ ਮੈਂ ਆ ਹੀ ਗਿਆ ਹਾਂ। ਹੁਣ ਉੱਠ ਵੀ ਜਾ। ਗੱਲ ਕਰ ਜਿਹੜੀ ਕਰਨੀ ਸੀ। ਓਦੋਂ ਤੂੰ ਤਰਲੇ ਕਰ ਰਹੀ ਸੀ, ਅੱਜ ਤੇਰਾ ਪੁੱਤ ਤਰਲੇ ਕਰ ਰਿਹਾ ਹੈ। ਉੱਠ ਜਾ ਮਾਂ, ਇੱਕ ਵਾਰ ਉੱਠ ਜਾ, ਗੱਲ ਕਰ ਮੇਰੇ ਨਾਲ ਕੋਈ। ਗੱਲ ਕਰ ਮਾਂ।…….
          ……… ਮੈਨੂੰ ਮਾਫ਼ ਕਰਦੇ ਮੇਰੀ ਮਾਂ, ਮੈਂ ਤੇਰਾ ਨਿੰਕਮਾ ਪੁੱਤ ਹਾਂ। ਤੇਰੀ ਇੱਛਾ ਵੀ ਪੂਰੀ ਨਹੀਂ ਕਰ ਸਕਿਆ।ਮੈਨੂੰ ਤਾਂ ਲਗਿਆ ਸੀ ਕਿ ਤੂੰ ਐਵੇਂ ਬੋਲੀ ਜਾਨੀਂ ਐਂ। ਕੀ ਪਤਾ ਸੀ ਕਿ ਤੂੰ ਸੱਚੀ ਤੁਰ ਜਾਣਾ। ਮੈਂ ਅੰਨ੍ਹਾ ਹੋ ਗਿਆ ਸੀ। ਆਪਣੇ ਕੰਮ ‘ਚ ਹੀ ਰੁੱਝਿਆ ਰਿਹਾ। ਹਾਏ ਮਾਂ! ਤੂੰ ਕਿੱਥੇ ਤੁਰ ਗਈ…… ਯਾਦਾਂ ਦੇ ਸਮੁੰਦਰ ਵਿੱਚ ਗੁੰਮਿਆ ਸਤਨਾਮ ਉੱਚੀ ਉੱਚੀ ਰੋਣ ਲੱਗ ਪਿਆ।
                       ਮਮ ਇਹ ਪੌਪ ਨੂੰ ਕੀ ਹੋ ਗਿਆ ਹੈ…..? ਹੈਰੀ ਨੇ ਆਪਣੀ ਮਾਂ ਨੂੰ ਹੈਰਾਨੀ ਨਾਲ਼ ਪੁੱਛਿਆ।
                       ਕੀ ਦੱਸਾਂ ਪੁੱਤ…..ਘੁਣ ਲੱਗ ਗਿਆ ਹੈ  ਤੇਰੇ ਪੌਪ ਨੂੰ……. ਘੁਣ! ਕੋਲ਼ ਖੜੀ ਸਤਨਾਮ ਦੀ ਪਤਨੀ ਨੇ ਬੇਵਸੀ ਜਿਹੀ ਨਾਲ਼ ਕਿਹਾ।
ਮਨਜੀਤ ਕੌਰ ਧੀਮਾਨ, 
 ਸ਼ੇਰਪੁਰ, ਲੁਧਿਆਣਾ।       
ਸੰ:9464633059
        ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਵਿਤਾ ” ਹੁੰਝੂ” 
Next articleਆਮ ਆਦਮੀ-