ਗ਼ਜ਼ਲ

ਬਲਜਿੰਦਰ ਸਿੰਘ " ਬਾਲੀ ਰੇਤਗੜੵ "

(ਸਮਾਜ ਵੀਕਲੀ)

( ਕਾਮਿਲ ਮੁਤੁਫਾਇਲੁਨ×4)

ਸ਼ਿਕਵਾ ਕਰੇ ਕਿਉਂ ਆਦਮੀ, ਕਹਿ ਦੋਸ਼ ਹੈ ਤਕਦੀਰ ਦਾ
ਲੈਦੈਂ ਸਹਾਰਾ ਪੱਥਰਾਂ , ‘ਤੇ ਕਾਗ਼ਜ਼ੀ ਤਸਵੀਰ ਦਾ

ਲਾ ਅੱਗ ਦਿੰਦੇ ਨੇ ਪਰਿੰਦੇ, ਆਪ ਖੁਦ ਹੀ ਜੰਗਲ਼ੀਂ
ਐਂਵੇ ਗਿਲ਼ਾ ਕਰਿਆ ਨਾ ਕਰ, ਚਾਨਣ ਤੇ ਤੂੰ ਤਹਿਰੀਰ ਦਾ

ਪੁਰਖ਼ੇ ਮੁਜ਼ਾਹਰਿਆਂ ‘ ਚ ਸਨ, ਸ਼ੋਸ਼ਣ ਨਪੀੜੇ ਜਾਬਰਾਂ
ਗ਼ਜ਼ਲਾਂ ‘ਚ ਤਾਂ ਹੀ ਖੌਲ਼ਦੈ, ਕਣ ਸੁਰਖ਼ ਹਰ ਤਾਸੀਰ ਦਾ

ਮੈਂ ਮੰਨਦਾਂ ਧੇਲਾ ਨਹੀਂ, ਹੈ ਜੇਬ ਅੰਦਰ ਯਾਰ ਇਕ
ਮਿਣ ਦਾਇਰਾ ਜੇ ਮਿਣ ਸਕੇਂ, ਅਦਬੀ ਮੇਰੀ ਜਾਗੀਰ ਦਾ

ਬੇ ਅਦਬ ਨਾ ਤੂੰ ਕਤਲ ਇਉਂ,ਗੁਲਦਸਤਿਆਂ ਦਾ ਯਾਰ ਕਰ
ਦੇ ਬੇਵਫ਼ਾ ਨੂੰ ਫੁੱਲ ਨਾ, ਮੁਜ਼ਰਿਮ ਬਣੀ ਦਿਲਗੀਰ ਦਾ

ਫਤਵਾ ਸੁਣਾ ਕੇ ਮੌਤ ਦਾ, ਹਰ ਦਿਨ ਮਰੇ ਬੇਮੌਤ ਉਹ
ਨਾ ਹਲਫ਼ ਪੜਿਆ ਦਿਲ ਕਦੇ, ਰੂਹੋਂ ਇਸ਼ਕ ਗੰਭੀਰ ਦਾ

ਮਜਬੂਰ ਨਾ ਮਹਿਫ਼ਲ਼ ਕਰੇ, ਹੈ ਅਰਜ਼ ਇਸ ਗੁਸਤਾਖ਼ ਦੀ
ਕਿੱਸਾ ਸੁਣਾ ਸਕਦਾ ਨਹੀਂ, “ਬਾਲੀ” ਕਦੀ ਵੀ ਹੀਰ ਦਾ

ਬਾਲੀ ਰੇਤਗੜੵ
+919465129168

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਸਰ ਰਹੇ ਵਿਰਸੇ ਦੀਆਂ ਬਾਤਾਂ
Next articleਮਸਲਾ ਪੰਜਾਬੀ ਭਾਸ਼ਾ ਦਾ !