ਗ਼ਜ਼ਲ

ਜੋਗਿੰਦਰ ਨੂਰਮੀਤ

(ਸਮਾਜ ਵੀਕਲੀ)

ਇੱਕ ਦਿਨ ਮੇਰੇ ਖੁਆਬ ‘ਚ ਆਈਂ ਹੌਲੀ ਜਹੀ।
ਲੈ ਕੇ ਮੇਰਾ ਨਾਮ ਬੁਲਾਈਂ ਹੌਲੀ ਜਹੀ।

ਮੱਥੇ ਚੁੰਮਣ ਧਰ ਕੇ ਆਖੀਂ ਬਿਸਮਿਲਾਹ,
ਸੱਧਰਾਂ ਨੂੰ ਗਲਵਕੜੀ ਪਾਈਂ ਹੌਲੀ ਜਹੀ।

ਪੋਲੇ ਪੈਰੀਂ ਆਵੀਂ ਨੀਂਦਰ ਤੋੜੀਂ ਨਾ,
ਪਰ ਸੁੱਤਿਆਂ ਹੀ ਛੱਡ ਨਾ ਜਾਈਂ ਹੌਲੀ ਜਹੀ।

ਹੋਸ਼ ਮੇਰੇ ਨੂੰ ਨੀਮ ਗ਼ੁਲਾਬੀ ਨੈਣਾਂ ਚੋਂ,
ਮਦਹੋਸ਼ੀ ਦਾ ਜਾਮ ਪਿਲਾਈਂ ਹੌਲੀ ਜਹੀ।

ਪਰਵਾਨੇ ਨੇ ਆਖੀ ਸੀ ਜੋ ਸ਼ੰਮਾ ਨੂੰ,
ਇੱਕ ਵਾਰੀ ਉਹ ਗੱਲ ਦੁਹਰਾਈਂ ਹੌਲੀ ਜਹੀ।

ਰੇਸ਼ਮ ਰੇਸ਼ਮ ਹਸਤੀ ਮੇਰੀ ਹੋ ਜਾਵੇ,
ਏਦਾਂ ਉਲਝੀ ਲਟ ਸੁਲਝਾਈਂ ਹੌਲੀ ਜਹੀ।

ਰੂਹ ਮੇਰੀ ਦੇ ਫੱਟ ਸਜਣ ਨਾਸੂਰ ਬਣੇ,
ਪੀੜਾਂ ਉੱਤੇ ਮੱਲਮ ਲਾਈਂ ਹੌਲੀ ਜਹੀ।

ਤੇਰਾ ਰਾਸ ਉਡੀਕਾਂ ਮੁਰਲੀ ਵਾਲੇ ਮੈਂ,
ਬੁਤਖ਼ਾਨੇ ਚੋਂ ਬਾਹਰ ਆਈਂ ਹੌਲੀ ਜਹੀ।

ਅੰਬਰ ਜਿਸਤੇ ਮਾਣ ਕਰੇ ਤੂੰ ਨੂਰ ਉਹੀ,
ਮੇਰੇ ਮੱਥੇ ਆਣ ਸਜਾਈਂ ਹੌਲੀ ਜਹੀ।

ਜੋਗਿੰਦਰ ਨੂਰਮੀਤ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article* ਮਾਤ ਭਾਸ਼ਾ ਤੇ ਮਾਵਾਂ *
Next articleਧਰਤੀ ਮਾਂ