(ਸਮਾਜ ਵੀਕਲੀ)
ਨਜ਼ਰ ਤੋਂ ਸੁਪਨਿਆਂ ਤੱਕ ਰਾਹ ਜ਼ਰਾ ਆਸਾਨ ਕਰਨੇ ਨੇ,
ਮੈਂ ਆਪਣੇ-ਆਪ ਤੇ ਹਾਲੇ ਕਈ ਅਹਿਸਾਨ ਕਰਨੇ ਨੇ ।
ਤੁਰਾਂਗੀ ਨਾਲ਼ ਤੇਰੇ ਵੀ ਕਿਤੇ ਸੁੰਨਸਾਨ ਰਾਹਾਂ ‘ਤੇ,
ਕਦੇ ਰੂਹ ਆਪਣੀ ਨੂੰ ਇਹ ਵੀ ਪਲ ਮੈਂ ਦਾਨ ਕਰਨੇ ਨੇ।
ਵਿਛੋੜਾ ਜਾਨਲੇਵਾ ਤੇ ਮਿਲਣ ਦੀ ਵੀ ਸਜਾ ਸੂਲੀ,
ਬੜੇ ਭਾਰੀ ਦੋਹਾਂ ਹੀ ਸੂਰਤਾਂ ਨੁਕਸਾਨ ਕਰਨੇ ਨੇ।
ਛੁਪਾ ਲੈਣੇ ਸਭੇ ਸੰਸੇ ਜਦੋਂ ਨਿਭਣੇ ‘ਤੇ ਆਈ ਮੈਂ,
ਤੇਰੇ ਸਬ ਝੂਠ ਵੀ ਸੱਚ ਆਖ ਕੇ ਪਰਵਾਨ ਕਰਨੇ ਨੇ।
ਇਹ ਚੰਨ ਦਾ ਵਹਿਮ ਕੱਢ ਦੇਣਾ ਕਿ ਉਸਦੀ ਤਾਂਘ ਹਰ ਦਿਲ ਨੂੰ,
ਕਦੇ ਮੈਂ ਤੋੜਨੇ ਤਾਰੇ ‘ਤੇ ਘਰ ਮਹਿਮਾਨ ਕਰਨੇ ਨੇ।
ਇਹ ਤਾਂ ਬਸ ਵਕਤ ਦੱਸੇਗਾ, ਦੋਹਾਂ ‘ਚੋਂ ਕੌਣ ਹੱਸੇਗਾ,
ਜਦੋਂ ਤੂੰ ਮੌਤ ਮੇਰੀ ਦੇ ਸਜਣ ਫ਼ਰਮਾਨ ਕਰਨੇ ਨੇ।
ਮਨਾ ਕੈਸਾ ਸ਼ੁਦਾ ਹੈ ਇਹ ਕਿ ਕਾਤਲ ਨੂੰ ਕਹੇਂ ਜਾਨੀ,
ਜਿਨ੍ਹਾਂ ਨੇ ਜਾਨ ਲੈਣੀ ਹੈ, ਉਹੀ ਤੂੰ ਜਾਨ ਕਰਨੇ ਨੇ।
ਇਹ ਖੁੱਲ੍ਹ ਕੇ ਜੀਣ ਤੋਂ ਰੋਕਣ ਤੇ ਮਰਨੋਂ ਵਰਜ ਦਿੰਦੇ ਨੇ,
ਮੈਂ ਦਾਨਿਸ਼ਵਰ ਛੁਪੇ ਜੋ ਜ਼ਿਹਨ ਵਿੱਚ ਨਾਦਾਨ ਕਰਨੇ ਨੇ।
ਮੈਂ ਆਪਣੀ ਕਬਰ ਵਿੱਚ ਵੀ ਜ਼ਿੰਦਗੀ ਮਹਿਫੂਜ਼ ਰੱਖ ਲੈਣੀ,
ਤੇ ਫਿਰ ਬਰਸਾਤ ਵਿੱਚ ਪੁੰਗਰ ਸਭੇ ਹੈਰਾਨ ਕਰਨੇ ਨੇ।
ਜੋਗਿੰਦਰ ਨੂਰਮੀਤ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly