ਗ਼ਜ਼ਲ

ਬਲਜਿੰਦਰ ਸਿੰਘ

(ਸਮਾਜ ਵੀਕਲੀ)

ਬੰਦਾ ਪੈਸੇ ਤੇ ਬਸ ਪੈਸਾ , ਮਰ ਮਰ ਯਾਰ ਕਮਾਈ ਜਾਂਦੈ
ਭੰਬਲ਼ ਭੂਸੇ ਵਿੱਚ ਪਿਆ ਹੀ , ਜਿਸਮ ਮਸ਼ੀਨ ਬਣਾਈ ਜਾਂਦੈ

ਰਿਸ਼ਤੇ ਰੋਲ਼ੇ ਪੈਰਾਂ ਦੇ ਵਿੱਚ, ਖੱਬੀ ਖਾਂ ਇਹ ਬਣਿਆ ਘੁੰਮੇ
ਅੱਸੀ ਸਾਲਾ ਬੁੱਢਾ ਠੇਰਾ, ਦਾੜੀ ਰੰਗ ਚੜਾਈ ਜਾਂਦੈ

ਭਰਵੱਟੇ ਤਿੱਖੇ ਗੱਲ ਗੁਲਾਲੀ, ਸੁਰਮਾ ਨੈਣੀ ਅੰਮਾਂ ਦੇ
ਝੁਰੜੀਆਂ ਦੇ ਉੱਪਰ ਮਲ਼ਿਆ , ਆਪਣੇ ਗੁੱਲ ਖਿੜਾਈ ਜਾਂਦੈ

ਤੁਰਿਐ ਖੁਦ ਬਾਜ਼ਾਰ ਘਰਾਂ ਨੂੰ, ਜੇਬਾਂ ਖਾਲ਼ੀ ਕਰਨ ਲਈ
ਸਬਜ਼ੀ ਬੱਲਭ ਦਾ ਗੁਰਦੁਆਰੇ, ਹੋਕਾ ਭਾਈ ਲਾਈ ਜਾਂਦੈ

ਨਸਲਕੁਸ਼ੀ ਨਸ਼ਿਆਂ ਨੇ ਕਰਿਆ , ਪੰਜਾਬ ਤਬਾਹੀ ਦੇ ਕੰਢੇ
ਪੁੱਤ ਬਿਗ਼ਾਨੀਆਂ ਮਾਵਾਂ ਦੇ, ਕੌਣ ਇਉਂ ਬਲੀ ਚੜਾਈ ਜਾਂਦੈ

ਪੰਜਾਬ ਗੁਰਾਂ ਦਾ ਬੇ ਗੁਰ ਹੋ, ਕਿਉਂ ਦਿੰਦੈ ਬੇਦਾਵੇ ਖੁਦ ਨੂੰ
ਬਿਰਧ ਘਰੀਂ ਖੁਦ ਪੁੱਤਰ ਮਾਂ ਨੂੰ, ਬਾਹੋਂ ਪਕੜ ਪੁਚਾਈ ਜਾਂਦੈ

ਕੌਣ ਸਕਾ ਹੈ ਵਿੱਚ ਸਿਆਸਤ , ਗੰਦ ਸਿਆਸਤ ਅੰਦਰ ਸਾਰਾ
ਯਾਰ ਬਣਾ ਕੇ ਧੋਬੀ ਪਟਕਾ, ਲਾ ਕੇ ਆਖ਼ਿਰ ਢਾਈ ਜਾਂਦੈ

ਲਾਣੇਦਾਰ ਸ਼ਰਾਬੀ ਘਰ ਦਾ , ਬੇੜਾ ਗ਼ਰਕ ਯਕੀਨਨ ਸਮਝੋ ਚੱਕਰ ਬਦਚਲਨੀ ਤੀਵੀਂ ਦਾ , ਤਾਂ ਘਰ ਬਾਰ ਵਿਕਾਈ ਜਾਂਦੈ

ਚੋਣਾਂ ਦੇ ਦਿਨ ਤੀਆਂ ਵਰਗੇ, ਗਿੱਦੜ ਫਿਰਦੇ ਰੰਗ ਬਿਰੰਗੇ
ਝੁੰਡ ਬਣਾ ਕੇ ਬੂਕ ਰਹੇ ਸਭ, ਗਿਰਗਿਟ ਰੰਗ ਵਿਖਾਈ ਜਾਂਦੈ

ਕਲਮ ਬਗ਼ਾਵਤ ਹੁਣ ਨਾ ਕਰਦੀ, ਜ਼ੁਲਮ ਜਬਰ ਬੇ ਇਨਸਾਫ਼ੀ ਦੀ
ਹਰ ਲੇਖਕ ਹੀ ਕੁਰਸੀ ਉੱਪਰ,ਆਪਣੀ ਲਾਲ਼ ਗਿਰਾਈ ਜਾਂਦੈ

ਜੁਲਮ ਸਹਾਰੇ ਅੰਦੋਲਨ ਕਰ, ਅਕਲ ਠਿਕਾਣੇ ਪਰ ਨਾ ਦੇਖੀ
“ਰੇਤਗ” ਕਿਸਾਨ ਅਜੇ ਕਿਰਤੀ,ਨੂੰ ਹਾਕਮ ਲਲਸਾਈ ਜਾਂਦੈ

ਬਲਜਿੰਦਰ ਸਿੰਘ “ਬਾਲੀ ਰੇਤਗ
29/01/2022
+919465129168
+917087629168

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੀਹ ਫਰਵਰੀ ਤੱਕ
Next articleਜ਼ਮੀਰ