(ਸਮਾਜ ਵੀਕਲੀ)
ਘਰ ਜਾਵਣ ਦੀ ਕਾਹਲੀ ਕੀ , ਰੜਕ ਮੁਕਾ ਕੇ ਜਾਵਾਂਗੇ
ਅੱਖ ਚੋਂ ਚੋਏ ਹੰਝੂ ਦਾ ਹੁਣ, ਕਰਜ਼ ਲੁਹਾ ਕੇ ਜਾਵਾਂਗੇ
ਪੀ ਰੱਤ ਲਵਾਂਗੇ ਸੰਘੀ ਤੋਂ, ਜੋ ਖੇਤਾਂ ਤੇ ਨਜ਼ਰ ਧਰੂ
ਲੱਕੜਬੱਗੇ ਪੁੱਠੇ ਕਰ ਕਰ, ਫਿਰ ਲਮਕਾ ਕੇ ਜਾਵਾਂਗੇ
ਬਾਰਾਂ ਮਾਹ ਗੁਜ਼ਰ ਗਏ ਨੇ, ਨੀਲੇ ਅੰਬਰ ਦੇ ਥੱਲੇ
ਸੰਮਾਂ ਵਾਲੀ ਡਾਂਗ ਟਿਕਾਕੇ , ਧੌਣ ਉਠਾ ਕੇ ਜਾਵਾਂਗੇ
ਮੁੜ ਬਦਨੀਤਾ ਨਾ ਫਿਰ ਦੇਖੇ, ਸਾਡੇ ਖੇਤਾਂ ਦੇ ਵੱਲ ਨੂੰ
ਅਰਲਾ ਕੋਟ ਗਡਾ ਕੇ ਡੰਡੀ, ਬੰਦ ਕਰਾ ਕੇ ਜਾਵਾਂਗੇ
ਲੰਗਰ ਬਾਬੇ ਨਾਨਕ ਦਾ ਹੈ, ਕੋਈ ਫ਼ਿਕਰ ਨਹੀਂ ਫ਼ਾਕਾ
ਹੱਥ ਲੁਆ ਕੇ ਕੰਨੀ ਹਾਕਮ , ਡੰਡ ਕਢਾਕੇ ਜਾਵਾਂਗੇ
ਉਡ ਚਮਗਿੱਦੜ ਖੂਬ ਰਹੇ ਨੇ, ਹੂਟਰ ਲਾ ਲਾ ਕਾਰਾਂ ਤੇ
ਧਰਤੀ ਉਪਰ ਪੈਰ ਇਹਨਾ ਦੇ, ਭੂੰਝੇ ਲਾ ਕੇ ਜਾਵਾਂਗੇ
ਚੋਣਾਂ ਨੇ ਮੁਕਲਾਵੇ “ਬਾਲੀ”, ਚੋਰਾਂ ਠੱਗ ਲੁਟੇਰਿਆਂ ਨੂੰ
ਪੰਜਾਬ ਬਚਾ ਰੇਤਗੜੵ ਇਹੇ, ਕੋੜੵ ਮੁਕਾ ਕੇ ਜਾਵਾਂਗੇ
ਬਲਜਿੰਦਰ ਸਿੰਘ ” ਬਾਲੀ ਰੇਤਗੜੵ “
+919465129168
+917087629168
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly