(ਸਮਾਜ ਵੀਕਲੀ)
ਉਲਫ਼ਤ ਨੂੰ ਉਹ ਬਾਰਾ-ਮਾਹੀ ਕਹਿੰਦੇ ਨੇ।
ਐਪਰ ਆ ਕੇ ਸਾਲ ਛਿਮਾਹੀ ਕਹਿੰਦੇ ਨੇ।
ਅਪਣੇ ਦਿਲ ਨੂੰ ਕੋਰਾ ਕਾਗਜ਼ ਦੱਸਦੇ ਨੇ,
ਮੇਰਾ ਸੁਰਮਾ ਵਾਂਗ ਸਿਆਹੀ ਕਹਿੰਦੇ ਨੇ।
ਨੀਂਦਾਂ ਜਿਸਦੇ ਸੁਪਨੇ ਵੇਖਣ ਰਾਤਾਂ ਨੂੰ,
ਤਾਰੇ ਉਸ ਦੀ ਭਰਨ ਗਵਾਹੀ, ਕਹਿੰਦੇ ਨੇ।
ਉਸਦੇ ਮਾਰੇ ਆ ਕੇ ਵਿਥਿਆ ਦੱਸਦੇ ਨੇ,
ਹੁਬਕੋ-ਹੁਬਕੀ ਆਹੋ-ਆਹੀ ਕਹਿੰਦੇ ਨੇ।
ਮੇਰੇ ਬੋਲਾਂ ਨੂੰ ਪਹਿਰੇ ਵਿੱਚ ਰੱਖਦੇ ਨੇ,
ਆਪ ਸਦਾ ਹੀ ਗੱਲ ਮਨਚਾਹੀ ਕਹਿੰਦੇ ਨੇ।
ਕਹਿੰਦੇ ਹੁਣ ਉਹ ਮਿਲਦਾ ਕੇਵਲ ਗ਼ੈਰਾਂ ਨੂੰ,
ਉਸਦੇ ਘਰ ਵੱਲ ਜਾਂਦੇ ਰਾਹੀ ਕਹਿੰਦੇ ਨੇ।
ਮਨ ਦਾ ਵਿਹੜਾ ਆਪ ਮੁਹਾਰੇ ਭਰ ਦੇਵਣ,
ਉਹਨਾਂ ਸੋਚਾਂ ਨੂੰ ਹੀ ਘਾਹੀ ਕਹਿੰਦੇ ਨੇ।
ਇਸ਼ਕੇ ਨੇ ਜੋ ਦਿਲ ਦੀ ਹਾਲਤ ਕੀਤੀ ਹੈ,
ਉਸ ਨੂੰ ਹੀ ਤਾਂ ਯਾਰ ਤਬਾਹੀ ਕਹਿੰਦੇ ਨੇ।
ਜੋਗਿੰਦਰ ਨੂਰਮੀਤ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly