(ਸਮਾਜ ਵੀਕਲੀ)
ਸੋਚ ਮੇਰੀ ਦਾ ਵਿਹੜਾ ਜਦ ਰੁਸ਼ਨਾਇਆ ਤੂੰ,
ਲੱਗਿਆ ਮੈਨੂੰ ਚਾਨਣ ਦਾ ਸਰਮਾਇਆ ਤੂੰ।
ਰਿਸ਼ਮਾਂ ਨੂੰ ਕੁਝ ਵੈਰ ਰਿਹਾ ਹੈ ਨਾਲ਼ ਮੇਰੇ
ਤਦ ਹੀ ਸ਼ਾਇਦ ਮੈਨੂੰ ਰਾਸ ਨਾ ਆਇਆ ਤੂੰ।
ਮਨ ਮੰਦਰ ਵਿੱਚ ਮਹਿਕ ਰਿਹਾ ਹੈਂ ਅਗਰ ਜਿਹਾ,
ਨਾਲ਼ ਸੁਗੰਧੀ ਕਿਹੜੇ ਸਰ ਵਿੱਚ ਨ੍ਹਾਇਆ ਤੂੰ।
ਤਪਦੇ ਥਲ ਵਿੱਚ ਠਗਨੀਰਾ ਜਿਉਂ ਠਗਦਾ ਹੈ,
ਕਿਉਂ ਮੇਰੀ ਨਜ਼ਰਾਂ ਨੂੰ ਇਉਂ ਭਰਮਾਇਆ ਤੂੰ।
ਦਿਲ ਦਾ ਜੁੜਨਾ ਕਹਿੰਦੇ ਜਿਸਨੂੰ ਉਹ ਜਜ਼ਬਾ,
ਦਿਲ ਦੇ ਕਿਹੜੇ ਕੋਨੇ ਦੱਸ ਦਫਨਾਇਆ ਤੂੰ।
ਇੱਕ ਦਿਨ ਲਾਜ਼ਿਮ ਵਾ ਨੇ ਪਰਦਾ ਚੁੱਕ ਦੇਣਾ,
ਹਾਸੇ ਉਹਲੇ ਕਿਹੜਾ ਦਰਦ ਲੁਕਾਇਆ ਤੂੰ।
ਧੋਖੇ ਤਾਂ ਦਿੱਤੇ ਸੀ ਕਿਸਮਤ ਨੇ ਤੈਨੂੰ,
ਕੱਲਾ ਕੱਲਾ ਬੰਦਾ ਕਿਉਂ ਪਰਤਾਇਆ ਤੂੰ।
ਫਿਰ ਤੋਂ ਤੈਨੂੰ ਕੰਮਾਂ-ਕਾਰਾਂ ਰੋਕ ਲਿਆ,
ਮੈਨੂੰ ਜਾਪੇ ਫੇਰ ਬਹਾਨਾ ਲਾਇਆ ਤੂੰ।
ਤੇਰੀ ਹਾਂ… ਹਾਂ, ਤੇਰੀ ਹਾਂ… ਸਾਰੀ ਤੇਰੀ,
ਪਰ ਮੇਰੇ ਹਿੱਸੇ ਵਿੱਚ ਕਿੰਨਾ ਆਇਆ ਤੂੰ।
ਜੋਗਿੰਦਰ ਨੂਰਮੀਤ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly