(ਸਮਾਜ ਵੀਕਲੀ)
ਨਾਲ਼ ਹਰ ਰਾਹ ਤੇ ਤੁਰੇ ਜੋ, ਲੋਕ ਲੱਗਦੇ ਆਮ ਹੀ ਸੀ,
ਆਖਰੀ ਦਮ ਤੱਕ ਨਿਭੇ, ਰਿਸ਼ਤੇ ਕਈ ਬੇਨਾਮ ਹੀ ਸੀ।
ਪਾਕ ਜਿਸਦੀ ਹੋਂਦ ਨੂੰ ਛੂਹ ਕੇ, ਹਵਾਵਾਂ ਹੋਣ ਅਕਸਰ,
ਮਹਿਕ ਨੇ ਕੀਤਾ ਸਦਾ, ਉਹ ਆਦਮੀ ਬਦਨਾਮ ਹੀ ਸੀ।
ਨ੍ਹੇਰ ਦੀ ਮਹਿਫਲ ‘ਚ ਪਾਈ, ਬਾਤ ਸੀ ਮੈਂ ਚਾਨਣੀ ਦੀ,
ਜ਼ਹਿਰ ਦਾ ਪਿਆਲਾ ਮੇਰੇ ਇਸ ਹੌਂਸਲੇ ਦਾ ਦਾਮ ਹੀ ਸੀ।
ਰੂਪ ਸਭ ਤੇਰੇ ਬਣਾਏ, ਤੂੰ ਵਸੇਂ ਹਰ ਸ਼ੈਅ ‘ਚ ਰਾਘਵ,
ਕਿਉਂ ਭਲਾ ਸੜਦੈ ਦਸ਼ਾਨਨ, ਉਸ ‘ਚ ਵੀ ਜੇ ਰਾਮ ਹੀ ਸੀ।
ਖੌਫ਼ ਦੁਨਿਆ ਦਾ ਰਿਹਾ, ਹਾਵੀ ਮੇਰੇ ਜਜ਼ਬਾਤ ਉੱਪਰ,
ਨਾਮ ਤੇਰਾ ਯਾਰ ਮੇਰੇ, ਜਬਤ ‘ਤੇ ਇਲਜ਼ਾਮ ਹੀ ਸੀ।
ਮੋੜ ਕੇ ਮੇਰੀ ਸਦਾ ਕਰਦੇਂ, ਗਿਲਾ ਹੁਣ ਬੇਰੁਖੀ ਦਾ,
ਖੋਲ੍ਹਿਆ ਨਾ ਜਿਸ ਲਈ ਬੂਹਾ, ਮੇਰਾ ਪੈਗਾਮ ਹੀ ਸੀ।
ਤੂੰ ਕਿਸੇ ਢੱਲਦੀ ਦੁਪਹਿਰੀ ਨਾਲ਼ ਘਰ ਨੂੰ ਪਰਤ ਆਵੇਂ,
ਮੰਗਿਆਂ ਵੀ ਨਾ ਮਿਲੀ, ਉਂਜ ਕਹਿਣ ਨੂੰ ਇੱਕ ਸ਼ਾਮ ਹੀ ਸੀ।
ਜੋਗਿੰਦਰ ਨੂਰਮੀਤ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly