(ਸਮਾਜ ਵੀਕਲੀ)
ਕੁੱਝ ਵਕਤ ਵੀ ਨਾ ਠਹਿਰੇ ਬੇਵਕਤ ਆਉਣ ਵਾਲੇ।
ਰੋਂਦੇ ਹੀ ਰਹਿ ਗਏ ਨੇ ਅੱਖੀਆਂ ਵਿਛਾਉਣ ਵਾਲੇ।
ਉਹਨਾਂ ਦੇ ਘਰ ਨੂੰ ਵੀ ਹੈ, ਏਸੇ ਹੀ ਅੱਗ ਤੋਂ ਖ਼ਤਰਾ,
ਕਦ ਸੋਚਦੇ ਨੇ ਮੇਰੇ ਘਰ ਨੂੰ ਜਲਾਉਣ ਵਾਲੇ।
ਰਹਿੰਦਾ ਹੈ ਸੱਚ ਹਮੇਸ਼ਾਂ, ਮਿਟਦਾ ਨਹੀਂ ਮਿਟਾਇਆਂ,
ਖ਼ੁਦ ਮਿਟ ਗਏ ਨੇ ਜੱਗ ਤੋਂ ਸੱਚ ਨੂੰ ਮਿਟਾਉਣ ਵਾਲੇ ।
ਸਮਝਣਗੇ ਦੁੱਖ ਕਿਵੇਂ ਉਹ ਕੱਚੇ ਘਰਾਂ ਦਾ ਆਖਰ,
ਸਾਵਣ ਦਾ ਲੁਤਫ਼ ਜਿਹੜੇ ਰੱਜ-ਰੱਜ ਉਠਾਉਣ ਵਾਲੇ ।
ਰਿਸ਼ਤੇ ਮੁਕਾ ਹੀ ਦਿੱਤੇ ਜਦ ਡਾਲਰਾਂ ਨੇ ਦਿਲ ‘ਚੋਂ,
ਕਰਦੇ ਕੀ ਯਾਦ ਪਿੰਡ ਨੂੰ ਮਾਪੇ ਭੁਲਾਉਣ ਵਾਲੇ ।
ਲੈ ਕੇ ਕਿਵੇਂ ਉਹ ਜਾਂਦੇ ਮੰਜ਼ਿਲ ਦੇ ਕੋਲ ਸਾਨੂੰ,
ਭਟਕੇ ਨੇ ਖੁਦ ਹੀ ਜੇਕਰ ਰਸਤੇ ਵਿਖਾਉਣ ਵਾਲੇ।
ਚੁਣ ਤਾਂ ਸਹੀ ਤੂੰ ਰੱਬ ਇੱਕ ਪਹਿਲਾਂ ਬਜ਼ਾਰ ਅੰਦਰ,
ਮਿਲ ਜਾਣਗੇ ਬਥੇਰੇ ਰੱਬ ਨੂੰ ਮਿਲਾਉਣ ਵਾਲੇ
(ਬਿਸ਼ੰਬਰ ਅਵਾਂਖੀਆ,9781825255)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly