(ਸਮਾਜ ਵੀਕਲੀ)
ਮੱਲੋਜ਼ੋਰੀ ਹੋ ਜਾਂਦੀ ਜਾਬਰ ਅੱਗੇ ਤਕਰਾਰ ਮੇਰੀ ਕਿਉਂ
ਮੂੰਹ ਤੇ ਕਿੱਲਾਂ ਗੱਡ ਰਹੀ ਇਉਂ,ਆਪ ਚੁਣੀ ਸਰਕਾਰ ਮੇਰੀ ਕਿਉਂ
ਸੰਵਿਧਾਨ ਅਜ਼ਾਦੀ ਦਿੰਦੈ ਜਦ, ਕੁੱਝ ਮਨੁੱਖੀ ਅਧਿਕਾਰਾਂ ਦੀ
ਫਾਂਸੀ ਦੇ ਫੰਧੇ ਵਰਗੀ ਗਲ, ਫਿਰ ਐਫ ਆਈ ਆਰ ਮੇਰੀ ਕਿਉਂ
ਮੌਸਮ ਬਦਲ ਰਿਹੈ ਹਰ ਦਿਨ ਹੀ, ਗੂੰਗੇ ਨੇ ਵਿਦਵਾਨ ਸਭਾ ਦੇ
ਕਲਮਾਂ ਵਾਲੇ ਵਿਕ ਚੁੱਕੇ “ਬਾਲੀ” , ਸਹਿਮੀ ਅਖ਼ਵਾਰ ਮੇਰੀ ਕਿਉਂ
ਗ਼ਲਤੀ ਕੀਤੀ ਜਿਤਵਾ ਦਿੱਤੇ, ਬੁੱਚੜ, ਨੰਗ ,,ਮਲੇਸ਼ ਜਿਹੇ ਵੀ
ਡੋਬੀ ਕਿਸ਼ਤੀ ਪੰਜਾਬ ਸਿਆਂ, ਫਿਰ ਇਹਨਾਂ ਵਿਚਕਾਰ ਮੇਰੀ ਕਿਉਂ
ਗਿਰਝਾਂ ਵਾਂਗੂੰ ਨੋਚ ਰਹੀ ਹੈ, ਡਾਰ ਕਲਿਹਣੀ ਧੀ- ਪੁੱਤਾਂ ਨੂੰ
ਚੀਕ ਪਹੁੰਚੀ ਨਾ ਕੁਰਲਾ ਕੇ, ਰਾਵੀ ਜੇਲਮ ਪਾਰ ਮੇਰੀ ਕਿਉਂ
ਪੁੰਗਰ ਹੀ ਤਾਂ ਬੀਜ਼ ਰਿਹੈ ਏ, ਦਫ਼ਨਾ ਮਰਿਆ ਸੀ ਜੋ ਮਾਲੀ
ਪੁੰਗਰ ਪੈਣਾ ਹੀ ਤਾਂ ਕੁਦਰਤ , ਤੂੰ ਪੁੱਛੇਂ ਗੁਲਜ਼ਾਰ ਮੇਰੀ ਕਿਉਂ
ਨਾਲ਼ ਧਰਾਵਾਂ ਕਰ ਦੇਣੀ ਹੈ, ਕਿਰਦਾਰਕੁਸ਼ੀ ਤੇ ਨਸਲਕੁਸ਼ੀ
ਚੁੱਭ ਰਹੀ ਕੰਡੇ ਵਾਂਗੂੰ, ਸੀਸ ਸਜਾਈ ਦਸਤਾਰ ਮੇਰੀ ਕਿਉਂ
ਮਿਥਿਹਾਸ ਰਚਾਵੇ ਬਦਲ ਰਹੇ ਨੇ,ਅੱਖਰ ਅੱਖਰ ਇਤਿਹਾਸਾਂ’ ਚੋ
ਨਸਲਾਂ ਬਦਲਣ ਦੀ ਸੋਚ ਰਿਹੈ, ਵੈਰੀ ਸੁਣ ਲਲ਼ਕਾਰ ਮੇਰੀ ਕਿਉਂ
ਸੀਸ ਕਟਾ ਧੜ ਵੀ ਲੜ ਜਾਣੇ , ਪੰਜਾਬ ਲਈ ਇਹ ਪੰਜਾਬੀ
ਮਿੱਟੀ ਖਾਤਿਰ ਮਿਟ ਜਾਵਣ ਦੀ, ਰੀਤੀ ਬਰਖੁਰਦਾਰ ਮੇਰੀ ਕਿਉਂ
ਬਲਜਿੰਦਰ ਬਾਲੀ ਰੇਤਗੜੵ”
+919465129168
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly