(ਸਮਾਜ ਵੀਕਲੀ)
ਬੜਾ ਚਲਾਕ ਹੈ ਮਹਿਰਮ ਵਫ਼ਾ ਕਰੇ ਨਾ ਕਰੇ।
ਮਿਲਨ ਦਾ ਆਖ ਰਿਹਾ ਉਹ ਮਗਰ ਮਿਲ਼ੇ ਨਾ ਮਿਲ਼ੇ।
ਉਹ ਭਾਂਤ – ਭਾਂਤ ਦੀ ਚੂਰੀ ਤੇ ਗਿੱਝ ਗਿਆ ਹੈ ਜਦੋਂ,
ਉਹ ਕੈਦ ਮਾਣ ਰਿਹੈ ਹੁਣ ਉੜੇ,ਉੜੇ ਨਾ ਉੜੇ।
ਇਧਰ ਤਾਂ ਰੋਟੀ ਲਈ ਵੀ ਨੇ ਕਤਲ ਹੁੰਦੇ,ਇਹ ਗੱਲ,
ਵਤਨ ਦਾ ਹਾਲ ਕਹੇ, ਹੁਣ ਵਤਨ ਕਹੇ ਨਾ ਕਹੇ।
ਸਮੇਂ ਦੀ ਮੰਗ ਹੈ ਉਸ ਨੂੰ ਵੀ ਅਪਣੇ ਨਾਲ਼ ਕਰੋ,
ਤੁਸੀਂ ਅਵਾਜ਼ ਲਗਾਵੋ, ਉਹ ਫਿਰ ਰਲ਼ੇ ਨਾ ਰਲ਼ੇ।
ਮੈਂ ਉਸ ਦੇ ਨੈਣ ਪੜ੍ਹੇ ਨੇ ਤੇ ਸਮਝਿਆ ਹੈ ਇਹੋ,
ਉਹ ਮੈਨੂੰ ਪਿਆਰ ਤਾਂ ਕਰਦੈ, ਚਲੋ ਕਹੇ ਨਾ ਕਹੇ।
ਜੋ ਮਾਪਿਆਂ ਦੇ ਅਖ਼ੀਰੀ ਸਮੇਂ ਵੀ ਆਇਆ ਨਹੀਂ,
ਪਰਾਏ ਦੇਸ਼ ਦਾ ਹੋਇਆ, ਉਹ ਘਰ ਮੁੜੇ ਨਾ ਮੁੜੇ।
ਪਹਾੜ ਕਟ ਕੇ ਉਹ ਰਸਤਾ ਬਣਾ ਰਿਹੈ,ਐ ਖ਼ੁਦਾ,
ਤੇਰੇ ਜਹਾਨ ਦੇ ਲੋਕੀਂ ਤਾਂ ਨੇ ਪਰੇ ਤੋਂ ਪਰੇ।
ਮੈਂ ਇਸ ਨੂੰ ਵਰਜ਼ ਰਿਹਾ ਹਾਂ ਮੈਂ ਇਸ ਨੂੰ ਟੋਕ ਰਿਹਾਂ,
ਯਕੀਨ ਓਸ ਤੇ ਕਰਨੋਂ ਇਹ ਹੁਣ ਹਟੇ ਨਾ ਹਟੇ।
ਉਹ ਹੁਣ ਤਾਂ ਆਖ ਰਿਹੈ ਅੰਤ ਤੀਕ ਨਾਲ਼ ਰਹੂ,
ਬੁਰੇ ਸਮੇਂ ਚ ਐ ਰਾਣੇ, ਉਹ ਸੰਗ ਰਹੇ ਨਾ ਰਹੇ।
ਜਗਦੀਸ਼ ਰਾਣਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly