(ਸਮਾਜ ਵੀਕਲੀ)
ਗੁਰੂ ਨਾਨਕ ਦੀ ਬਾਣੀ ਪੜ੍ਹੀਏ, ਸੁਣੀਏ ਤੇ ਚਿੱਤ ਲਾਈਏ।
ਚਿੱਤ ਲਾ ਕੇ ਗੁਰਬਾਣੀ ਨੂੰ ਉਸ ਉੱਤੇ ਅਮਲ ਕਮਾਈਏ।
ਅਮਲਾਂ ਦੇ ਨਾਲ ਕੰਮ ਬਣੇਗਾ, ਆਪ ਤਰੋਗੇ ਜੱਗ ਤਰੇਗਾ,
ਗੁਰੂ ਬਾਬੇ ਦਾ ਕਹਿਣਾ ਮੰਨੀਏ , ਸਾਰੇ ਕਿਰਤ ਕਮਾਈਏ।
ਹੱਕ ਸੱਚ ਇਨਸਾਫ਼ ਲਈ ਕੁੱਝ ਤਾਂ ਲੜ੍ਹਨਾ ਭਿੜਨਾ ਸਿੱਖੀਏ,
ਹੱਕ ਪਰਾਇਆ ਖਾਣਾ ਨਈਉਂ, ਆਪਣਾ ਹੱਕ ਹੀ ਖਾਈਏ।
ਪੁੰਨ – ਦਾਨ ਜੇ ਕਰਨਾ ਭਾਈ! ਆਪਣਾ ਹਿੱਸਾ ਪਾ ਏਦਾਂ,
ਵਿਦਿਆ ਦਾਨ ਹੀ ਪੁੰਨ ਹੈ ਵੱਡਾ ਸਭਨਾਂ ਨੂੰ ਸਮਝਾਈਏ।
ਪੌਣ ਪਾਣੀ ਤੇ ਧਰਤੀ ਨੂੰ ਪਾਕ ਪਵਿੱਤਰ ਰੱਖਣਾ ਏ,
ਪੈਗ਼ਾਮ ਅਸਾਡੇ ਰਹਿਬਰ ਦਾ ਹਰ ਇਕ ਤੱਕ ਪੁਜਾਈਏ।
ਕੁੱਲ ਆਲਮ ਲਈ ਗੁਰੂਆਂ ਪੀਰਾਂ ਰਚੀ ਹੈ ਸੱਚੀ ਬਾਣੀ,
ਗੁਰਬਾਣੀ ਦੀ ਰੋਸ਼ਨੀ ਵਿੱਚ ਹੀ ਆਪਣਾ ਪੰਧ ਮੁਕਾਈਏ।
ਖੁਦ ਚੜ੍ਹਦੀ ਕਲਾ ‘ਚ ਰਹਿਣਾ ਤੇ ਮੰਗਣਾ ਸਭਨਾਂ ਦਾ ਭਲਾ,
ਸਰਵੋਤਮ ਇਹ ਫਲਸਫਾ ਇਸ ਨੂੰ ਜੀਵਨ ਜਾਚ ਬਣਾਈਏ।
ਅਮਰਜੀਤ ਸਿੰਘ ਜੀਤ