(ਸਮਾਜ ਵੀਕਲੀ)
ਨਿਭਾਈ ਨਿਭ ਗਈ ਜਿੰਨੀ,ਬੁਰਾ ਕਿਉਂ ਸੋਚੀਏ ਦਿਲਬਰ,
ਤੁਸੀਂ ਅਪਣੀ ਜਗ੍ਹਾ ਚੰਗੇ ਅਸੀਂ ਅਪਣੀ ਜਗ੍ਹਾ ਚੰਗੇ।
ਅਸਾਡੀ ਕੱਖਾਂ ਦੀ ਕੁੱਲੀ,ਤੁਹਾਡਾ ਮਹਿਲ ਵਰਗਾ ਘਰ,
ਤੁਸੀਂ ਅਪਣੀ ਜਗ੍ਹਾ ਚੰਗੇ ਅਸੀਂ ਅਪਣੀ ਜਗ੍ਹਾ ਚੰਗੇ।
ਉਦਾਸੀ ਸ਼ਾਮ,ਤਨਹਾਈ,ਗ਼ਜ਼ਲ ਠੁਮਰੀ ਸੁਣਾਉਂਦੀ ਹੈ.
ਮਰੇ ਖ਼ਾਬਾਂ ਦਾ ਨਿੱਤ ਹੀ ਜ਼ਿੰਦਗੀ ਮਾਤਮ ਮਨਾਉਂਦੀ ਹੈ.
ਭੂਲਾ ਦਿੱਤੈ, ਤੁਸੀਂ ਵੱਸਦੇ ਅਸਾਡੇ ਚੇਤਿਆਂ ਅੰਦਰ,
ਤੁਸੀਂ ਅਪਣੀ ਜਗ੍ਹਾ ਚੰਗੇ,ਅਸੀਂ ਅਪਣੀ ਜਗ੍ਹਾ ਚੰਗੇ।
ਅਸੀਂ ਉੱਜੜੇ ਨਗਰ ਵਰਗੇ, ਹਾਂ ਲੁੱਟੇ ਕਾਫ਼ਿਲੇ ਵਰਗੇ.
ਤੁਸੀਂ ਝਰਨੇ,ਨਦੀ ਵਰਗੇ,ਅਸੀਂ ਹਾਂ ਬੁਲਬੁਲੇ ਵਰਗੇ.
ਤੁਸੀਂ ਮੋਤੀ ਚਮਕਦੇ ਹੋ,ਅਸੀਂ ਜੇ ਰੇਤ ਦੇ ਸਾਗਰ.
ਤੁਸੀਂ ਅਪਣੀ ਜਗ੍ਹਾ ਚੰਗੇ ਅਸੀਂ ਅਪਣੀ ਜਗ੍ਹਾ ਚੰਗੇ।
ਤੁਹਾਡੇ ਕਾਲ਼ਿਆਂ ਬਾਗ਼ਾਂ ‘ਚ ਪੈਲਾਂ ਮੋਰ ਪਾਉਂਦੇ ਨੇ.
ਤੁਹਾਡੇ ਗ਼ਮ ਅਸਾਡੇ ਘਰ ਸਦਾ ਮਹਿਫ਼ਿਲ ਸਜਾਉਂਦੇ ਨੇ.
ਤੁਹਾਡੇ ਘਰ ਸਦਾ ਜੇ ਹਾਸਿਆਂ ਦੀ ਲੱਗ ਰਹੀ ਛਹਿਬਰ,
ਤੁਸੀਂ ਅਪਣੀ ਜਗ੍ਹਾ ਚੰਗੇ ਅਸੀਂ ਅਪਣੀ ਜਗ੍ਹਾ ਚੰਗੇ।
ਤੁਸੀਂ ਨਾ ਪਰਤ ਕੇ ਆਏ ਉਡੀਕਾਂ ਦਿਲ ਕਰੇ ਹੁਣ ਵੀ.
ਕਿਨਾਰੇ ਨਹਿਰ ਦੇ ਜਾ ਕੇ ਇਹ ਦਿਲ ਹਉਕੇ ਭਰੇ ਹੁਣ ਵੀ.
ਅਸੀਂ ਇਹ ਧਰਤ ਨਾ ਛੱਡੀ,ਤੁਸੀਂ ਅਪਣਾ ਲਿਆ ਅੰਬਰ,
ਤੁਸੀਂ ਅਪਣੀ ਜਗ੍ਹਾ ਚੰਗੇ ਅਸੀਂ ਅਪਣੀ ਜਗ੍ਹਾ ਚੰਗੇ।
ਅਸੀਂ ਪੌਣਾਂ ਦੇ ਹੱਥ ਥੋਨੂੰ,ਸੁਨੇਹੇ ਰੋਜ਼ ਘੱਲੇ ਨੇ.
ਫੁਹਾਰਾਂ ਪੈਂਦੀਆਂ ਜਦ ਵੀ,ਇਹ ਰੋਂਦੇ ਨੈਣ ਝੱਲੇ ਨੇ.
ਅਸਰ ਹੁੰਦਾ ਨਾ ਥੋਡੇ ‘ਤੇ,ਤੁਸੀਂ ਜੇ ਬਣ ਗਏ ਪੱਥਰ,
ਤੁਸੀਂ ਅਪਣੀ ਜਗ੍ਹਾ ਚੰਗੇ ਅਸੀਂ ਅਪਣੀ ਜਗ੍ਹਾ ਚੰਗੇ।
ਅਸੀਂ ਸੂਲਾਂ ਨੂੰ ਵੀ ਮਹਿਕਾਂ ਦਾ ਹੀ ਪੈਗ਼ਾਮ ਦਿੱਤਾ ਹੈ.
ਤੁਹਾਡੀ ਬੇਵਫ਼ਾਈ ਨੂੰ ਵਫ਼ਾ ਦਾ ਨਾਮ ਦਿੱਤਾ ਹੈ.
ਭਲ਼ੇ ਜ਼ਖ਼ਮਾ ਲਏ ਹਾਸੇ,ਨਾ ਛੱਡਿਆ ਹੌਸਲਾ ਐਪਰ,
ਤੁਸੀਂ ਅਪਣੀ ਜਗ੍ਹਾ ਚੰਗੇ ਅਸੀਂ ਅਪਣੀ ਜਗ੍ਹਾ ਚੰਗੇ।
ਤੁਸੀਂ ਹੱਸਦੇ, ਰਹੋ ਵੱਸਦੇ,ਰਹੋ ਰਾਜ਼ੀ ਤੁਸੀਂ ਹਰ ਦਮ.
ਦੁਆ ਕਰਦਾ ਹੈ ਦਿਲ ਭਾਵੇਂ,ਤੁਸੀਂ ਦਿੱਤੇ ਹਜ਼ਾਰਾਂ ਗ਼ਮ.
ਅਸਾਡੇ ਹੱਥ ਚ ਫੁੱਲ ਅੱਜ ਵੀ,ਤੁਹਾਡੇ ਹੱਥ ਚ ਹੈ ਖ਼ੰਜਰ,
ਤੁਸੀਂ ਅਪਣੀ ਜਗ੍ਹਾ ਚੰਗੇ ਅਸੀਂ ਅਪਣੀ ਜਗ੍ਹਾ ਚੰਗੇ।
ਤੁਸੀਂ ਦੌਲਤ ਕਮਾਈ ਹੈ,ਮੁਬਾਰਕ ਹੈ,ਮੁਬਾਰਕ ਹੈ.
ਸਜਾ ਸਾਨੂੰ ਸੁਣਾਈ ਜੋ,ਇਹ ਮੌਤੋਂ ਵੀ ਭਿਆਨਕ ਹੈ.
ਕਮਾਇਆ ਪਿਆਰ ‘ਰਾਣੇ’ ਨੇ,ਤੇ ‘ਰਾਣਾ’ ਹੋ ਗਿਆ ਸ਼ਾਇਰ,
ਤੁਸੀਂ ਅਪਣੀ ਜਗ੍ਹਾ ਚੰਗੇ ਅਸੀਂ ਅਪਣੀ ਜਗ੍ਹਾ ਚੰਗੇ।
ਜਗਦੀਸ਼ ਰਾਣਾ
ਸੰਪਰਕ 9872630635