(ਸਮਾਜ ਵੀਕਲੀ)
ਵਜ਼ਨ:: 2 ਵਾਰੀ ਮਫ਼ਊਲ ਫਾਇਲਾਤੁਨ
ਸਾਡੀ ਹੈ ਆਣ ਮਿੱਟੀ, ਸਾਡੀ ਹੈ ਸ਼ਾਨ ਮਿੱਟੀ।
ਲਾਉਂਦਾ ਹੈ ਮੱਥਿਆ ‘ਤੇ,ਸਾਰਾ ਜਹਾਨ ਮਿੱਟੀ।
ਗੀਤਾ ਵੀ ਪੂਜਦੀ ਹੈ,ਪੂਜੇ ਕੁਰਾਨ ਮਿੱਟੀ।
ਪੂਜਣ ਗ੍ਰੰਥ ਸਾਰੇ, ਤਾਂ ਹੀ ਮਹਾਨ ਮਿੱਟੀ।
ਮਿੱਟੀ ਵਿੱਚ ਖੇਡ ਪਲ ਕੇ,ਹੋਇਆ ਜਵਾਨ ਬੰਦਾ,
ਬਣਿਆ ਸ਼ੈਤਾਨ ਦੇਖੇ, ਹੁੰਦੀ ਹੈਰਾਨ ਮਿੱਟੀ।
ਪੁੱਛੇ ਨਾ ਜਾਤ ਕੋਈ, ਕਿੱਥੋਂ ਦਾ ਰਹਿਣ ਵਾਲਾ,
ਸਭ ਨੂੰ ਗਲੇ ਹੈ ਲਾਉਂਦੀ,ਕਿੰਨੀ ਮਹਾਨ ਮਿੱਟੀ।
ਪਾਥੀ ਦੇ ਉੱਤੇ ਬਹਿ ਕੇ, ਰੋਟੀ ਪਕਾਣ ਲੱਗੀ।
ਚੁੱਲ੍ਹੇ ਤੋਂ ਲਾਹ ਕੇ ਖਾਂਦੀ,ਦੇਖੀ ਰਕਾਨ ਮਿੱਟੀ।
ਬੁੱਢੇ ਘਰਾਂ ‘ਚ ਰਹਿ ਕੇ, ਬਚਪਨ ਨੂੰ ਯਾਦ ਕਰਦੀ,
ਵਿੰਹਦੀ ਹੈ ਖੁਦ ਨੂੰ ਜਿੱਦਾਂ,ਹੋਈ ਜੁਆਨ ਮਿੱਟੀ।
ਪਾਣੀ ਦੀ ਲੋੜ ਹੈ ਇਹ, ਪਾਣੀ ਬਿਨਾਂ ਅਧੂਰੀ,
ਮਿੱਟੀ ਦੀ ਜਾਨ ਪਾਣੀ, ਪਾਣੀ ਦੀ ਜਾਨ ਮਿੱਟੀ।
ਮਿੱਟੀ ਚ ਬੀਜ ਬੋ ਕੇ,ਕਰਦਾ ਅਨਾਜ ਪੈਦਾ।
ਭਰਦਾ ਹੈ ਪੇਟ ਸਭ ਦਾ,ਹੋ ਕੇ ਕਿਸਾਨ ਮਿੱਟੀ।
ਧੀਆਂ ਤੇ ਪੁੱਤਰਾਂ ਦੀ, ਰੰਗਾਂ ਚ ਜ਼ਿੰਦਗੀ ਹੈ,
ਹੁੰਦੀ ਹੈ ਮਾਪਿਆਂ ਦੀ , ਕਾਹਤੋਂ ਵਿਰਾਨ ਮਿੱਟੀ ?
ਚੋਰਾਂ ਤੇ ਸਾਧੂਆਂ ਦੀ, ਦਿੰਦੀ ਹੈ ਜਾਣਕਾਰੀ,
ਛਾਤੀ ਤੇ ਪਾ ਕੇ ਰੱਖਦੀ, ਸਭ ਦੇ ਨਿਸ਼ਾਨ ਮਿੱਟੀ।
ਇਹ ਜਨਣੀ ਹੈ ” ਪੰਜਾਬੀ”, ਕੀ ਮਹਿਲ , ਕੀ ਮੁਨਾਰੇ,
ਸੜਕਾਂ ਪੁਲਾਂ ‘ਚ ਪੈ ਕੇ , ਪਾਉਂਦੀ ਹੈ ਜਾਨ ਮਿੱਟੀ।
ਪਵਨ ਪੰਜਾਬੀ
ਪਤਾ :- ਰੁੜਕੀ ਕਲਾਂ (ਮਲੇਰਕੋਟਲਾ)
ਸੰਪਰਕ:- 81980-95028.