(ਸਮਾਜ ਵੀਕਲੀ)
ਇਹ ਬੇਲਿਹਾਜ਼ ਡਾਢਾ ਲਗਦੈ ਅਜ਼ਾਬ ਦਰਪਣ
ਜਦ ਤੋੜ ਸੁੱਟਦਾ ਏ ਸਾਰੇ ਹੀ ਖ਼ਾਬ ਦਰਪਣ
ਮੇਰੇ ਲਈ ਤਾਂ ਗੁਲਸ਼ਨ ਰੰਗੀਨ ਹੋ ਗਿਆ ਹੈ
ਡੁਲਦੀ ਦਿਖਾ ਰਿਹਾ ਏ ਨੈਣੋਂ ਸ਼ਰਾਬ ਦਰਪਣ
ਖੁਦ ਨੂੰ ਮੁਖੌਟਿਆਂ ਦੇ ਪਿੱਛੇ ਲੁਕਾ ਲਵੇਂਗਾ
ਫ਼ਿਰ ਵੀ ਤਾਂ ਲਾਹ ਦਵੇਗਾ ਰੂਹ ਤੋਂ ਨਕਾਬ ਦਰਪਣ
ਦਿਲ ਦੀ ਕਲੀ ਖਿੜੇਗੀ ਫਿਰ ਤੋਂ ਹੁਸੀਨ ਹੋ ਕੇ
ਨੈਣੀਂ ਸਜਾ ਗਿਆ ਏ ਸੋਹਣਾ ਖ਼ੁਆਬ ਦਰਪਣ
ਰੱਖੀ ਹੈ ਸੀਨਿਆਂ ਵਿਚ ਅੰਤਾਂ ਦੀ ਅੱਗ ਭਾਵੇਂ
ਵਗਦਾ ਦਿਖਾ ਰਿਹਾ ਹੈ ਐਪਰ ਚਨਾਬ ਦਰਪਣ
ਮਾਲੀ ਵੀ ਆਖਦੈ “ਮਨ” ਬੇਵੱਸ ਹੋ ਗਿਆ ਹਾਂ
ਖਾਰਾਂ ਨੂੰ ਆਖ ਦੇਵੇ ਖਿੜਿਆ ਗੁਲਾਬ ਦਰਪਣ
ਮਨ ਮਾਨ