ਗ਼ਜ਼ਲ

(ਸਮਾਜ ਵੀਕਲੀ)

 

ਜਿਹੜੀ ਅੱਖਰਾਂ ਦੇ ਵਿੱਚ ਢਾਲੀ ਐ।
ਗੱਲ ਸੱਜਣਾ ‘ਉਹ’ ਸਮਝਣ ਵਾਲੀ ਐ।

ਏਹੇ ਇਸ਼ਕ ਹੈ ਅੱਗ ਜਹੱਨਮ ਦੀ,
ਏਹੋ ਇਸ਼ਕ ਬਹਿਸ਼ਤ ਦਾ ਮਾਲੀ ਐ।

ਉਹਦੀ ਕਿਸਮਤ ਦੇ ਵਿਚ ਵਸਲ ਨਹੀਂ,
ਜਿਹੜੀ ਰੀਝ ਅਸਾਂ ਨੇ ਪਾਲੀ ਐ।

ਸਾਡੇ ਚਾਂਵਾਂ ਦਾ ਅੰਬਰ ਸੁੰਨਾ ਏ,
ਤੇਰੀ *ਇਸ਼ਰਤ ਦਿੱਖ ਮਤਵਾਲੀ ਐ।

ਮੈਂ ਹੱਸਦਾਂ ਤਾਂ ਛਲਕਣ *ਅਸ਼ਕ ਮਿਰੇ,
ਮੈਂ ਕੱਲ੍ਹ ਧੀ ਖ਼ੁਸ਼ੀਆਂ ਦੀ ਉਧਾਲੀ ਐ।

ਰਾਤੀਂ ਹੱਥ ‘ਚ ਗਲਾਸੀ ਜਿੰਨ੍ਹਾਂ ਦੇ,
ਤੇਰੀ ‘ਸਮਝ’ ਉਨ੍ਹਾਂ ਦੀ ਥਾਲੀ ਐ।

ਓਥੇ ਕਿਸੇ ਨੇ ਹਿਫ਼ਾਜ਼ਤ ਕੀ ਕਰਨੀ,
ਜਿੱਥੇ ਪੰਡ ਚੋਰਾਂ ਤੋਂ ਕਾਹਲੀ ਏ।

ਸਾਡੀ ‘ਰਮਜ਼ ਕਦੇ ਨਾ ਸਮਝੇਂਗਾ,
ਅਸੀਂ ਰਮਜ਼ਾਂ ‘ਚ ਸੁਰਤ ਸੰਭਾਲੀ ਐ।

ਜੋ ਚੜ੍ਹਿਆ ਮਨ ਤੋਂ ਲਹਿ ਗਿਆ ਏ,
ਜਿਹੜਾ ਉੱਤਰਿਆ ਸੰਨ-ਸੰਤਾਲੀ ਐ।

ਸੁੰਨੇ ਘਰ ਨੂੰ ਜਿੰਦਰਾ ਨਹੀਂ ਲਗਦਾ,
ਸੁੰਨਾ ਘਰ, ਔਖੀ ਰਖਵਾਲੀ ਐ।

ਉਹ ਹਸੀਨ-ਜਮੀਲ ਜ਼ੁਲੈਖ਼ਾਂ ਬੀਬੀ,
ਹਜ਼ਰਤ ਯੂਸਫ਼ ਦਬੋਚਣ ਵਾਲੀ ਐ।

ਆਉਂਦਾ ਚੱਲਿਆ ਗੋਤ ਅਬਦਾਲਾਂ ਦਾ,
ਅਬਦਾਲ ਤੋਂ *ਲਕ਼ਬ ‘ਅਬਦਾਲੀ’ ਐ।

ਜਮੀਲ ‘ਅਬਦਾਲੀ’

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਔਰਤ
Next article“ਅੱਜ ਦੀ ਨਾਰੀ”