ਗ਼ਜ਼ਲ

(ਸਮਾਜ ਵੀਕਲੀ)

ਸਮੁੰਦਰ ਦੇ ਕਿਨਾਰੇ ਘਰ ਬਣਾਉਣਾ ਲੋਚਦੈਂ
ਮੈਂ ਆਢਾ ਝੱਖੜਾਂ ਦੇ ਨਾਲ ਲਾਉਣਾ ਲੋਚਦੈਂ।

ਜੋ ਮੇਰੀ ਸੋਚ ਦੀ ਪਰਵਾਜ਼ ਨੂੰ ਸੀਮਤ ਕਰੇ,
ਮੈਂ ਉਹ ਵਹਿਮਾਂ ਦੀ ਹਰ ਬੰਦਿਸ਼ ਹਟਾਉਣਾ ਲੋਚਦੈਂ।

ਮੇਰਾ ਬਾਪੂ ਵੀ ਕੁਝ ਸਿਰ ਨੂੰ ਉਠਾ ਕੇ ਜੀਅ ਸਕੇ,
ਮੈਂ ਉਸ ਦੇ ਸਿਰ ਤੋਂ ਸਭ ਕਰਜ਼ਾ ਚੁਕਾਉਣਾ ਲੋਚਦੈਂ।

ਜੋ ਮੈਨੂੰ ਛੱਡ ਗਏ ਤੇ ਚੇਤਿਆਂ ਵਿਚ ਰਹਿ ਗਏ,
ਉਨ੍ਹਾਂ ਨੂੰ ਮੈਂ ਵੀ ਹਰ ਹਾਲਤ ਭੁਲਾਉਣਾ ਲੋਚਦੈਂ।

ਇਹ ਪੈਸੇ ਨੇ ਭੁਲਾ ਕੇ ਰੱਖ ਦਿੱਤਾ ਪਿੰਡ ਨੂੰ,
ਮੈਂ ਅੱਕਿਆ ਸ਼ਹਿਰ ਦਾ ਹੁਣ ਪਿੰਡ ਆਉਣਾ ਲੋਚਦੈਂ।

ਕਿ ਮੈਨੂੰ ਅੰਤ ‘ਤੇ ਮਿਲ ਜਾਣ ਬੰਦੇ ਚਾਰ ਹੀ,
ਮੈਂ ਦਾਇਰਾ ਪਿਆਰ ਦਾ ਏਨਾ ਵਧਾਉਣਾ ਲੋਚਦੈਂ।

ਤਸੱਦਦ ਸਹਿ ਕੇ ਹਾਕਮ ਦੇ ਵੀ ਜੋ ਖਾਮੋਸ਼ ਨੇ,
ਮੈਂ ਉਹਨਾਂ ਮੁਰਦਿਆਂ ਵਿੱਚ ਜਾਨ ਪਾਉਣਾ ਲੋਚਦੈਂ।

ਬਿਸ਼ੰਬਰ ਅਵਾਂਖੀਆ

9781825255

ਪਿੰਡ/ਡਾ- ਅਵਾਂਖਾ, ਜ਼ਿਲ੍ਹਾ/ਤਹਿ- ਗੁਰਦਾਸਪੁਰ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਂ
Next articleਬਾਬਲਾ