(ਸਮਾਜ ਵੀਕਲੀ)
ਖੌਫ਼-ਯੁਦਾ ਕਿਉਂ ‘ਵਾਵਾਂ ਵਤਨ ਦੀਆਂ, ਘੁਲਿਐ ਜ਼ਹਿਰ ਫ਼ਿਜਾਵਾਂ ਵਿੱਚ
ਮੰਦਰ ਮਸਜਿਦ ਚਰਚ ਬੜੇ ਨੇ, ਫਿਰ ਕਿਉਂ ਨਾ ਅਸਰ ਦੁਆਵਾਂ ਵਿੱਚ
ਹਰ ਚੌਰਾਹੇ ਹਰ ਮੋੜ,ਗਲੀ, ਨਗ਼ਨ ਦਰੋਪਤ ਕੀਤੀ ਜਾਂਦੀ
ਚੁੱਪ ਹਕੂਮਤ ਅੰਨੀ ,ਬੋਲ਼ੀ , ਜੁਮਲੇ ਹੀ ਨੇ ਬਦਲਾਵਾਂ ਵਿੱਚ
ਔਰਤ ਰੂਪ ਸ਼ੁਸ਼ੋਭਤ ਕਰਕੇ, ਪੂਜ ਰਹੇ ਪੱਥਰ ਰੱਬ ਬਣਾ
ਘੋਰ ਤਸ਼ੱਦਦ ਘਰ ਦੇ ਅੰਦਰ,ਬਸ ਹੈ ਸਨਮਾਨ ਕਥਾਵਾਂ ਵਿੱਚ
ਮਹਿਮਾਨ ਸੁਰੱਖਿਅਤ ਨਹੀਂ ਕਿਧਰੇ, ਨਾ ਬੁਰਕੇ ਅੰਦਰ ਔਰਤ
ਭੇੜੀਏ ਨੋਚ ਅਵਾਰਾ ਜਾਂਦੇ, ਧੀਆਂ ਸਹਿਮਣ, ਡਰ ਮਾਂਵਾਂ ਵਿੱਚ
ਖ਼ੂੰਖਾਰ ਕਮੀਨਾ ਬੜਾ ਹੀ ਜਾਲਮ, ਸੋਚ ਘਨੌਣੀ ‘ਤੇ ਕਿਰਦਾਰ ਨਹੀਂ
ਤ੍ਸਕਾਰ ਕਰੇ ਜਨਮ ਦਵੇ ਜੋ , ਪੂਜੇ ਮਾਂ ਆਦਮ ਗਾਵਾਂ ਵਿੱਚ
ਐ ਡੇਰੇ ਦੇ ਵਿਉਪਾਰੀ ਰੱਖ, ਜੰਨਤ ਆਪਣੀ ਆਪਣੇ ਕਬਜ਼ੇ
ਜੰਨਤ ਮੇਰੀ ਮੇਰੇ ਕੋਲੇ , ਹੈ ਮਾਂ-ਪਿਉਂ ਦੀਆਂ ਦੁਆਵਾਂ ਵਿੱਚ
ਕੁੜੀਓ ਚਿੜੀਓ ਬਾਹਰ ਨਾ ਜਾਵੋ, ਜੇ ਉਡਨੈ ਤਾਂ ਬਾਜ਼ ਬਣੋ
ਸ਼ਿਕਰੇ ਫਿਰਦੇ ਚਾਰੋਂ ਤਰਫ਼ੀਂ, ਤਨ ਕਰਦੇ ਕਤਲ ਕਲਾਂਵਾਂ ਵਿੱਚ
ਨਾਮ ਤੁਖੱਲਸ ਯਾਰ ਅਧੂਰੇ,ਕਿਰਦਾਰ ਬਣਾ ‘ਤੇ ਜੀਵਨ ਜੀਅ
ਬਹਿਰ ਰੁਕਨ ਕੀ ਛੰਦ ਕਰੇਂਗਾ, ਜੇ ਅਰਥ ਨਹੀਂ ਕਵਿਤਾਵਾਂ ਵਿੱਚ
ਮਹਿਕਾਂ ਤਨ ਤੇ ਦੇਣ ਸੁਗੰਧਾਂ, ਲੀੜੇ ਲੱਤੇ ਪਾੜ ਲਏ ਖੁਦ
ਹੁਸਨ ਬਗ਼ਾਵਤ ਕਰਕੇ ਘੁੰਮੇ,ਪਰ ਫ਼ਸਿਐ ਇਸ਼ਕ ਧਰਾਵਾਂ ਵਿੱਚ
ਨੈਣ ਉਨੀਂਦੇ ਫ਼ਿਕਰਾਂ ਸਾੜੇ , ਬੇਵੱਸ ਜਵਾਨੀ ਭੁੱਖ਼ਾਂ ਮਾਰੀ
ਘੱਟਾ ਫ਼ੱਕਣ ਕੋਮਲ ਮੁੱਖੜੇ, ਕੀ ਹੋਣੇ ਕਤਲ ਅਦਾਵਾਂ ਵਿੱਚ
ਲੋਕਾਂ ਵਾਂਗੂੰ ਜੀਅ ਲੈਂਦੇ ਜੇ, ਚੰਗਾਂ ਸੀ ਐਸਪ੍ਸਤੀ ਕਰ
ਬੇ-ਅਰਥ ਗੁਆ ਲਿਆ ਜੀਵਨ “ਬਾਲੀ”, ਐਂਵੇਂ ਇਸ਼ਕ ਵਫਾਵਾਂ ਵਿੱਚ ।
ਬਲਜਿੰਦਰ ਸਿੰਘ “ਬਾਲੀ ਰੇਤਗੜੵ “
919465129168
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly