ਗ਼ਜ਼ਲ

  ਬਲਜਿੰਦਰ ਸਿੰਘ "ਬਾਲੀ ਰੇਤਗੜੵ"
(ਸਮਾਜ ਵੀਕਲੀ)
ਗੁਜ਼ਰ ਗਏ ਨੇ ਇਕ ਇਕ ਕਰਕੇ, ਵਾਂਗ ਮੁਸਾਫ਼ਿਰ ਸਾਲ ਕਿਵੇਂ !
ਛੱਡ ਗਏ ਓਹ ਜੋ ਤੁਰਦੇ ਸੀ, ਬਣ ਪਰਛਾਵਾਂ ਨਾਲ਼ ..ਕਿਵੇਂ ?
ਕੌਣ ਨਿਭਾਉਂਦੈ ਲਾ ਕੇ ਗਲ ਨੂੰ, ਰੁੱਤਾਂ ਵਰਗਾ ਜੀਵਨ ਇਹ
ਜੋ ਜੁਲਫ਼ਾਂ ਸੀ ਨਾਗਾਂ ਜਿਹੀਆਂ, ਧੌਲ਼ੇ ਹੋਏ ਵਾਲ ਕਿਵੇਂ
ਹੱਜ ਕਰਾਂ, ਡਰ ਤੀਰਥ ਨਾਹਵਾਂ, ਕਰਦਾਂ ਨਿੱਤ ਉਪਾਂਵਾਂ ਨੂੰ
ਖਿੱਚ ਲਿਜਾਂਦੈ ਦਿਨ ਦਿਹਾੜੇ, ਰੂਹ ਨੂੰ ਜਬਰੀਂ ਕਾਲ ਕਿਵੇਂ
ਨਾਲ਼ ਸਿਆਸਤ ਚਾਤੁਰ ਸ਼ਾਸਕ, ਬਣ ਕੇ ਨਾਦਰ ਲੁੱਟ ਰਿਹੈ
ਵਾਂਗ ਭਿਖ਼ਾਰੀ ਖੜਕਾ ਬੈਠੇ, ਉਸਦੇ ਆਖੇ ਥਾਲ਼ ਕਿਵੇਂ
ਰਾਝਾਂ ਕੋਈ ਮਿਰਜ਼ਾ ਹੋ ਜਾਂਦੈ , ਮਜਨੂੰ ਕਿੱਦਾਂ  ਦੱਸ ਦਿਓ
ਤਖਤ ਹਜ਼ਾਰਾ ਯਾਦ ਰਹੇ ਨਾ, ਕਰਦੈ ਹੁਸਨ ਕਮਾਲ਼ ਕਿਵੇਂ
ਫਿਰਦੌਸ਼ੀ ਮੈਂ ਵੀ ਹੋ ਜਾਵਾਂ,  ਮਾਂ- ਬੋਲੀ ਪੰਜਾਬੀ ਦਾ
ਦਿਨ ਰਾਤੀਂ ਸੋਚੀਂ ਜਾਨਾਂ ਮੈਂ, ਹੋਵਾਂ ਇਸਦਾ ਬਾਲ ਕਿਵੇਂ
ਮਿਸ਼ਰੀ ਤੋਂ ਮਿੱਠੀ ਮਮਤਾ ਮਾਰੀ, ਹੈ ਮਾਂ ਬੋਲੀ ਪੰਜਾਬੀ
ਲਾਲ਼ਾਂ ਚੱਟ ਪਿਆਰੇ ਇਸਦੀ, ਆਪ ਮੁਹਾਰੀ ਗਾਲ਼ ਕਿਵੇਂ
ਤੇਰਾ ਹੋ ਕੇ, ਹੋਰ ਕਿਸੇ ਦਾ, ਕਿੱਦਾਂ ਹੋ ਜਾਂ ਦੱਸ ਕਦੇ
ਅਲਜਬਰੇ ਵਾਗੂੰ ਉਲਝ ਗਿਐ, ਮੈਥੋਂ  ਯਾਰ ਸਵਾਲ ਕਿਵੇਂ
ਰਾਗਾਂ ਅੰਦਰ ਨਗ਼ਮੇ ਤੇਰੇ , ਲਿਖ ਗਾਏ ਦਿਲਬਰ ਮੈਂ ਤਾਂ
ਉਖੜੀ ਕਿੱਦਾਂ ਤੇਰੇ ਵਾਲੀ , ਬੇ-ਤਾਲੀ ਹੋ ਤਾਲ ਕਿਵੇਂ
ਜਦ ਹੁੰਦੀਆਂ ਕਲਮਾਂ ਬਾਗ਼ੀ , ਅੱਖਰ ਹੋਵਣ ਤੀਰ ਜਦੋਂ
ਬਣ ਬਣ “ਦੁੱਲੇ”ਵਾਰਨ ਜਾਨਾਂ, ਧਰਤੀ ਮਾਂ ਦੇ ਲਾਲ ਕਿਵੇਂ
ਰੋਸੇ ਸ਼ਿਕਵੇ ਕਰ ਕਰ “ਬਾਲੀ” , ਇਹ ਹੱਥੋਂ ਵਕਤ ਗੁਆ ਨਾ
ਵਖਤਾਂ ਨਾਲ਼ ਵਕਤ ਦੀ ਸੋਚੀਂ,  ਗਲ਼ਣੀ ਸੱਜਣ ਦਾਲ ਕਿਵੇਂ
              ਬਲਜਿੰਦਰ ਸਿੰਘ “ਬਾਲੀ ਰੇਤਗੜੵ “
                919465129168

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਛੱਡੋ ਅੱਜ ਤੋ ਕੌਲੀ ਚੱਟਣੀ
Next articleਸ਼ੁਭ ਸਵੇਰ ਦੋਸਤੋ