ਗ਼ਜ਼ਲ

ਅੰਜੂ ਸਾਨਿਆਲ
         (ਸਮਾਜ ਵੀਕਲੀ)  
ਕੀ ਕਰੀਏ ਕੀ ਕਰੀਏ ਬਦਮਾਸ਼ਾਂ ਗੱਦਾਰਾਂ ਦਾ।
ਪਾ ਕੇ ਚੋਲਾ ਬੈਠੇ ਨੇ ਜੋ ਪਹਿਰੇਦਾਰਾਂ ਦਾ ।
ਓਹੀ ਧੱਕੇ ਸ਼ਾਹੀ ਨਾਲ ਹਕੂਮਤ ਕਰਦਾ ਏ
ਜਿਹਦੇ ਸਿਰ ‘ਤੇ ਦੂਸ਼ਨ ਲੱਗਿਆ ਹੈ ਵਿਭਚਾਰਾਂ ਦਾ
ਫੋਟੋਆਂ ਖਿੱਚ ਕੇ ਅਖ਼ਬਾਰਾਂ ਵਿੱਚ ਖ਼ਬਰ ਲਵਾਉਂਦੇ ਨੇ,
ਢੋਂਗ ਰਚਾਉਂਦੇ ਪੁੱਛਣ ਜਾਂਦੇ ਹਾਲ ਬਿਮਾਰਾਂ ਦਾ।
ਪਤਾ ਨਹੀਂ ਕਿਉਂ ਛਾਂਗ ਰਿਹਾ  ਫਲਿਹਾਰੇ  ਬੂਟੇ ਨੂੰ,
ਦੁਸ਼ਮਣ ਬਣਿਆ ਬੈਠਾ ਏ ਸਾਂਝਾਂ ਸਤਿਕਾਰਾਂ ਦਾ।
ਸੱਚ ਦਾ ਪਹਿਰੇਦਾਰ ਜੋ ਲਿਖਦਾ ਸੱਚੀਆਂ ਗੱਲਾਂ ਨੂੰ,
ਉਸ ਨੂੰ ਢਾਹ ਨ੍ਹੀਂ ਸਕਦਾ ਜੀ ਉਸਤਾਦ ਹਜ਼ਾਰਾਂ ਦਾ।
ਅੰਦਰ ਝਾਤ ਨਾ ਮਾਰਨ, ਉੰਝ ਚੁਫੇਰੇ ਤੱਕਦੇ ਜੋ,
ਉਹ ਗੁੰਮ ਜਾਂਦੇ ਅਕਸਰ ਲੱਭਦੇ ਰਾਹ ਗੁਲਜ਼ਾਰਾਂ ਦਾ।
ਝੂਠੇ ਪੈਰੋਕਾਰ ਜੋ ਤਗਮੇ ਲੈਣਾ ਚਾਹੁੰਦੇ ਨੇ
ਪੱਖ ਕਦੇ ਨਾ ਲੈਂਦੇ ਦੇਖੇ ਉਹ ਖ਼ੁੱਦਦਾਰਾਂ ਦਾ।
ਸਾਥ ਨਿਭਾਉਂਦਾ ‘ਅੰਜੂ’ ਰਾਂਝਣ ਮਾਹੀ, ਐਪਰ ਉਹ
ਲੇਖਾ ਜੋਖਾ ਕਦੇ ਨਾ ਕਰਦਾ ਜਿੱਤਾਂ ਹਾਰਾਂ ਦਾ।
ਅੰਜੂ ਸਾਨਿਆਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article*ਨਿਊਜ਼ੀਲੈਂਡ ਵਿੱਚ ਲੋਕ ਘਰਾਂ ਵਿੱਚ ਰੱਖਣੇ ਹਨ ਜਾਂ ਬੇਘਰ ਕਰਨੇ ਹਨ?*
Next articleਵੇ ਚੰਨਾ