ਗ਼ਜ਼ਲ

 ਸੁਰਜੀਤ ਸਿੰਘ ‘ਲਾਂਬੜਾ

(ਸਮਾਜ ਵੀਕਲੀ)            

ਤਪਸ਼ਾਂ ਦੇ ਬਿਨ ਬਰਫ਼ਾਂ ਨੇ ਕਦ ਬਣ ਪਾਣੀ ਵਗ ਤੁਰਨਾ ਸੀ।

ਬਿਨ ਪਾਣੀ ਦੇ ਰੇਤਾ, ਪੱਥਰ ਦੂਰ ਤਕ ਨਹੀਂ ਰੁੜ੍ਹਨਾ ਸੀ।
ਬਿਹਬਲ ਨਦੀਆਂ ਦਾ ਪਾਣੀ ਜੇ ਸਾਗਰ ਵੱਲ ਭੱਜਦਾ ਨਾ,
ਖੜੇ-ਖੜੋਤੇ ਕੰਢਿਆਂ ਵੀ ਨਾ ਆਪ-ਮੁਹਾਰੇ ਖੁਰਨਾ ਸੀ।
ਕੁਦਰਤ ਦੇ ਬੁਲਡੋਜ਼ਰ ਅੱਗੇ ਜ਼ੋਰ ਕਿਸੇ ਦਾ ਚੱਲਦਾ ਨਹੀਂ,
ਸ਼ਬਜ਼ ਵਾਦੀਆਂ ਨਾਲੋਂ ਚੰਗਾ ਹੋਰ ਕਿਹੜਾ ਦਸ ਘੁਰਨਾ ਸੀ।
ਘੋਖਣ ਦੀ ਜੇ ਲੋੜ ਨਾ ਹੁੰਦੀ ਲਿਖੀ ਹੋਈ ਹਰ ਰਚਨਾ ਨੂੰ,
ਮਹਿਫ਼ਲ ਦੇ ਵਿਚ ਆ ਕੇ ਆਪਾਂ ਏਸ ਤਰ੍ਹਾਂ ਕਦ ਜੁੜਨਾ ਸੀ।
ਹਰ ਇਕ ਪੰਛੀ ਵਾਪਸ ਮੁੜਿਆ ਜਦ ਸ਼ਾਮਾਂ ਪੈ ਗਈਆਂ ਸਨ,
ਰਾਤ ਗੁਜ਼ਾਰਨ ਦੇ ਲਈ ਆਖ਼ਰ ਮੈਂ ਵੀ ਤਾਂ ਘਰ ਮੁੜਨਾ ਸੀ।
ਲੋਕੀਂ ਆਖਣ ਸ਼ਾਇਰ ‘ਲਾਂਬੜਾ’ ਕੀਕਣ ਗ਼ਜ਼ਲਾਂ ਲਿਖਦਾ ਹੈ,
ਸ਼ਬਦਾਂ ਅੰਦਰ ਢਾਲ ਲਿਆ ਜੋ ਮਨ ਵਿਚ ਫੁਰਿਆ ਫੁਰਨਾ ਸੀ।
   ਸੁਰਜੀਤ ਸਿੰਘ ‘ਲਾਂਬੜਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੈਸਿਆਂ ਦੇ ਭੁੱਖੇ
Next article ‘ਸਾਇੰਸਦਾਨਾਂ ਨੂੰ ਮੁਬਾਰਕਾਂ’