ਗ਼ਜ਼ਲ

ਜਗਦੀਸ਼ ਰਾਣਾ
(ਸਮਾਜ ਵੀਕਲੀ)
ਸੁਣੋ ਹਾਕਮੋਂ ! ਨਾ ਗ਼ੁਲਾਮੀ ਹੈ ਸਹਿਣੀ,
ਗ਼ੁਲਾਮੀ ਦੇ ਸੰਗਲ ਤੁੜਾ ਕੇ ਰਹਾਂਗੇ।
ਅਸੀਂ ਹਰ ਜਗ੍ਹਾ ਰੌਸ਼ਨੀ ਹੈ ਫ਼ੈਲਾਉਣੀ,
ਅਸੀਂ ਨੇਰ੍ਹਿਆਂ ਨੂੰ ਹਰਾ ਕੇ ਰਹਾਂਗੇ।
ਤੁਸੀਂ ਬੇਬਸਾਂ ਤੇ ਬੜੇ ਜ਼ੁਲਮ ਕੀਤੇ,
ਖ਼ਰੇ ਕਿਉਂ ਉਹ ਸਹਿੰਦੇ ਰਹੇ ਚੁੱਪ ਕਰ ਕੇ ?
ਭਰਾਂਗੇ ਇਵੇਂ ਜੋਸ਼ ਸਹਿਮੇ ਦਿਲਾਂ ਵਿਚ,
ਅਸੀਂ ਡਰ ਤੁਹਾਡਾ ਮਿਟਾ ਕੇ ਰਹਾਂਗੇ।
ਅਮੀਰਾਂ ਦੀ ਯਾਰੀ ਤੁਹਾਨੂੰ ਮੁਬਾਰਕ,
ਰਹਾਂਗੇ ਗ਼ਰੀਬਾਂ ਦੇ ਸਾਥੀ ਅਸੀਂ ਤਾਂ,
ਲੜਾਂਗੇ ਹਰਿਕ ਘੋਲ਼ ਇਹਨਾਂ ਦੀ ਖ਼ਾਤਰ,
ਇਨ੍ਹਾਂ ਨੂੰ ਅਸੀਂ ਹੱਕ ਦੁਆ ਕੇ ਰਹਾਂਗੇ।
ਕਿਨ੍ਹੇਂ ਡੋਬਿਆ ਹੈ ਸਫ਼ੀਨਾ ਅਸਾਡਾ,
ਮਲਾਹਾਂ ਦੇ ਸਿਰ ਦੋਸ਼ ਮੜ੍ਹਿਆ ਹੈ ਕਿਸ ਨੇ ?
ਕਹੀ ਜਾਣ ਕੁਝ ਵੀ ਗਵਾਹ ਸਾਰੇ ਭਾਵੇਂ,
ਸੱਚਾਈ ਤਾਂ ਮੂਹਰੇ ਲਿਆ ਕੇ ਰਹਾਂਗੇ।
ਤੂਫ਼ਾਨਾਂ ਨੂੰ ਠੱਲ੍ਹਣਾਂ ਅਸੀਂ ਜਾਣਦੇ ਹਾਂ,
ਅਸੀਂ ਸਾਗਰਾਂ ਦੇ ਵੀ ਬੰਨ੍ਹੇ ਨੇ ਪਾਣੀ,
ਮਿਟਾਉਣਾ ਜੋ ਚਾਹੁੰਦਾ ਹੈ ਹਸਤੀ ਅਸਾਡੀ,
ਅਸੀਂ ਹੋਂਦ ਉਸ ਦੀ ਮਿਟਾ ਕੇ ਰਹਾਂਗੇ।
ਇਹ ਧਰਤੀ ਅਸਾਨੂੰ ਹੈ ਮਾਂ ਦੇ ਬਰਾਬਰ,
ਕਦੇ ਗੰਧਲਾ ਹੋਣ ਦੇਣਾ ਨਾ ਇਸ ਨੂੰ,
ਅਸੀਂ ਜ਼ਹਿਰ ਘੋਲਣ ਕਿਸੇ ਨੂੰ ਨਾ ਦੇਣਾ,
ਇਧਾ ਪੌਣ-ਪਾਣੀ ਬਚਾ ਕੇ ਰਹਾਂਗੇ।
ਸਮੇਂ ਦਾ ਜੋ ਹਾਕਮ ਹੈ ਅੰਨ੍ਹਾ ਤੇ ਬੋਲ਼ਾ,
ਨਾ ਦੇਖੇ ਨਾ ਸੁਣਦਾ ਲੋਕਾਈ ਦਾ ਦੁੱਖੜਾ,
ਸੁਣਾਉਂਦਾ ਹੈ ਅਪਣੇ ਹੀ ਮਨ ਦੀ ਸਦਾ ਉਹ,
ਅਸੀਂ ਉਸ ਨੂੰ ਅਪਣੀ ਸੁਣਾ ਕੇ ਰਹਾਂਗੇ।
ਇਹ ਧਰਤੀ ਇਹ ਅੰਬਰ ਇਨ੍ਹਾਂ ਵਾਸਤੇ ਵੀ,
ਉਡਾਰੀ ਹੈ ਤੌਫ਼ੀਕ ਰੱਬ ਦੀ ਇਨ੍ਹਾਂ ਨੂੰ,
ਜੋ ਕੈਦੀ ਬਣਾਏ ਚਿਰਾਂ ਤੋਂ ਤੂੰ ਜ਼ਾਲਿਮ,
ਪਰਿੰਦੇ ਛੁਡਾ ਕੇ, ਉਡਾ ਕੇ ਰਹਾਂਗੇ।
ਹੈ ਨਸ਼ਿਆਂ ਨੇ ਖਾਧੀ ਜਵਾਨੀ ਵਤਨ ਦੀ,
ਤਾਂ ਹੀ ਪੌਣ ਸੋਗ਼ੀ ਹੈ ‘ਰਾਣੇ’ ਚਮਨ ਦੀ,
ਬਦੀ ਜਿੱਤ ਰਹੀ ਹੈ ਹਰਿਕ ਤਰਫ਼ ਭਾਵੇਂ,
ਅਸੀਂ ਹਰ ਬਦੀ ਨੂੰ ਹਰਾ ਕੇ ਰਹਾਂਗੇ।
ਜਗਦੀਸ਼ ਰਾਣਾ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗ਼ਜ਼ਲ
Next article    ਸ਼ੇਅਰ