(ਸਮਾਜ ਵੀਕਲੀ)
ਜੋ ਹੋ ਰਿਹੈ,ਏਦਾਂ ਕਿਨ੍ਹੇਂ ਸੀ ਸੋਚਿਆ ।
ਹਰ ਸਖ਼ਸ਼ ਇਕ ਦੂਜੇ ਨੂੰ ਏਹੋ ਕਹਿ ਰਿਹਾ।
ਕਾਨੂੰਨ ਤੇ ਉਂਗਲ ਉਠਾਵਾਂ ਕਿਉਂ ਨਾ ਮੈਂ ?
ਮਕਤੂਲ ਨੂੰ ਕਾਤਿਲ ਜਿਨ੍ਹੇਂ ਗਰਦਾਨਿਆ।
ਇਨਸਾਫ਼ ਦੀ ਨਾ ਆਸ ਰੱਖ ਇਸ ਦੌਰ ਵਿਚ,
ਇਨਸਾਫ਼ ਦਾ ਹਰ ਦੇਵਤਾ ਖ਼ੁਦ ਸਹਿਮਿਆ।
ਅਰਬਾਂ ਚੁਰਾਏ ਜੇਸ,ਉਹ ਨਾ ਚੋਰ, ਜਿਸ
ਰੋਟੀ ਚੁਰਾਈ,ਚੋਰ ਉਸ ਨੂੰ ਆਖਿਆ।
ਫ਼ਤਵੇ ਤੁਰੇ ਹਨ, ‘ਸਿਰ ਕਲਮ ਉਸ ਦਾ ਕਰੋ’,
ਉਸ ਦਾ ਗੁਨਾਹ ਹੈ ਸੱਚ ਉਸ ਨੇ ਬੋਲਿਆ।
‘ਹਾਲਾਤ ਨਾਜ਼ੁਕ ਮੁਲਕ ਦੇ’ ਇਹ ਸੁਣਦਿਆਂ,
ਬੀਤੇ ਵਰ੍ਹੇ ਪੰਜਾਹ ਨਹੀਂ ਕੁਝ ਬਦਲਿਆ।
ਚਰਚਾ ਛਿੜੀ ਹਰ ਤਰਫ਼ ਹੀ ਇਸ ਗੱਲ ਦੀ,
ਹੈ ਸ਼ਿਕਰਿਆਂ ਨੂੰ ਘੁੱਗੀਆਂ ਲਲਕਾਰਿਆ।
ਪੁੰਨਿਆ ਨਹੀਂ ਰਹਿੰਦੀ ਸਦਾ, ਜੇਕਰ ਤਾਂ ਫਿਰ,
ਇਹ ਯਾਦ ਰੱਖ ਰਹਿਣੀ ਸਦਾ ਨਾ ਮੱਸਿਆ।
ਖ਼ੁਦ ਨੂੰ ਜਲਾ ਕੇ ਰੌਸ਼ਨੀ ਕੀਤੀ ਜਿਨ੍ਹੇਂ,
ਐ ‘ਰਾਣਿਆ’ ਉਸ ਨੇਰ੍ਹ ਅਪਣਾ ਮੇਟਿਆ ।
ਜਗਦੀਸ਼ ਰਾਣਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly