ਗ਼ਜ਼ਲ 

ਮੱਖਣ ਸੇਖੂਵਾਸ

(ਸਮਾਜ ਵੀਕਲੀ)

ਬਿਨਾਂ ਮਤਲਬ ਕਿਸੇ ਦੇ ਨਾਲ਼ ਕਿਹੜਾ ਗੁਫ਼ਤਗੂ ਕਰਦੈ।
ਨਾ ਹੋਵੇ ਹੁਸਨ ਜੇ ਹਾਵੀ ਤਾਂ ਕਿਹੜਾ ਆਰਜ਼ੂ ਕਰਦੈ।
ਤਲੀ ਤੇ ਜਾਨ ਰਖਦੈ ਜੋ ਨਹੀਂ ਡਰਦਾ ਕਿਸੇ ਸੂਰਤ,
ਉਹ ਬਿਖੜੇ ਪੈਂਡਿਆਂ ਤੋਂ ਹੀ ਸਫ਼ਰ ਅਪਣਾਂ ਸ਼ੁਰੂ ਕਰਦੈ।
ਮੇਰੇ ਵਰਗੇ ਨੂੰ ਹੀਰੇ ਦੀ ਤੇ ਕੱਚ ਦੀ ਪਰਖ਼ ਹੈ ਕਿੱਥੇ,
ਕਿਸੇ ਹੀਰੇ ਤੇ ਕੱਚ ਦੀ ਪਰਖ਼ ਵਿਰਲਾ ਪਾਰਖੂ ਕਰਦੈ।
ਜਦੋਂ ਤੀਕਣ ਇਹ ਚੱਲਣੇ ਸਾਹ, ਨਾ ਮੁੱਕਣੇ ਕੰਮ ਦੁਨੀਆਂ ਦੇ,
ਹਰਿਕ ਬੰਦੇ ਨੂੰ ਉਹਦਾ ਅੰਤ ਆਖ਼ਿਰ ਸੁਰਖੁਰੂ ਕਰਦੈ।
ਗਰੀਬੀ ਵੀ ਸਿਆਸਤ ਦੀ ਹੀ ਸਾਰੀ ਦੇਣ ਹੈ ਯਾਰੋ ,
ਹਮਾਤੜ ਏਸ ਨੂੰ ਸਮਝੇ ਕਿ ਇਹ ਵਾਹੇਗੁਰੂ ਕਰਦੈ।
ਨਾ ਜਾਣੇਂ ਕਿਉਂ ਹੈ ਪ੍ਰਚੱਲਤ ਕਹਾਵਤ ਇਹ ਚੁਫੇਰੇ ਹੀ,
ਦਗ਼ਾ ਕਰਦੈ ਜਦੋਂ ਕਿਧਰੇ ਵੀ ਅਪਣਾ ਹੀ ਲਹੂ ਕਰਦੈ।
ਮੈਂ ਅਪਣੇ ਆਪ ਤੇ ਹਸਣਾਂ ਨਹੀਂ ਭੁੱਲਦਾ ਕਦਾਚਿਤ ਵੀ ,
ਸਦਾ ਬੇਹਾਲ ਮੈਨੂੰ ਓਸ ਦਾ ਹਰ ਅੱਥਰੂ ਕਰਦੈ।
ਨਾ ਦਿੱਸੇ ਓਸ ਦੀ ਸੂਰਤ ਨਾ ਲੱਭੇ ਥਹੁ ਟਿਕਾਣਾ ਹੀ,
ਖ਼ੁਦਾ ਜਾਣੇਂ ਉਹ ਕਿਸਨੂੰ ਕਦ ਤੇ ਕਿੱਦਾਂ ਰੂਬਰੂ ਕਰਦੈ।
ਤੇਰੀ ਇੱਕ ਇੱਕ ਅਦਾ ਤੋਂ ਹੈ ਨਿਛਾਵਰ ਦਿਲ ਮੇਰਾ ‘ਮੱਖਣਾਂ’ ,
ਸਵੇਰੇ ਸ਼ਾਮ ਮੇਰਾ ਦਿਲ ਤੇਰੀ ਹੀ ਜੁਸਤਜੂ ਕਰਦੈ।
            ਮੱਖਣ ਸੇਖੂਵਾਸ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾਵਾਂ
Next articleਨਜ਼ਮ    ( ਮਨੀਪੁਰ ਕਾਂਡ)