ਗ਼ਜ਼ਲ

ਅੰਜੂ ਸਾਨਿਆਲ

(ਸਮਾਜ ਵੀਕਲੀ)

 

ਲੱਭ ਜਾਵਣ ਜਦ ਨਜ਼ਰਾਂ ਨੂੰ ਨਜ਼ਰਾਂ ਹਾਣ ਦੀਆਂ
ਤਾਂ ਫਿਰ ਅੱਖੀਆਂ, ਅੱਖੀਆਂ ਦੀ ਰਮਜ਼ ਪਛਾਣਦੀਆਂ।

ਦੁਨੀਆਂ ਦੇ ਵਿੱਚ ਗੱਲ ਕੋਈ ਗੁੱਝੀ ਰਹਿੰਦੀ ਨਾ
ਸੁਣਿਆ ਜੱਗ ਦੀਆਂ ਨਜ਼ਰਾਂ ਸਭ ਕੁਝ ਜਾਣ ਦੀਆਂ।

ਮੁਟਿਆਰ ਪਟੋਲਾ ਬਣ ਕੇ ਘਰ ਤੋਂ ਨਿਕਲੇ ਜਦ,
ਕਰ ਕਰ ਗੱਲਾਂ ਬੁੱਢੀਆਂ ਨੇ ਮੌਜਾਂ ਮਾਣ ਦੀਆਂ।

ਨੀਂ ਕੁੜੀਓ! ਸੌੜੀ ਸੋਚ ਦੇ ਅੱਗੇ ਝੁਕਿਓ ਨਾ,
ਤਿੱਖੀਆਂ ਨੋਕਾਂ ਬਣ ਜਾਇਓ ਨੀਂ ! *ਬਾਣ ਦੀਆਂ ।

ਛੱਡ ਤਹਿਜ਼ੀਬ ਦਾ ਪੱਲਾ ਵੱਧਣਾ ਵੀ ਕੀ ਵੱਧਣਾ,
ਕਰਨੀਆਂ ਕੀ ਨੇ ਬੁੱਕਾਂ ਭਰ ਕੇ ਭਾਣ ਦੀਆਂ ।

ਸੰਜਮ ਵਿੱਚ ਨਾ ਰਹਿੰਦੀ, ਅੱਥਰੀ ਹੋਈ ਜਵਾਨੀ,
ਸਿਰ ‘ਤੇ ਚੁੱਕੀ ਫਿਰਦੀ ਪੰਡਾਂ ਘਸਮਾਣ ਦੀਆਂ ।

ਵਕਤ ਜੇ ਨਾਚ ਨਚਾਵੇ ਤਾਂ ਨੱਚਣਾ ਪੈਂਦਾ ਹੈ,
ਹਨ ਮੌਲਾ਼ ਹੱਥ ਲਗਾਮਾਂ ਇੱਜ਼ਤ-ਮਾਣ ਦੀਆਂ।

‘ਅੰਜੂ’ ਸਹਿਜ ਸਿਆਣਪ ਆਉਂਦੀ ਜਦ ਬੰਦੇ ਨੂੰ,
ਔਖੀਆਂ ਘੜੀਆਂ ਵੀ ਹਿੰਮਤ ਫੇਰ ਪਛਾਣਦੀਆਂ।

ਅੰਜੂ’ ਸਾਨਿਆਲ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਐ ਜਿੰਦਗੀ ਇੱਕ ਖੁੱਲ੍ਹੀ ਕਿਤਾਬ ਹਾਂ ਮੈਂ