ਘਨੌਲੀ: ਠੇਕਾ ਮੁਲਾਜ਼ਮਾਂ ਦੇ ਮਨ ’ਤੇ ਵੱਜਣ ਲੱਗੀ ਥਰਮਲ ਤੋੜਨ ਵਾਲੇ ਮਜ਼ਦੂਰਾਂ ਦੇ ਹਥੌੜਿਆਂ ਦੀ ਸੱਟ

ਘਨੌਲੀ (ਸਮਾਜ ਵੀਕਲੀ):   ਂਿਇਥੇ ਗੁਰੂ ਗੋਬਿੰਦ ਸੁਪਰ ਥਰਮਲ ਪਲਾਂਟ ਦੇ ਸਥਾਈ ਤੌਰ ’ਤੇ ਬੰਦ ਕੀਤੇ ਇੱਕ ਅਤੇ ਦੋ ਨੰਬਰ ਯੂਨਿਟਾਂ ਨੂੰ ਢਾਹੇ ਜਾਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਅਤੇ ਥਰਮਲ ਦੇ ਯੂਨਿਟਾਂ ਨੂੰ ਤੋੜਨ ਵਾਲੇ ਮਜ਼ਦੂਰਾਂ ਦੇ ਹਥੌੜਿਆਂ ਦੀ ਸੱਟ ਇੱਥੇ ਵੱਖ ਵੱਖ ਕੰਪਨੀਆਂ, ਸੁਸਾਇਟੀਆਂ ਤੇ ਠੇਕੇਦਾਰਾਂ ਅਧੀਨ ਠੇਕੇਦਾਰੀ ਸਿਸਟਮ ਅਧੀਨ ਕੰਮ ਕਰਦੇ ਕਾਮਿਆਂ ਦੇ ਮਨਾਂ ’ਤੇ ਵੱਜਣ ਲੱਗੀ ਹੈ। ਠੇਕਾ ਸਿਸਟਮ ਅਧੀਨ ਕੰਮ ਕਰਦੇ ਕਾਮਿਆਂ ਨੇ ਥਰਮਲ ਪਲਾਂਟ ਦੇ ਬਾਕੀ ਬਚੇ ਯੂਨਿਟਾਂ ਨੂੰ ਢਾਹੇ ਜਾਣ ਤੋਂ ਬਚਾਉਣ ਲਈ ਅੱਜ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਤੋਂ ਲੈ ਕੇ ਘਨੌਲੀ ਬੱਸ ਸਟੈਂਡ ਤੱਕ ਰੋਸ ਮਾਰਚ ਕੱਢਦਿਆਂ ਹੋਇਆਂ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਪਿੱਟ ਸਿਆਪਾ ਕੀਤਾ, ਜਿਸ ਵਿੱਚ ਮਜ਼ਦੂਰਾਂ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹੋਏ।

ਸਾਂਝਾ ਮੰਚ ਕੰਟਰੈਕਟਰ ਵਰਕਰਜ਼ ਯੂਨੀਅਨ ਦੀ ਅਗਵਾਈ ਅਧੀਨ ਕੀਤੇ ਗਏ ਪ੍ਰਦਰਸ਼ਨ ਦੌਰਾਨ ਜਗਰੂਪ ਸਿੰਘ ਲਹਿਰਾ, ਗੁਰਵਿੰਦਰ ਸਿੰਘ ਪੰਨੂ, ਬਲਿਹਾਰ ਸਿੰਘ ਕਟਾਰੀਆ , ਭਰਪੂਰ ਸਿੰਘ ਮਾਂਗਟ, ਗੁਰਦਿਆਲ ਸਿੰਘ ਭੰਗਲ, ਪ੍ਰਗਟ ਸਿੰਘ ਤੇ ਮਹਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਜਿੱਥੇ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਨੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਥਰਮਲ ਲਗਵਾਉਣ ਲਈ ਸਰਕਾਰੀ ਥਰਮਲ ਪਲਾਂਟਾਂ ਦੇ ਯੂਨਿਟ ਸਥਾਈ ਤੌਰ ’ਤੇ ਬੰਦ ਕਰਕੇ ਅਤੇ ਥਰਮਲ ਪਲਾਂਟਾਂ ਦੀ ਜ਼ਮੀਨ ਵੇਚਕੇ ਬਰਬਾਦੀ ਦਾ ਮੁੱਢ ਬੰਨ੍ਹ ਦਿੱਤਾ, ਉੱਥੇ ਕਾਂਗਰਸ ਦੀ ਸਰਕਾਰ ਨੇ ਵੀ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਸਮਝੌਤਿਆਂ ਨੂੰ ਰੱਦ ਨਹੀਂ ਕੀਤਾ, ਜਿਸ ਕਰਕੇ ਕਾਂਗਰਸ ਸਰਕਾਰ ਨੇ ਵੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੀ ਸਰਕਾਰ ਦੇ ਰਾਹ ਤੇ ਹੀ ਚੱਲਦਿਆਂ ਹੋਇਆਂ ਪ੍ਰਾਈਵੇਟ ਸੰਚਾਲਕਾਂ ਦੇ ਪਲਾਂਟ ਚਲਾਉਣ ਲਈ ਸਰਕਾਰੀ ਥਰਮਲ ਪਲਾਂਟ ਬੰਦ ਰੱਖਣ ਨੂੰ ਹੀ ਤਰਜੀਹ ਦਿੱਤੀ।

ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਕਾਂਗਰਸ ਸਰਕਾਰ ਨੇ ਵੀ ਠੇਕੇਦਾਰੀ ਸਿਸਟਮ ਅਧੀਨ ਕੰਮ ਕਰਦੇ ਕਾਮਿਆਂ ਨੂੰ ਪੱਕੇ ਕਰਨ ਦਾ ਲਾਰਾ ਹੀ ਲਗਾਈ ਰੱਖਿਆ। ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੁੱਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਵੀ ਥਰਮਲ ਪਲਾਂਟ ਦੇ ਕੱਚੇ ਕਾਮਿਆਂ ਨੂੰ ਪੱਕਾ ਕਰਨ ਬਾਰੇ ਸਵਾਲ ਪੁੱਛੇ ਗਏ ਸਨ ਪਰ ਉਹ ਵੀ ਵੀ ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਕੋਈ ਪੱਕਾ ਭਰੋਸਾ ਦੇਣ ਵਿੱਚ ਨਾਕਾਮਯਾਬ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਥਰਮਲ ਪਲਾਂਟ ਦੇ ਬਾਕੀ ਰਹਿੰਦੇ ਯੂਨਿਟਾਂ ਨੂੰ ਕਿਸੀ ਵੀ ਸੂਰਤ ਵਿੱਚ ਬੰਦ ਨਹੀਂ ਹੋਣ ਦੇਣਗੇ। ਉਨ੍ਹਾਂ ਰਾਜਨੀਤਿਕ ਪਾਰਟੀਆਂ ਤੋਂ ਮੰਗ ਕੀਤੀ ਕਿ ਉਹ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਥਰਮਲ ਦੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਅਤੇ ਸਰਕਾਰੀ ਥਰਮਲ ਪਲਾਂਟਾਂ ਦੇ ਯੂਨਿਟ ਪਹਿਲ ਦੇ ਆਧਾਰ ’ਤੇ ਚਲਾਉਣ ਦਾ ਲਿਖਤੀ ਵਾਅਦਾ ਕਰਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article5ਜੀ ਸਪੈਕਟ੍ਰਮ ਦੀ ਨਿਲਾਮੀ ਅਗਲੇ ਵਿੱਤੀ ਸਾਲ ਤੋਂ: ਕੇਂਦਰੀ ਵਿੱਤ ਮੰਤਰੀ
Next articleਚੰਡੀਗੜ੍ਹ ਨਗਰ ਨਿਗਮ ਵੱਲੋਂ ਸਾਲ 2022-23 ਲਈ 1723 ਕਰੋੜ ਰੁਪਏ ਦਾ ਬਜਟ ਪਾਸ