(ਸਮਾਜ ਵੀਕਲੀ)
ਇਹ ਦੁਨੀਆਂ ਰੰਗ ਬਿਰੰਗੀ ਇੱਥੇ ਰੰਗ ਬਿਰੰਗੇ ਨਜਾਰੇ ਆ
ਇਹ ਮੋਤੀ ਨੇ ਅਥਾਹ ਬੇਸ਼ਕੀਮਤੀ ਭਾਂਵੇ ਸਮੁੰਦਰੋਂ ਖਾਰੇ ਆ
ਮੁੱਲ ਇਹਨਾਂ ਦਾ ਦੱਸਣ ਜਿੰਨ੍ਹਾਂ ਦੁੱਖ ਦਿਲਾਂ ਚ ਪਾਲੇ ਹੁੰਦੇ ਨੇ
ਬੇਕਦਰਾਂ ਸੰਗ ਲਾ ਕੇ ਤਾਂ ਅਕਸਰ ਹੀ ਘਾਲੇ ਮਾਲੇ ਹੁੰਦੇ ਨੇ…..
ਬਹੁਤੇ ਤੰਨ ਤੋਂ ਲਾਉਂਦੇ ਨੇ ਰੂਹਾਂ ਨਾਲ ਲਾਉਂਦਾ ਕੋਈ ਕੋਈ
ਬਹੁਤੇ ਅੱਗ ਲਾਉਣ ਦੇ ਆਸਿ਼ਕ ਨੇ ਬੁਝਾਉਂਦਾ ਕੋਈ ਕੋਈ
ਝੂਠ ਚੜ੍ਹ ਸਟੇਜੀਂ ਨੱਚੇ ਤੇ ਸੱਚ ਦੇ ਮੂੰਹੀ ਲੱਗੇ ਤਾਲੇ ਹੁੰਦੇ ਨੇ
ਬੇਕਦਰਾਂ ਸੰਗ ਲਾ ਕੇ ਤਾਂ ਅਕਸਰ ਹੀ ਘਾਲੇ ਮਾਲੇ ਹੁੰਦੇ ਨੇ…..
ਹੱਥ ਜੋੜ ਸਮਰਥਨ ਮੰਗਦੇ ਨੇ ਜਦ ਸਮਾਂ ਹੁੰਦਾ ਹੈ ਵੋਟਾਂ ਦਾ
ਜਿੱਤ ਕੇ ਪੁੱਛਦੇ ਬਾਤ ਨਹੀਂ ਸਿੱਕਾ ਚੱਲਦਾ ਹੈ ਫਿਰ ਨੋਟਾਂ ਦਾ
ਅੱਖਾਂ ਉਹ ਦਿਖਾਉਂਦੇ ਆ ਜਿਨ੍ਹਾਂ ਲਈ ਸਮੇਂ ਗਾਲੇ ਹੁੰਦੇ ਨੇ
ਬੇਕਦਰਾਂ ਸੰਗ ਲਾ ਕੇ ਤਾਂ ਅਕਸਰ ਹੀ ਘਾਲੇ ਮਾਲੇ ਹੁੰਦੇ ਨੇ…..
ਯਾਰ ਕਰੀਬੀ ਧੋਖਾ ਦੇ ਜਾਂਦੇ ਗੱਲਾਂ ਆਮ ਅੱਜ ਹੋ ਗਈਆਂ
ਭਰਾ ਭਰਾ ਨੂੰ ਕਤਲ ਕਰੇ ਕਦਰਾਂ ਕੀਮਤਾਂ ਨੇ ਖੋ ਗਈਆਂ
ਆਪੋ ਵਿੱਚ ਰਿਹਾ ਪਿਆਰ ਨਹੀਂ ਜਿਵੇਂ ਕੀਤੇ ਢਾਲੇ ਹੁੰਦੇ ਨੇ
ਬੇਕਦਰਾਂ ਸੰਗ ਲਾ ਕੇ ਤਾਂ ਅਕਸਰ ਹੀ ਘਾਲੇ ਮਾਲੇ ਹੁੰਦੇ ਨੇ…..
ਬੇਈਮਾਨੀ ਰਿਸ਼ਵਤਖੋਰੀ ਤਾਂ ਸਟੇਟਸ ਸਿੰਬਲ ਹੋ ਗਏ ਆ
ਤੇ ਕਈ ਲੋਕ ਨਿੱਝਰਾ ਭੁੱਖਮਰੀ ਨਾਲ ਜਾਨਾਂ ਖੋ ਗਏ ਆ
ਦੱਸੋ ਕੀ ਡਿਜੀਟਲ ਹੈ ਹੋਇਆ ਜਵਾਬ ਨਾ ਬਾਹਲੇ ਹੁੰਦੇ ਨੇ
ਬੇਕਦਰਾਂ ਸੰਗ ਲਾ ਕੇ ਤਾਂ ਅਕਸਰ ਹੀ ਘਾਲੇ ਮਾਲੇ ਹੁੰਦੇ ਨੇ…..
ਲੇਖਕ:ਤਲਵਿੰਦਰ ਨਿੱਝਰ ਸਾਉਂਕੇ
ਮੋਬਾਇਲ: 9417386547
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly